ਸ਼ਹਿਰ ਵਿੱਚ ਲੇਬਰ ਚੌਂਕ ਬਣਾਉਣ ਦੀ ਮੰਗ
ਖਮਾਣੋ, 22, ਸਤੰਬਰ ,ਬੋਲੇ ਪੰਜਾਬ ਬਿਊਰੋ;
ਉਸਾਰੀ ਨਾਲ ਸੰਬੰਧਿਤ ਮਿਸਤਰੀਆਂ ਅਤੇ ਮਜ਼ਦੂਰਾਂ ਦੀ ਜਥੇਬੰਦੀ ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਰਜਿ ਸੰਬੰਧਿਤ ਇਫਟੂ ਬਲਾਕ ਖਮਾਣੋ ਵੱਲੋਂ ਪ੍ਰਧਾਨ ਬਹਾਦਰ ਸਿੰਘ ਐਮ ਸੀ, ਸਲਾਹਕਾਰ ਮਲਾਗਰ ਖਮਾਣੋਂ ਦੀ ਪ੍ਰਧਾਨਗੀ ਹੇਠ ਉਸਾਰੀ ਨਾਲ ਸੰਬੰਧਿਤ ਮਿਸਤਰੀਆਂ ਤੇ ਮਜ਼ਦੂਰਾਂ ਦੀਆਂ ਮੰਗਾਂ ਸਬੰਧੀ ਐਸ ਡੀ ਐਮ ਖਮਾਣੋ ਨੂੰ ਮੰਗ ਪੱਤਰ ਦਿੱਤਾ ਗਿਆ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਬਲਾਕ ਖਮਾਣੋਂ ਦੇ ਜਨਰਲ ਸਕੱਤਰ ਕਸ਼ਮੀਰ ਸਿੰਘ ਰੱਤੋਂ ਨੇ ਦੱਸਿਆ ਕਿ ਸ਼ਹਿਰ ਖਮਾਣੋਂ ਵਿਖੇ ਉਸਾਰੀ ਨਾਲ ਸੰਬੰਧਿਤ ਮਿਸਤਰੀਆਂ ਤੇ ਮਜ਼ਦੂਰਾਂ ਦੇ ਬੈਠਣ ਲਈ ,ਕੰਮ ਦੀ ਉਡੀਕ ਲਈ ਕੋਈ ਲੇਬਰ ਚੌਂਕ ਨਹੀਂ ਬਣਿਆ ਹੋਇਆ। ਜਿਸ ਕਰਕੇ ਸੂਏ ਦੇ ਪੁਲ ਉੱਪਰ ਹੀ ਮਜ਼ਦੂਰਾਂ ਨੂੰ ਖੜ ਕੇ ਕੰਮ ਦੀ ਉਡੀਕ ਕਰਨੀ ਪੈਂਦੀ ਹੈ। ਇਸ ਚੌਂਕ ਤੇ ਆਵਾਜਾਈ ਹੋਣ ਕਾਰਨ ਕਿਸੇ ਸਮੇਂ ਵੀ ਕੋਈ ਹਾਦਸਾ ਵਾਪਰ ਸਕਦਾ ਹੈ। ਇਹਨਾਂ ਦੱਸਿਆ ਕਿ ਲੇਬਰ ਚੌਂਕ ਬਣਾਉਣ, ਉਸ ਵਿੱਚ ਬੁਨਿਆਦੀ ਸਹੂਲਤਾਂ ਦੇਣ, ਤੋਂ ਇਲਾਵਾ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵੈਲਫੇਅਰ ਬੋਰਡ ਵੱਲੋਂ ਮਜ਼ਦੂਰਾਂ ਦੀਆਂ ਲਾਭਪਾਤਰੀ ਕਾਪੀਆਂ ਬਣਾਉਣ, ਨਿਊ ਕਰਨ, ਵਜੀਫੇ ,ਐਕਸ ਗਰੇਸ਼ੀਆ, ਪੈਨਸ਼ਨ , ਸੰਗਨ ਸਕੀਮ, ਮੈਡੀਕਲ ਕਲੇਮ ਆਦਿ ਸਕੀਮਾਂ ਸਬੰਧੀ ਕਿਰਤ ਵਿਭਾਗ ਵੱਲੋਂ ਮਜ਼ਦੂਰ ਸੁਵਿਧਾ ਕੈਂਪ ਜਾਰੀ ਰੱਖਣ, ਇਹਨਾਂ ਸਕੀਮਾਂ ਸਬੰਧੀ ਕਾਗਜੀ ਪ੍ਰਕਿਰਿਆ ਨੂੰ ਸੌਖਾ ਕਰਨ, ਬਲਾਕ ਖਮਾਣੋਂ ਵਿਖੇ ਕਿਰਤ ਵਿਭਾਗ ਦੇ ਅਧਿਕਾਰੀਆਂ ਬੈਠਣਾ ਯਕੀਨੀ ਬਣਾਉਣ, ਮਜ਼ਦੂਰਾਂ ਦੇ ਪੈਂਡਿੰਗ ਪਏ ਪੈਨਸ਼ਨ ਕੇਸ,ਐਕਸ ਗਰੇਸ਼ੀਆ ਕੇਸ, ਮੰਦ ਬੁੱਧੀ ਬੱਚਿਆਂ ਦੀ ਆਰਥਿਕ ਸਹਾਇਤਾ ਦੇ ਕੇਸ, ਸਮੇਤ ਕੇਂਦਰ ਸਰਕਾਰ ਵੱਲੋਂ ਬਣਾਏ ਚਾਰ ਕਾਰਪੋਰੇਟ ਪੱਖੀ ਕੋਡਾਂ ਨੂੰ ਰੱਦ ਕਰਕੇ ਪੁਰਾਣੇ ਕਾਨੂੰਨ ਸਮੇਤ ਅੱਠ ਘੰਟੇ ਦੀ ਦਿਹਾੜੀ ਦਾ ਨਿਯਮ ਬਹਾਲ ਕਰਨ, ਪੈਨਸ਼ਨ ਤੇ ਮੁਆਵਜ਼ਾ ਰਾਸ਼ੀ ਵਿੱਚ ਪੰਦਰਵੀਂ ਲੇਬਰ ਕਾਨਫਰੰਸ ਵੱਲੋਂ ਤੈਅ ਕੀਤੇ ਨਿਯਮਾਂ ਮੁਤਾਬਿਕ ਵਾਧਾ ਕਰਨਾ, ਆਦੀ ਮੰਗਾਂ ਸਬੰਧੀ ਮੰਗ ਪੱਤਰ ਦਿੱਤਾ ਗਿਆ। ਯੂਨੀਅਨ ਦਾ ਮੰਗ ਪੱਤਰ ਤਹਿਸੀਲਦਾਰ ਅਮਿਤਾਭ ਤਿਵਾੜੀ ਨੇ ਹਾਸਲ ਕੀਤਾ । ਉਨ੍ਹਾਂ ਆਗੂਆਂ ਨੂੰ ਭਰੋਸਾ ਦਿੱਤਾ ਕਿ ਉਸਾਰੀ ਮਜ਼ਦੂਰਾਂ ਦੀਆਂ ਸਥਾਨਕ ਮੰਗਾਂ, ਤੇ ਹੋਰ ਮੰਗਾਂ ਸਬੰਧੀ ਕਾਰਵਾਈ ਕਰਨ ਹਿੱਤ ਐਸ ਡੀ ਐਮ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ। ਇਸ ਮੌਕੇ ਯੂਨੀਅਨ ਆਗੂ ਨਿਰਮਲ ਸਿੰਘ ਰੱਤੋਂ ,ਗੁਰਮੇਲ ਸਿੰਘ ,ਹਰਪ੍ਰੀਤ ਸਿੰਘ ,ਜਸਪ੍ਰੀਤ ਸਿੰਘ ਜਟਾਣਾ, ਹਰਿੰਦਰਜੀਤ ਸਿੰਘ, ਗਿ ਹਰਜਿੰਦਰ ਸਿੰਘ ਖਮਾਣੋ, ਸੁਖਰਾਮ ਕਾਲੇਵਾਲ ਆਦੀ ਹਾਜਰ ਸਨ।












