Pitbull ਨੇ ਸੱਤਵੀਂ ਦੇ ਵਿਦਿਆਰਥੀ ਨੂੰ 16 ਥਾਵਾਂ ’ਤੇ ਵੱਢਿਆ

ਨੈਸ਼ਨਲ ਪੰਜਾਬ

ਫਰੀਦਾਬਾਦ 20 ਸਤੰਬਰ ,ਬੋਲੇ ਪੰਜਾਬ ਬਿਊਰੋ;

ਫ਼ਰੀਦਾਬਾਦ ਦੇ ਐੱਨਆਈਟੀ-3 (NIT-3) ਇਲਾਕੇ ਵਿੱਚ ਪਿਟਬੁੱਲ ਕੁੱਤੇ ਵੱਲੋਂ ਸੱਤਵੀਂ ਜਮਾਤ ਦੇ ਇੱਕ ਵਿਦਿਆਰਥੀ ’ਤੇ ਕੀਤੇ ਗਏ ਹਮਲੇ ਵਿੱਚ ਬੱਚੇ ਦੇ ਸਰੀਰ ’ਤੇ 16 ਥਾਵਾਂ ’ਤੇ ਨਿਸ਼ਾਨ ਪੈ ਗਏ ਹਨ। ਇਸ ਘਟਨਾ ਨੇ ਨਗਰ ਨਿਗਮ ਫ਼ਰੀਦਾਬਾਦ (MCF) ਵੱਲੋਂ ਪਾਲਤੂ ਕੁੱਤੇ ਰੱਖਣ ਦੇ ਨਿਯਮਾਂ ਨੂੰ ਲਾਗੂ ਕਰਨ ਦੀ ਸਖ਼ਤੀ ’ਤੇ ਮੁੜ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।

ਬੱਚੇ ਦੇ ਪਿਤਾ ਜਤਿੰਦਰ ਨੇ ਦੱਸਿਆ ਕਿ ਉਸ ਦਾ ਬੇਟਾ ਗ੍ਰੰਥ ਸ਼ਨਿੱਚਰਵਾਰ ਸ਼ਾਮ ਨੂੰ ਸਾਈਕਲ ’ਤੇ ਗਲੀ ਵਿੱਚ ਗਿਆ ਸੀ। ਉਹ ਆਪਣੇ ਘਰ ਤੋਂ ਥੋੜ੍ਹੀ ਦੂਰੀ ’ਤੇ ਇੱਕ ਦੋਸਤ ਨਾਲ ਇੱਕ ਘਰ ਦੇ ਸਾਹਮਣੇ ਖੜ੍ਹਾ ਸੀ, ਜਦੋਂ ਓਮ ਨਾਮ ਦੇ ਘਰ ਦੇ ਮਾਲਕ ਦਾ ਪਿਟਬੁੱਲ ਕੁੱਤਾ ਬਾਹਰ ਆਇਆ ਅਤੇ ਉਸ ’ਤੇ ਹਮਲਾ ਕਰ ਦਿੱਤਾ।ਐੱਨਆਈਟੀ-3 ਦੇ ਬਲਾਕ-ਬੀ ਵਿੱਚ ਰਹਿਣ ਵਾਲੇ ਅਤੇ ਬੀਕੇ ਚੌਕ ’ਤੇ ਰੇੜ੍ਹੀ ’ਤੇ ਬਿਰਿਆਨੀ ਵੇਚਣ ਵਾਲੇ ਜਤਿੰਦਰ ਨੇ ਦੋਸ਼ ਲਾਇਆ ਕਿ ਕੁੱਤਾ ਉਸ ਦੇ ਬੇਟੇ ਨੂੰ ਲਗਾਤਾਰ ਵੱਢਦਾ ਰਿਹਾ ਅਤੇ ਉਸ ਦੇ ਮਾਲਕ ਨੇ ਬੱਚੇ ਨੂੰ ਬਚਾਉਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ। ਬੱਚੇ ਦੀਆਂ ਚੀਕਾਂ ਸੁਣ ਕੇ ਗੁਆਂਢੀ ਮੌਕੇ ’ਤੇ ਪਹੁੰਚੇ ਅਤੇ ਭੀੜ ਇਕੱਠੀ ਹੋਣ ਤੋਂ ਬਾਅਦ ਕੁੱਤੇ ਨੂੰ ਉਸ ਦੇ ਅੱਗੋਂ ਹਟਾਇਆ ਗਿਆ। ਬੱਚੇ ਦੇ ਹੱਥਾਂ, ਲੱਤਾਂ ਅਤੇ ਸਰੀਰ ਦੇ ਹੋਰ ਹਿੱਸਿਆਂ ’ਤੇ ਕੁੱਤੇ ਨੇ ਵੱਢਿਆ ਹੈ।ਜਤਿੰਦਰ ਨੇ ਦੱਸਿਆ ਕਿ ਉਹ ਆਪਣੇ ਜ਼ਖ਼ਮੀ ਪੁੱਤਰ ਨੂੰ ਬੀਕੇ ਹਸਪਤਾਲ ਲੈ ਗਿਆ, ਜਿੱਥੇ ਡਾਕਟਰਾਂ ਨੇ ਮੁਢਲੇ ਇਲਾਜ ਤੋਂ ਬਾਅਦ ਉਸ ਨੂੰ ਅੱਗੇ ਰੈਫ਼ਰ ਕਰ ਦਿੱਤਾ। ਇਸ ਤੋਂ ਬਾਅਦ ਉਹ ਬੱਚੇ ਨੂੰ ਇੱਕ ਨਿੱਜੀ ਹਸਪਤਾਲ ਲੈ ਗਿਆ। ਬੱਚੇ ਦਾ ਇਲਾਜ ਹੁਣ ਘਰ ਵਿੱਚ ਹੀ ਚੱਲ ਰਿਹਾ ਹੈ।

ਜਤਿੰਦਰ ਨੇ ਐੱਨਆਈਟੀ-3 ਪੁਲੀਸ ਚੌਕੀ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਚੌਕੀ ਇੰਚਾਰਜ ਮਨੋਜ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ ’ਤੇ ਜਾਂਚ ਕੀਤੀ ਜਾ ਰਹੀ ਹੈ।

ਇਸ ਘਟਨਾ ਨੇ ਜਨਵਰੀ 2023 ਵਿੱਚ ਨਗਰ ਨਿਗਮ ਫ਼ਰੀਦਾਬਾਦ ਵੱਲੋਂ ਲਾਗੂ ਕੀਤੀ ਗਈ ਕੁੱਤਿਆਂ ਦੀ ਰਜਿਸਟਰੇਸ਼ਨ ਨੀਤੀ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ, ਜਿਸ ਤਹਿਤ ਪਾਲਤੂ ਜਾਨਵਰਾਂ ਦੇ ਮਾਲਕਾਂ ਲਈ ਇੱਕ ਮਹੀਨੇ ਦੇ ਅੰਦਰ ਆਪਣੇ ਕੁੱਤਿਆਂ ਦੀ ਰਜਿਸਟਰੇਸ਼ਨ ਕਰਵਾਉਣੀ ਅਤੇ ਪਹਿਲੀ ਵਾਰ ਰਜਿਸਟਰੇਸ਼ਨ ਲਈ 1,500 ਰੁਪਏ ਫ਼ੀਸ ਦੇਣੀ ਲਾਜ਼ਮੀ ਹੈ। ਨਗਰ ਨਿਗਮ ਨੇ ਕਿਹਾ ਸੀ ਕਿ ਨਿਰੀਖਣ ਮੁਹਿੰਮਾਂ ਦੌਰਾਨ ਬਿਨਾਂ ਰਜਿਸਟਰੇਸ਼ਨ ਵਾਲੇ ਪਾਲਤੂ ਕੁੱਤੇ ਮਿਲਣ ’ਤੇ 15,000 ਰੁਪਏ ਜੁਰਮਾਨਾ ਲਗਾਇਆ ਜਾਵੇਗਾ।

ਇੱਕ ਬੱਚੇ ਦੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਣ ਨਾਲ ਹੁਣ ਨਿਯਮਾਂ ਨੂੰ ਲਾਗੂ ਕਰਨ ’ਤੇ ਸਵਾਲ ਉੱਠ ਰਹੇ ਹਨ: ਕੀ ਹਮਲਾ ਕਰਨ ਵਾਲਾ ਕੁੱਤਾ ਰਜਿਸਟਰਡ ਸੀ, ਕੀ ਖ਼ਤਰਨਾਕ ਨਸਲਾਂ ਦੇ ਪਾਲਤੂ ਜਾਨਵਰਾਂ ਦੇ ਮਾਲਕਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਨੀਤੀ ਲਾਗੂ ਹੋਣ ਤੋਂ ਬਾਅਦ ਨਗਰ ਨਿਗਮ ਨੇ ਕਿੰਨੀਆਂ ਨਿਰੀਖਣ ਮੁਹਿੰਮਾਂ ਚਲਾਈਆਂ ਹਨ?

ਸ਼ਹਿਰ ਵਿੱਚ ਇਸ ਸਾਲ ਬੱਚੇ ’ਤੇ ਕੁੱਤੇ ਦੇ ਹਮਲੇ ਦੀ ਇਹ ਪਹਿਲੀ ਘਟਨਾ ਨਹੀਂ ਹੈ। ਜੂਨ ਵਿੱਚ, ਸੈਕਟਰ 70 ਦੀ ਇੱਕ ਹਾਊਸਿੰਗ ਸੁਸਾਇਟੀ ਵਿੱਚ 10 ਸਾਲਾ ਬੱਚੇ ਨੂੰ ਅਵਾਰਾ ਕੁੱਤਿਆਂ ਨੇ ਵੱਢ ਲਿਆ ਸੀ, ਜਿਸ ਦੇ ਸਿਰ ਦੀ ਸਰਜਰੀ ਕਰਨੀ ਪਈ ਸੀ।

ਖ਼ਾਸ ਨਸਲਾਂ ’ਤੇ ਪਾਬੰਦੀ ਲਗਾਉਣ ਦੀ ਬਹਿਸ ਵੀ ਮੁੜ ਸ਼ੁਰੂ ਹੋ ਗਈ ਹੈ। ਕੇਂਦਰ ਸਰਕਾਰ ਨੇ ਸੂਬਿਆਂ ਨੂੰ ਪਿਟਬੁੱਲ ਟੈਰੀਅਰ, ਅਮੈਰੀਕਨ ਬੁਲਡੌਗ, ਰੋਟਵੀਲਰ ਅਤੇ ਮਾਸਟਿਫ਼ ਸਮੇਤ 23 ਨਸਲਾਂ ਦੀ ਵਿਕਰੀ ਅਤੇ ਪ੍ਰਜਨਨ ’ਤੇ ਪਾਬੰਦੀ ਲਗਾਉਣ ਦੇ ਨਿਰਦੇਸ਼ ਦਿੱਤੇ ਸਨ ਅਤੇ ਇਸ ਪਾਬੰਦੀ ਨੂੰ ਚੁਣੌਤੀ ਦੇਣ ਵਾਲੀਆਂ ਅਰਜ਼ੀਆਂ ਦਿੱਲੀ ਹਾਈ ਕੋਰਟ ਵਿੱਚ ਵਿਚਾਰ ਅਧੀਨ ਹਨ। ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਨਗਰ ਨਿਗਮ ਨੇ ਨਿਵਾਸੀਆਂ ਨੂੰ ਪਿਟਬੁੱਲ, ਰੋਟਵੀਲਰ ਅਤੇ ਡੋਗੋ ਅਰਜਨਟੀਨੋ ਵਰਗੇ ਕੁੱਤੇ ਪਾਲਤੂ ਵਜੋਂ ਰੱਖਣ ’ਤੇ ਪਾਬੰਦੀ ਲਗਾ ਦਿੱਤੀ ਸੀ ਅਤੇ ਹੋਰ ਪਾਲਤੂ ਕੁੱਤਿਆਂ ਲਈ ਲਾਇਸੈਂਸ ਲਾਜ਼ਮੀ ਕਰ ਦਿੱਤਾ ਸੀ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।