ਉਡਾਣ ਭਰਨ ਤੋਂ ਪਹਿਲਾਂ ਅਲਕੋਹਲ ਟੈਸਟ ਵਿੱਚ ਫ਼ੇਲ੍ਹ Air India ਦਾ ਪਾਇਲਟ ਕਾਬੂ

ਨੈਸ਼ਨਲ ਪੰਜਾਬ

ਨਵੀਂ ਦਿੱਲੀ 25 ਸਤੰਬਰ ,ਬੋਲੇ ਪੰਜਾਬ ਬਿਊਰੋ;

ਏਅਰ ਇੰਡੀਆ ਨੇ ਇਸੇ ਮਹੀਨੇ ਦੇ ਸ਼ੁਰੂ ਵਿੱਚ ਜ਼ਿਊਰਿਖ ਹਵਾਈ ਅੱਡੇ ’ਤੇ ਰਾਜਧਾਨੀ ਦਿੱਲੀ ਲਈ ਉਡਾਣ ਭਰਨ ਤੋਂ ਪਹਿਲਾਂ ‘ਬ੍ਰੈਥ ਐਨਾਲਾਈਜ਼ਰ’ (ਅਲਕੋਹਲ) ਟੈਸਟ ਵਿੱਚ ਫ਼ੇਲ੍ਹ ਹੋਣ ਵਾਲੇ ਆਪਣੇ ਇੱਕ ਪਾਇਲਟ ਨੂੰ ਮੁਅੱਤਲ ਕਰ ਦਿੱਤਾ ਹੈ। ਅਧਿਕਾਰੀਆਂ ਅਨੁਸਾਰ ਏਅਰਲਾਈਨ ਵੱਲੋਂ ਨਿਯਮਾਂ ਦੀ ਪਾਲਣਾ ਨੂੰ ਸਖ਼ਤੀ ਨਾਲ ਯਕੀਨੀ ਬਣਾਉਣ ਅਤੇ ਉਲੰਘਣਾਵਾਂ ਨੂੰ ਰੋਕਣ ਲਈ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ।

ਇਹ ਘਟਨਾ 6 ਸਤੰਬਰ ਨੂੰ ਵਾਪਰੀ ਸੀ। ਇਸ ਤੋਂ ਕੁਝ ਦਿਨ ਪਹਿਲਾਂ ਹੀ ਏਅਰ ਇੰਡੀਆ ਨੇ ਫੂਕੇਟ-ਦਿੱਲੀ ਉਡਾਣ ਦੇ ਪਾਇਲਟ-ਇਨ-ਕਮਾਂਡ ਦੀਆਂ ਸੇਵਾਵਾਂ ਨਸ਼ੇ ਦੇ ਸੇਵਨ ਦੇ ਟੈਸਟ ’ਚ ਪਾਜ਼ੇਟਿਵ ਆਉਣ ਤੋਂ ਬਾਅਦ ਸਮਾਪਤ ਕਰ ਦਿੱਤੀਆਂ ਸਨ।ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਉਕਤ ਪਾਇਲਟ ਨੇ 6 ਸਤੰਬਰ ਨੂੰ ਜ਼ਿਊਰਿਖ ਤੋਂ ਦਿੱਲੀ ਲਈ ਏਅਰ ਇੰਡੀਆ ਦੀ ਉਡਾਣ AI151 ਚਲਾਉਣੀ ਸੀ। ਹਵਾਈ ਅੱਡੇ ’ਤੇ ਉਸ ਦੇ ਮੂੰਹੋਂ ਸ਼ਰਾਬ ਦੀ ਬਦਬੂ ਆ ਰਹੀ ਸੀ, ਜਿਸ ਤੋਂ ਬਾਅਦ ਏਅਰਲਾਈਨ ਅਧਿਕਾਰੀਆਂ ਨੇ ਖ਼ੁਦ ਸਥਾਨਕ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਅਤੇ ਬਣਦੀ ਕਾਰਵਾਈ ਕੀਤੀ ਗਈ। ਹਾਲਾਂਕਿ ਇਸ ਮਾਮਲੇ ’ਤੇ ਏਅਰ ਇੰਡੀਆ ਵੱਲੋਂ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ।ਅਧਿਕਾਰੀਆਂ ਨੇ ਦੱਸਿਆ ਕਿ ਸਥਾਨਕ ਪ੍ਰਸ਼ਾਸਨ ਵੱਲੋਂ ਸ਼ੁਰੂਆਤੀ ਬ੍ਰੈਥ ਐਨਾਲਾਈਜ਼ਰ ਟੈਸਟ ਦੀ ਰਿਪੋਰਟ ਮਿਲਦਿਆਂ ਹੀ ਪਾਇਲਟ ਨੂੰ ਤੁਰੰਤ ਉਡਾਣ ਡਿਊਟੀ ਤੋਂ ਹਟਾ ਦਿੱਤਾ ਗਿਆ ਅਤੇ ਡਾਕਟਰੀ ਜਾਂਚ ਲਈ ਭੇਜਿਆ ਗਿਆ। ਇਸ ਤੋਂ ਬਾਅਦ ਪਾਇਲਟ ਨੂੰ ਇੱਕ ਯਾਤਰੀ ਵਜੋਂ ਭਾਰਤ ਵਾਪਸ ਭੇਜ ਦਿੱਤਾ ਗਿਆ ਹੈ ਅਤੇ ਅੰਤਿਮ ਮੈਡੀਕਲ ਰਿਪੋਰਟ ਆਉਣ ਤੇ ਜਾਂਚ ਪੂਰੀ ਹੋਣ ਤੱਕ ਉਹ ਮੁਅੱਤਲ ਰਹੇਗਾ। ਜਾਂਚ ਦੇ ਨਤੀਜਿਆਂ ਦੇ ਆਧਾਰ ’ਤੇ ਬਣਦੀ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ।

ਇਸ ਘਟਨਾ ਸਬੰਧੀ ‘ਸਵਿਸ ਫੈਡਰਲ ਆਫਿਸ ਆਫ ਸਿਵਲ ਐਵੀਏਸ਼ਨ’ (FOCA) ਦੇ ਬੁਲਾਰੇ ਨੇ ‘ਪੀਟੀਆਈ’ ਨੂੰ ਦੱਸਿਆ ਕਿ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਨਿਯਮਾਂ ਅਨੁਸਾਰ ਜ਼ਰੂਰੀ ਕਦਮ ਚੁੱਕੇ ਗਏ ਹਨ। ਉਨ੍ਹਾਂ ਦੱਸਿਆ, “ਏਅਰਲਾਈਨ ਅਤੇ ਭਾਰਤ ਦੇ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (DGCA) ਨੂੰ ਇਸ ਦੀ ਸੂਚਨਾ ਦੇ ਦਿੱਤੀ ਗਈ ਸੀ। ਇਸ ਦੇ ਸਿੱਟੇ ਵਜੋਂ ਜ਼ਿਊਰਿਖ ਤੋਂ ਦਿੱਲੀ ਲਈ ਉਡਾਣ AI151 ਆਪਣੇ ਨਿਰਧਾਰਿਤ ਸਮੇਂ ’ਤੇ ਉਡਾਣ ਨਹੀਂ ਭਰ ਸਕੀ।”

ਡਾਟਾ ਸੁਰੱਖਿਆ ਨਿਯਮਾਂ ਦਾ ਹਵਾਲਾ ਦਿੰਦਿਆਂ ਬੁਲਾਰੇ ਨੇ ਹੋਰ ਵੇਰਵੇ ਦੇਣ ਤੋਂ ਅਸਮਰੱਥਾ ਪ੍ਰਗਟਾਈ ਅਤੇ ਕਿਹਾ ਕਿ ਅੱਗੇ ਦੀ ਕਾਰਵਾਈ ਦੀ ਜ਼ਿੰਮੇਵਾਰੀ ਡੀਜੀਸੀਏ ਦੀ ਹੈ।

ਦੂਜੇ ਪਾਸੇ, ਨਸ਼ੇ ਦੇ ਸੇਵਨ ਵਰਗੀਆਂ ਹਾਲੀਆ ਘਟਨਾਵਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਏਅਰ ਇੰਡੀਆ ਨੇ ਫਲਾਈਟ ਅਪਰੇਸ਼ਨਜ਼ ਵਿੱਚ ਜਵਾਬਦੇਹੀ ਵਧਾ ਦਿੱਤੀ ਹੈ। ਏਅਰਲਾਈਨ ਨਿਯਮਾਂ ਦੀ ਪਾਲਣਾ ’ਤੇ ਲਗਾਤਾਰ ਨਜ਼ਰ ਰੱਖ ਰਹੀ ਹੈ ਅਤੇ ਨਿਯਮਾਂ ਦੀ ਉਲੰਘਣਾ ਕਰਨ ’ਤੇ ਮੁਅੱਤਲੀ ਅਤੇ ਨੌਕਰੀ ਤੋਂ ਬਰਖਾਸਤਗੀ ਵਰਗੀ ਕਾਰਵਾਈ ਕੀਤੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ 4 ਸਤੰਬਰ ਨੂੰ ਏਅਰ ਇੰਡੀਆ ਨੇ ਫੂਕੇਟ-ਦਿੱਲੀ ਉਡਾਣ ਦੇ ਪਾਇਲਟ ਨੂੰ ਬਰਖਾਸਤ ਕਰ ਦਿੱਤਾ ਸੀ। 4 ਅਗਸਤ ਨੂੰ ਵਾਪਰੀ ਉਸ ਘਟਨਾ ਵਿੱਚ A320 ਜਹਾਜ਼ ਦੀਆਂ ਤਿੰਨੋਂ ਹਾਈਡ੍ਰੌਲਿਕ ਪ੍ਰਣਾਲੀਆਂ ਖ਼ਰਾਬ ਹੋਣ ਕਾਰਨ ਜਹਾਜ਼ ਅਚਾਨਕ 300 ਫੁੱਟ ਹੇਠਾਂ ਆ ਗਿਆ ਸੀ, ਜਿਸ ਨਾਲ 24 ਯਾਤਰੀ ਜ਼ਖ਼ਮੀ ਹੋ ਗਏ ਸਨ। ਜਾਂਚ ਏਜੰਸੀ AAIB ਨੇ ਪਾਇਲਟ ਵੱਲੋਂ ਨਸ਼ੇ ਦੇ ਸੇਵਨ ਨੂੰ ਗੰਭੀਰ ਚਿੰਤਾ ਦਾ ਵਿਸ਼ਾ ਦੱਸਿਆ ਸੀ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।