ਪੀਲੀ ਪੱਤਰਕਾਰੀ ਦੇ ਨਾਂ;ਪੱਤਰਕਾਰੀ ’ਚ ਵੱਧ ਰਿਹਾ ਬਲੈਕਮੇਲਿੰਗ ਦਾ ਰੁਝਾਨ!
ਪੱਤਰਕਾਰੀ ਲੋਕਤੰਤਰ ਦਾ ਚੌਥਾ ਥੰਮ੍ਹ ਕਹੀ ਜਾਂਦੀ ਹੈ। ਇਸ ਦਾ ਮੁੱਖ ਕੰਮ ਸੱਤਾ ਦੇ ਸਾਹਮਣੇ ਸੱਚ ਰੱਖਣਾ, ਲੋਕਾਂ ਦੀ ਆਵਾਜ਼ ਬਣਨਾ ਅਤੇ ਸਮਾਜ ਵਿੱਚ ਵਾਪਰ ਰਹੀਆਂ ਘਟਨਾਵਾਂ ਦੀ ਨਿਰਪੱਖ ਤਸਵੀਰ ਲੋਕਾਂ ਤੱਕ ਪਹੁੰਚਾਉਣਾ ਹੈ। ਪਰ ਜਦੋਂ ਕਲਮ ਸੱਚ ਦੀ ਪਹਿਰੇਦਾਰ ਬਣਨ ਦੀ ਥਾਂ ਨਿੱਜੀ ਲਾਭ ਦਾ ਸਾਧਨ ਬਣ ਜਾਵੇ ਤਾਂ ਪੱਤਰਕਾਰੀ ਸਿਰਫ਼ ਆਪਣੀ ਭਰੋਸੇਯੋਗਤਾ ਹੀ ਨਹੀਂ ਗੁਆਉਂਦੀ, ਸਗੋਂ ਲੋਕਤੰਤਰ ਨੂੰ ਵੀ ਕਮਜ਼ੋਰ ਕਰਦੀ ਹੈ। ਅੱਜਕਲ੍ਹ ਪੱਤਰਕਾਰੀ ਤੋਂ ਲੋਕਾਂ ਦਾ ਭਰੋਸਾ ਉਠ ਗਿਆ ਹੈ। ਸੱਚ ਤੇ ਝੂਠ ਨਿਰਣਾ ਕਰਨਾ ਔਖਾ ਹੋ ਗਿਆ ਹੈ। ਇਹਨਾਂ ਸਮਿਆਂ ਵਿੱਚ ਕੁੱਝ ਕੁ ਪੱਤਰਕਾਰ ਹਨ, ਜਿਹੜੇ ਨੰਗੇ ਧੜ ਸਿਸਟਮ ਨਾਲ ਲੜਦੇ ਹਨ।
ਪੰਜਾਬੀ ਪੱਤਰਕਾਰੀ ਦਾ ਇਤਿਹਾਸ ਭਾਵੇਂ ਬਹੁਤ ਪੁਰਾਣਾ ਨਹੀਂ, ਪਰ ਇਹ ਮਾਣਮੱਤਾ ਅਤੇ ਸੰਘਰਸ਼ਮਈ ਰਿਹਾ ਹੈ। ਪੰਜਾਬ ਦੀ ਪੱਤਰਕਾਰੀ ਨੇ ਔਖੇ ਦੌਰ ਵੇਖੇ ਹਨ, ਸੱਤਾ ਦੇ ਦਬਾਅ ਸਹੇ ਹਨ ਅਤੇ ਕਈ ਪੱਤਰਕਾਰਾਂ ਨੇ ਆਪਣੀ ਜਾਨ ਜੋਖ਼ਮ ਵਿੱਚ ਪਾ ਕੇ ਸੱਚ ਲੋਕਾਂ ਸਾਹਮਣੇ ਲਿਆਂਦਾ ਹੈ। ਪਰ ਅੱਜ ਪੱਤਰਕਾਰੀ ਦੇ ਖੇਤਰ ਵਿੱਚ ਅਜਿਹੇ ਰੁਝਾਨ ਵੀ ਵਧ ਰਹੇ ਹਨ ਜੋ ਇਸ ਵਿਰਾਸਤ ਲਈ ਚਿੰਤਾ ਦਾ ਵਿਸ਼ਾ ਹਨ।
ਕਲਮ ਜਦੋਂ ਕਾਰੋਬਾਰ ਬਣ ਜਾਵੇ ਤਾਂ ਬੇਈਮਾਨੀ ਸ਼ੁਰੂ ਹੁੰਦੀ ਹੈ। ਅੱਜ ਮੁੱਠੀ ਭਰ ਅਜਿਹੇ ਲੋਕ ਵੀ ਪੱਤਰਕਾਰੀ ਦੇ ਖੇਤਰ ਵਿੱਚ ਦਿਖਾਈ ਦਿੰਦੇ ਹਨ ਜੋ ਪੱਤਰਕਾਰੀ ਨੂੰ ਲੋਕ ਸੇਵਾ ਦੀ ਥਾਂ ਰੁਤਬਾ, ਪਹੁੰਚ ਅਤੇ ਨਿੱਜੀ ਕਮਾਈ ਦਾ ਸਾਧਨ ਬਣਾ ਲੈਂਦੇ ਹਨ। ਕਿਸੇ ਦੀ ਖ਼ਬਰ ਛਾਪਣੀ ਜਾਂ ਰੋਕਣੀ, ਕਿਸੇ ਦੇ ਹੱਕ ਵਿੱਚ ਮਾਹੌਲ ਬਣਾਉਣਾ ਜਾਂ ਕਿਸੇ ਨੂੰ ਦਬਾਅ ਹੇਠ ਲਿਆਉਣਾ—ਜੇ ਇਹ ਸਭ ਪੱਤਰਕਾਰੀ ਦੇ ਨਾਂ ’ਤੇ ਹੋਣ ਲੱਗੇ ਤਾਂ ਇਹ ਪੱਤਰਕਾਰੀ ਨਹੀਂ ਰਹਿੰਦੀ।
ਇਹ ਵੀ ਸੱਚ ਹੈ ਕਿ ਅਜਿਹੇ ਲੋਕਾਂ ਦੀ ਗਿਣਤੀ ਭਾਵੇਂ ਘੱਟ ਹੋਵੇ, ਪਰ ਉਨ੍ਹਾਂ ਦੀਆਂ ਹਰਕਤਾਂ ਦਾ ਦਾਗ਼ ਸਾਰੇ ਪੱਤਰਕਾਰ ਭਾਈਚਾਰੇ ਦੇ ਮੱਥੇ ਲੱਗਦਾ ਹੈ। ਸਭ ਤੋਂ ਵੱਧ ਦੁੱਖ ਉਨ੍ਹਾਂ ਇਮਾਨਦਾਰ ਪੱਤਰਕਾਰਾਂ ਨੂੰ ਹੁੰਦਾ ਹੈ ਜਿਹੜੇ ਆਪਣੀ ਜ਼ਿੰਦਗੀ ਕਲਮ ਨੂੰ ਸਮਰਪਿਤ ਕਰਦੇ ਹਨ।
ਜਦੋਂ ਸੱਤਾ ਅਤੇ ਪੱਤਰਕਾਰੀ ਦਾ ਗਲਤ ਗਠਜੋੜ ਬਣ ਜਾਵੇ ਤਾਂ ਆਮ ਲੋਕਾਂ ਨੂੰ ਸਮਝ ਨਹੀਂ ਆਉਂਦੀ ਕਿ ਅਸਲੀਅਤ ਕੀ ਹੈ? ਪੱਤਰਕਾਰੀ ਦੀ ਗਿਰਾਵਟ ਲਈ ਸਿਰਫ਼ ਪੱਤਰਕਾਰਾਂ ਨੂੰ ਦੋਸ਼ੀ ਠਹਿਰਾਉਣਾ ਵੀ ਪੂਰਾ ਸੱਚ ਨਹੀਂ। ਸੱਤਾ ਅਤੇ ਮੀਡੀਆ ਦੇ ਇੱਕ ਹਿੱਸੇ ਵਿਚਕਾਰ ਬਣਿਆ ਗਲਤ ਗਠਜੋੜ ਵੀ ਇਸ ਸਮੱਸਿਆ ਦਾ ਵੱਡਾ ਕਾਰਨ ਹੈ।
ਜਦੋਂ ਸਿਆਸਤਦਾਨ ਨੂੰ ਆਪਣੀ ਬੱਲੇ-ਬੱਲੇ ਕਰਵਾਉਣ ਲਈ ਮੀਡੀਆ ਦੀ ਲੋੜ ਹੁੰਦੀ ਹੈ ਅਤੇ ਪੱਤਰਕਾਰ ਨੂੰ ਆਪਣੀ ਪਹੁੰਚ ਵਧਾਉਣ ਲਈ ਸਿਆਸਤਦਾਨ ਦੀ, ਤਾਂ ਦੋਵੇਂ ਇੱਕ-ਦੂਜੇ ਨੂੰ ਵਰਤਣ ਲੱਗਦੇ ਹਨ। ਨਤੀਜਾ ਇਹ ਨਿਕਲਦਾ ਹੈ ਕਿ ਲੋਕਾਂ ਦੀਆਂ ਸਮੱਸਿਆਵਾਂ ਖ਼ਬਰ ਨਹੀਂ ਰਹਿੰਦੀਆਂ ਅਤੇ ਆਗੂਆਂ ਦੀਆਂ ਸਰਗਰਮੀਆਂ ਖ਼ਬਰ ਬਣ ਜਾਂਦੀਆਂ ਹਨ।
ਜਿਹੜੇ ਪਿੰਡ ਵਿੱਚ ਪਾਣੀ ਨਹੀਂ, ਨੌਜਵਾਨ ਨੂੰ ਰੁਜ਼ਗਾਰ ਨਹੀਂ, ਸਕੂਲ ਵਿੱਚ ਅਧਿਆਪਕ ਨਹੀਂ, ਹਸਪਤਾਲ ਵਿੱਚ ਡਾਕਟਰ ਨਹੀਂ—ਉਹ ਮਸਲਾ ਅਕਸਰ ਛੋਟੀ ਖ਼ਬਰ ਬਣ ਜਾਂਦਾ ਹੈ। ਦੂਜੇ ਪਾਸੇ ਕਿਸੇ ਆਗੂ ਨੇ ਕਿਸੇ ਸਮਾਗਮ ਵਿੱਚ ਫੁੱਲਾਂ ਦਾ ਹਾਰ ਪਾ ਲਿਆ ਤਾਂ ਉਸ ਦੀਆਂ ਤਸਵੀਰਾਂ ਨਾਲ ਪੂਰਾ ਪੰਨਾ ਭਰ ਜਾਂਦਾ ਹੈ।
ਇਹ ਪੱਤਰਕਾਰੀ ਨਹੀਂ, ਖ਼ਬਰਾਂ ਦਾ ਬਾਜ਼ਾਰੀਕਰਨ ਹੈ।
ਅਖਬਾਰਾਂ ਵਿੱਚ ਐਡੀਸ਼ਨਾਂ ਦੀ ਦੌੜ ਅਤੇ ਖ਼ਬਰਾਂ ਨਾਲ ਕਾਗਜ਼ ਕਾਲੇ ਕਰਨ ਦਾ ਰੁਝਾਨ ਦਿਨੋਂ ਦਿਨ ਵਧ ਰਿਹਾ ਹੈ। ਹਰ ਸ਼ਹਿਰ ਅਤੇ ਇਲਾਕੇ ਲਈ ਵੱਖਰੇ ਐਡੀਸ਼ਨ ਕੱਢਣ ਨਾਲ ਸਥਾਨਕ ਪੱਤਰਕਾਰੀ ਨੂੰ ਇੱਕ ਪਾਸੇ ਮੌਕਾ ਮਿਲਿਆ ਹੈ, ਪਰ ਦੂਜੇ ਪਾਸੇ ਖ਼ਬਰਾਂ ਦੀ ਗਿਣਤੀ ਪੂਰੀ ਕਰਨ ਦਾ ਦਬਾਅ ਵੀ ਵਧਿਆ ਹੈ।
ਫਿਰ ਆਉਂਦੀ ਹੈ ਉਹ ਖ਼ਬਰ ਜਿਹੜੀ ਸਮਾਜ ਲਈ ਕੋਈ ਵੱਡਾ ਮਤਲਬ ਨਹੀਂ ਰੱਖਦੀ, ਪਰ ਕਿਸੇ ਆਗੂ, ਸੰਸਥਾ ਜਾਂ ਵਿਅਕਤੀ ਲਈ ਆਪਣੀ ਮਸ਼ਹੂਰੀ ਦਾ ਸਾਧਨ ਬਣ ਜਾਂਦੀ ਹੈ। ਅਖ਼ਬਾਰ ਨੂੰ ਇਸ਼ਤਿਹਾਰ ਮਿਲਦਾ ਹੈ, ਕਿਸੇ ਨੂੰ ਪ੍ਰਚਾਰ ਮਿਲਦਾ ਹੈ ਅਤੇ ਪਾਠਕ ਨੂੰ ਮਿਲਦਾ ਹੈ—ਖ਼ਬਰ ਦੇ ਨਾਂ ’ਤੇ ਬੇਲੋੜਾ ਸਮਾਨ।
ਆਮ ਤੌਰ ਤੇ ਚੋਣਾਂ ਵਿੱਚ ਪੱਤਰਕਾਰੀ ਦੀ ਅਸਲੀ ਪਰਖ ਹੁੰਦੀ ਹੈ। ਚੋਣਾਂ ਪੱਤਰਕਾਰੀ ਦੀ ਸਭ ਤੋਂ ਵੱਡੀ ਪਰਖ ਹੁੰਦੀਆਂ ਹਨ। ਇਸ ਸਮੇਂ ਪੱਤਰਕਾਰ ਦਾ ਕੰਮ ਕਿਸੇ ਉਮੀਦਵਾਰ ਨੂੰ ਜਿਤਾਉਣਾ ਜਾਂ ਹਰਾਉਣਾ ਨਹੀਂ, ਸਗੋਂ ਵੋਟਰ ਨੂੰ ਸਹੀ ਜਾਣਕਾਰੀ ਦੇਣਾ ਹੁੰਦਾ ਹੈ।
ਪਰ ਜਦੋਂ ਇੱਕੋ ਦਿਨ ਵੱਖ-ਵੱਖ ਉਮੀਦਵਾਰਾਂ ਦੇ ਹੱਕ ਵਿੱਚ ਬਣੀਆਂ ਤਿਆਰ ਖ਼ਬਰਾਂ ਵੱਖ-ਵੱਖ ਥਾਵਾਂ ਤੋਂ ਆਉਣ ਲੱਗਣ ਅਤੇ ਉਹਨਾਂ ਨੂੰ ਪੱਤਰਕਾਰੀ ਦਾ ਰੂਪ ਦੇ ਕੇ ਛਾਪਿਆ ਜਾਣ ਲੱਗੇ ਤਾਂ ਪਾਠਕ ਦੇ ਸਾਹਮਣੇ ਸਵਾਲ ਖੜ੍ਹਾ ਹੁੰਦਾ ਹੈ ਕਿ ਸੱਚ ਆਖ਼ਰ ਹੈ ਕਿੱਥੇ? ਮੀਡੀਆ ਦਾ ਕੰਮ ਲੋਕਾਂ ਲਈ ਫ਼ੈਸਲਾ ਕਰਨਾ ਨਹੀਂ; ਲੋਕਾਂ ਨੂੰ ਇੰਨੀ ਸਹੀ ਜਾਣਕਾਰੀ ਦੇਣੀ ਹੈ ਕਿ ਉਹ ਆਪਣਾ ਫ਼ੈਸਲਾ ਖ਼ੁਦ ਕਰ ਸਕਣ। ਕਿ ਸੱਚ ਕੀ ਹੈ, ਝੂਠ ਕੀ ਹੈ।
ਪੱਤਰਕਾਰ ਵੀ ਸ਼ੋਸ਼ਣ ਦਾ ਸ਼ਿਕਾਰ ਹੁੰਦਾ ਹੈ ਜਦੋਂ ਉਹ ਅਖ਼ਬਾਰ ਲਈ ਕੰਮ ਕਰਦਾ ਹੈ। ਇਸ ਸਾਰੀ ਸਮੱਸਿਆ ਦਾ ਇੱਕ ਹੋਰ ਪੱਖ ਵੀ ਹੈ ਜਿਸ ਬਾਰੇ ਘੱਟ ਗੱਲ ਹੁੰਦੀ ਹੈ। ਕਈ ਛੋਟੇ ਪੱਤਰਕਾਰਾਂ ਨੂੰ ਢੰਗ ਦੀ ਤਨਖ਼ਾਹ ਜਾਂ ਮਾਣਭੱਤਾ ਨਹੀਂ ਮਿਲਦਾ। ਉਹਨਾਂ ਤੋਂ ਪੂਰਾ ਸਮਾਂ ਕੰਮ ਲਿਆ ਜਾਂਦਾ ਹੈ, ਪਰ ਉਨ੍ਹਾਂ ਦੀ ਰੋਜ਼ੀ-ਰੋਟੀ ਦੀ ਜ਼ਿੰਮੇਵਾਰੀ ਕੋਈ ਨਹੀਂ ਲੈਂਦਾ। ਇਹ ਸਥਿਤੀ ਵੀ ਗੰਭੀਰ ਹੈ। ਜਿਸ ਪੱਤਰਕਾਰ ਦੇ ਘਰ ਦਾ ਚੁੱਲ੍ਹਾ ਨਹੀਂ ਬਲਦਾ, ਉਸ ਤੋਂ ਪੂਰੀ ਤਰ੍ਹਾਂ ਨਿਰਪੱਖ ਪੱਤਰਕਾਰੀ ਦੀ ਉਮੀਦ ਕਰਨਾ ਵੀ ਸੌਖਾ ਨਹੀਂ।
ਇਸ ਲਈ ਜ਼ਿੰਮੇਵਾਰੀ ਸਿਰਫ਼ ਪੱਤਰਕਾਰ ਦੀ ਨਹੀਂ, ਮੀਡੀਆ ਅਦਾਰਿਆਂ ਦੀ ਵੀ ਹੈ। ਜੇ ਅਦਾਰੇ ਇਮਾਨਦਾਰ ਪੱਤਰਕਾਰੀ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਆਪਣੇ ਪੱਤਰਕਾਰਾਂ ਨੂੰ ਸਨਮਾਨਜਨਕ ਅਤੇ ਨਿਯਮਤ ਮਿਹਨਤਾਨਾ ਦੇਣਾ ਪਵੇਗਾ।
‘ਪ੍ਰੈਸ’ ਦਾ ਸਟਿੱਕਰ ਪੱਤਰਕਾਰਤਾ ਦਾ ਲਾਇਸੈਂਸ ਨਹੀਂ ਹੁੰਦਾ, ਪੱਤਰਕਾਰ ਹੋਣਾ ਕੋਈ ਸਰਕਾਰੀ ਪਛਾਣ-ਪੱਤਰ ਜਾਂ ਗੱਡੀ ਉੱਤੇ ਲੱਗਿਆ ਸਟਿੱਕਰ ਨਹੀਂ। ਪੱਤਰਕਾਰ ਹੋਣਾ ਇੱਕ ਜ਼ਿੰਮੇਵਾਰੀ ਹੈ। ਜਿਸ ਦਿਨ ‘ਪ੍ਰੈਸ’ ਦਾ ਸਟਿੱਕਰ ਸੱਚ ਦੀ ਥਾਂ ਪ੍ਰਭਾਵ, ਡਰ ਜਾਂ ਦਬਾਅ ਦਾ ਪ੍ਰਤੀਕ ਬਣ ਗਿਆ, ਉਸ ਦਿਨ ਪੱਤਰਕਾਰੀ ਦੀ ਆਤਮਾ ਨੂੰ ਸੱਟ ਵੱਜਦੀ ਹੈ।
ਜੇ ਕੋਈ ਵਿਅਕਤੀ ਪੱਤਰਕਾਰੀ ਦੀ ਪਛਾਣ ਦੀ ਆੜ ਵਿੱਚ ਗੈਰਕਾਨੂੰਨੀ ਕੰਮ ਕਰਦਾ ਹੈ ਜਾਂ ਲੋਕਾਂ ਨੂੰ ਡਰਾ-ਧਮਕਾ ਕੇ ਨਿੱਜੀ ਲਾਭ ਲੈਂਦਾ ਹੈ ਤਾਂ ਉਸ ਦਾ ਜਵਾਬ ਪੱਤਰਕਾਰੀ ਭਾਈਚਾਰੇ ਨੂੰ ਵੀ ਦੇਣਾ ਚਾਹੀਦਾ ਹੈ। ਕੁਝ ਵਿਅਕਤੀਆਂ ਦੇ ਕਾਰਨ ਪੂਰੇ ਪੇਸ਼ੇ ਨੂੰ ਬਦਨਾਮ ਹੋਣ ਦੇਣਾ ਵੀ ਇੱਕ ਕਿਸਮ ਦੀ ਚੁੱਪ ਸਹਿਮਤੀ ਹੈ।
ਲੋਕਾਂ ਦਾ ਵਿਸ਼ਵਾਸ ਸਭ ਤੋਂ ਵੱਡੀ ਪੂੰਜੀ ਹੁੰਦਾ ਹੈ। ਪੱਤਰਕਾਰ ਦੀ ਸਭ ਤੋਂ ਵੱਡੀ ਪੂੰਜੀ ਉਸ ਦਾ ਮਾਈਕ, ਕੈਮਰਾ ਜਾਂ ਪ੍ਰੈਸ ਕਾਰਡ ਨਹੀਂ ਬਲਕਿ ਲੋਕਾਂ ਦਾ ਵਿਸ਼ਵਾਸ ਹੈ। ਜਿਹੜਾ ਉਸ ਨੇ ਖੁਦ ਬਣਾਉਣਾ ਹੈ।
ਜਦੋਂ ਲੋਕ ਖ਼ਬਰ ਦੇਖ ਕੇ ਸਭ ਤੋਂ ਪਹਿਲਾਂ ਇਹ ਸੋਚਣ ਲੱਗ ਪੈਣ ਕਿ “ਇਸ ਦੇ ਪਿੱਛੇ ਕਿਸ ਦਾ ਹਿੱਤ ਹੈ?”, ਤਾਂ ਸਮਝੋ ਮੀਡੀਆ ਦੀ ਭਰੋਸੇਯੋਗਤਾ ਨੂੰ ਗੰਭੀਰ ਸੱਟ ਲੱਗ ਚੁੱਕੀ ਹੈ।
ਪੱਤਰਕਾਰੀ ਦਾ ਮਤਲਬ ਕਿਸੇ ਦੇ ਹੱਕ ਵਿੱਚ ਖੜ੍ਹਨਾ ਨਹੀਂ, ਸੱਚ ਦੇ ਹੱਕ ਵਿੱਚ ਖੜ੍ਹਨਾ ਹੈ। ਕਈ ਵਾਰ ਸੱਚ ਸੱਤਾ ਦੇ ਹੱਕ ਵਿੱਚ ਵੀ ਹੋ ਸਕਦਾ ਹੈ ਅਤੇ ਕਈ ਵਾਰ ਸੱਤਾ ਦੇ ਵਿਰੁੱਧ ਵੀ। ਪੱਤਰਕਾਰ ਦਾ ਪੱਖ ਸੱਚ ਹੋਣਾ ਚਾਹੀਦਾ ਹੈ, ਨਾ ਕਿ ਕੋਈ ਪਾਰਟੀ, ਆਗੂ ਜਾਂ ਇਸ਼ਤਿਹਾਰਦਾਤਾ।
ਚੌਥਾ ਥੰਮ੍ਹ ਡਿੱਗਿਆ ਤਾਂ ਲੋਕਤੰਤਰ ਦੀਆਂ ਸੰਸਥਾਵਾਂ ਬਾਰੇ ਲੋਕਾਂ ਵਿੱਚ ਭਰੋਸੇ ਦਾ ਸੰਕਟ ਪਹਿਲਾਂ ਹੀ ਚਿੰਤਾ ਦਾ ਵਿਸ਼ਾ ਹੈ। ਜੇ ਮੀਡੀਆ ਵੀ ਆਪਣੀ ਭਰੋਸੇਯੋਗਤਾ ਗੁਆ ਬੈਠਾ ਤਾਂ ਆਮ ਨਾਗਰਿਕ ਸੱਚ ਦੀ ਪਛਾਣ ਕਿੱਥੋਂ ਕਰੇਗਾ? ਸੋਸ਼ਲ ਮੀਡੀਆ ਦੇ ਦੌਰ ਵਿੱਚ ਇਹ ਸੰਕਟ ਹੋਰ ਵੀ ਗੰਭੀਰ ਹੈ। ਝੂਠੀ ਖ਼ਬਰ ਪਲਾਂ ਵਿੱਚ ਹਜ਼ਾਰਾਂ ਲੋਕਾਂ ਤੱਕ ਪਹੁੰਚ ਸਕਦੀ ਹੈ। ਇਸ ਲਈ ਅੱਜ ਪਹਿਲਾਂ ਨਾਲੋਂ ਵੀ ਵੱਧ ਲੋੜ ਹੈ ਕਿ ਪੱਤਰਕਾਰ ਖ਼ਬਰ ਅਤੇ ਪ੍ਰਚਾਰ, ਤੱਥ ਅਤੇ ਰਾਇ, ਸੱਚ ਅਤੇ ਅਫ਼ਵਾਹ ਵਿਚਕਾਰ ਸਾਫ਼ ਲਕੀਰ ਖਿੱਚਣ।
‘ਗੋਦੀ ਮੀਡੀਆ’ ਸ਼ਬਦ ਭਾਵੇਂ ਕਿਸੇ ਖਾਸ ਮੀਡੀਆ ਧਾਰੇ ਲਈ ਵਰਤਿਆ ਜਾਂਦਾ ਹੋਵੇ, ਪਰ ਇਸ ਦੇ ਪਿੱਛੇ ਛੁਪਿਆ ਸਵਾਲ ਸਾਰੇ ਮੀਡੀਆ ਲਈ ਹੈ—ਕੀ ਅਸੀਂ ਸੱਤਾ ਨੂੰ ਸਵਾਲ ਪੁੱਛ ਰਹੇ ਹਾਂ ਜਾਂ ਸੱਤਾ ਦੇ ਸਵਾਲਾਂ ਦੇ ਜਵਾਬ ਲਿਖ ਰਹੇ ਹਾਂ?
ਹੁਣ ਆਤਮ-ਪੜਚੋਲ ਦਾ ਸਮਾਂ ਹੈ। ਪੱਤਰਕਾਰਾਂ ਨੂੰ ਆਪਣੀ ਪੀੜ੍ਹੀ ਹੇਠ ਸੋਟਾ ਫੇਰਨਾ ਪਵੇਗਾ। ਮੀਡੀਆ ਅਦਾਰਿਆਂ ਨੂੰ ਆਪਣੀਆਂ ਨੀਤੀਆਂ ਬਦਲਣੀਆਂ ਪੈਣਗੀਆਂ। ਪੱਤਰਕਾਰ ਜਥੇਬੰਦੀਆਂ ਨੂੰ ਵੀ ਆਪਣੇ ਮੈਂਬਰਾਂ ਦੀਆਂ ਗਲਤ ਹਰਕਤਾਂ ਉੱਤੇ ਚੁੱਪ ਰਹਿਣ ਦੀ ਥਾਂ ਨੈਤਿਕ ਮਾਪਦੰਡ ਤੈਅ ਕਰਨੇ ਪੈਣਗੇ।
ਪੱਤਰਕਾਰ ਦੀ ਪਛਾਣ ਇਹ ਨਹੀਂ ਹੋਣੀ ਚਾਹੀਦੀ ਕਿ ਉਹ ਕਿਸ ਆਗੂ ਦੇ ਕਿੰਨਾ ਨੇੜੇ ਹੈ। ਪਛਾਣ ਇਹ ਹੋਵੇ ਕਿ ਉਹ ਸੱਚ ਦੇ ਕਿੰਨਾ ਨੇੜੇ ਹੈ। ਪੰਜਾਬੀ ਪੱਤਰਕਾਰੀ ਨੂੰ ਬਚਾਉਣ ਲਈ ਕਿਸੇ ਇੱਕ ਵਿਅਕਤੀ, ਇੱਕ ਅਖ਼ਬਾਰ ਜਾਂ ਇੱਕ ਸੰਸਥਾ ਦੀ ਨਹੀਂ, ਸਾਰੇ ਪੱਤਰਕਾਰੀ ਭਾਈਚਾਰੇ ਦੀ ਸਾਂਝੀ ਜ਼ਿੰਮੇਵਾਰੀ ਹੈ।
ਕਿਉਂਕਿ ਕਲਮ ਜਦੋਂ ਵਿਕ ਜਾਂਦੀ ਹੈ ਤਾਂ ਸਿਰਫ਼ ਪੱਤਰਕਾਰ ਨਹੀਂ ਵਿਕਦਾ, ਲੋਕਾਂ ਦਾ ਸੱਚ ਵੀ ਵਿਕ ਜਾਂਦਾ ਹੈ।
ਅਤੇ ਜਿਸ ਦਿਨ ਲੋਕਾਂ ਨੂੰ ਇਹ ਯਕੀਨ ਹੋ ਗਿਆ ਕਿ ਖ਼ਬਰ ਵੀ ਖਰੀਦੀ ਜਾ ਸਕਦੀ ਹੈ, ਉਸ ਦਿਨ ਲੋਕਤੰਤਰ ਦਾ ਚੌਥਾ ਥੰਮ੍ਹ ਸਿਰਫ਼ ਨਾਮ ਦਾ ਹੀ ਰਹਿ ਜਾਵੇਗਾ।
ਪੰਜਾਬੀ ਪੱਤਰਕਾਰੀ ਦਾ ਰੱਬ ਹੀ ਰਾਖਾ ਨਹੀਂ ਸਗੋਂ ਪੱਤਰਕਾਰਾਂ ਨੂੰ ਵੀ ਆਪਣਾ ਰਾਖਾ ਆਪ ਬਣਨਾ ਪਵੇਗਾ।
ਕੀ ਅਸੀਂ ਆਪਣੀ ਪੀੜ੍ਹੀ ਹੇਠ ਸੋਟਾ ਫੇਰਨ ਦਾ ਯਤਨ ਕਰਾਂਗੇ?
++++
ਬੁੱਧ ਸਿੰਘ ਨੀਲੋਂ
9464370823












