ਚੰਡੀਗੜ੍ਹ 25 ਸਤੰਬਰ ,ਬੋਲੇ ਪੰਜਾਬ ਬਿਊਰੋ;
ਕੇਂਦਰੀ ਗ੍ਰਹਿ ਮੰਤਰਾਲੇ ਨੇ ਚੰਡੀਗੜ੍ਹ ਸਥਿਤ ਪੰਜਾਬ ਭਾਜਪਾ ਦੇ ਸੂਬਾਈ ਦਫ਼ਤਰ ’ਤੇ ਹੋਏ ਗ੍ਰਨੇਡ ਹਮਲੇ ਦੇ ਮਾਮਲੇ ਦੀ ਜਾਂਚ ਕੌਮੀਂ ਜਾਂਚ ਏਜੰਸੀ (NIA) ਨੂੰ ਸੌਂਪ ਦਿੱਤੀ ਹੈ। ਏਜੰਸੀ ਨੇ ਚੰਡੀਗੜ੍ਹ ਦੀ ਸੈਸ਼ਨ ਅਦਾਲਤ ਵਿੱਚ ਇੱਕ ਅਰਜ਼ੀ ਦਾਖ਼ਲ ਕਰਕੇ ਕੇਸ ਦੇ ਸਾਰੇ ਰਿਕਾਰਡ ਚੰਡੀਗੜ੍ਹ ਪੁਲੀਸ ਤੋਂ ਪ੍ਰਾਪਤ ਕਰਨ ਅਤੇ ਕੇਸ ਨੂੰ ਵਿਸ਼ੇਸ਼ NIA ਅਦਾਲਤ ਵਿੱਚ ਤਬਦੀਲ ਕਰਨ ਦੀ ਮੰਗ ਕੀਤੀ ਹੈ।
ਐਨ.ਆਈ.ਏ. (NIA) ਨੇ ਅਦਾਲਤ ਨੂੰ ਦਿੱਤੀ ਅਰਜ਼ੀ ਵਿੱਚ ਦੱਸਿਆ ਹੈ ਕਿ 1 ਅਪਰੈਲ 2026 ਨੂੰ ਚੰਡੀਗੜ੍ਹ ਦੇ ਸੈਕਟਰ 37-ਏ ਸਥਿਤ ਪੰਜਾਬ ਭਾਜਪਾ ਦਫ਼ਤਰ ਦੇ ਬਾਹਰ ਹੋਏ ਧਮਾਕੇ ਸਬੰਧੀ ਥਾਣਾ ਸੈਕਟਰ 39 ਵਿਖੇ ਵਿਸਫੋਟਕ ਪਦਾਰਥ ਐਕਟ 1908 ਦੀ ਧਾਰਾ 3 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਇਸ ਧਮਾਕੇ ਵਿੱਚ ਦਫ਼ਤਰ ਦੀ ਸੀਮਾ ਕੰਧ ਅਤੇ ਨੇੜੇ ਖੜ੍ਹੇ ਵਾਹਨਾਂ ਨੂੰ ਨੁਕਸਾਨ ਪਹੁੰਚਿਆ ਸੀ। ਜਾਂਚ ਦੌਰਾਨ ਚੰਡੀਗੜ੍ਹ ਪੁਲੀਸ ਨੇ 11 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ, ਜੋ ਇਸ ਸਮੇਂ ਜੇਲ੍ਹ ਵਿੱਚ ਬੰਦ ਹਨ।ਚੰਡੀਗੜ੍ਹ ਪੁਲੀਸ ਨੇ ਜਾਂਚ ਪੂਰੀ ਕਰਨ ਤੋਂ ਬਾਅਦ 13 ਜੁਲਾਈ 2026 ਨੂੰ 11 ਮੁਲਜ਼ਮਾਂ ਵਿਰੁੱਧ BNSS ਦੀ ਧਾਰਾ 193, ਵਿਸਫੋਟਕ ਪਦਾਰਥ ਐਕਟ ਦੀ ਧਾਰਾ 3 ਅਤੇ UAPA ਦੀਆਂ ਧਾਰਾਵਾਂ 16, 18 ਤੇ 18-ਬੀ ਤਹਿਤ ਅਦਾਲਤ ਵਿੱਚ ਅੰਤਿਮ ਚਾਰਜਸ਼ੀਟ ਦਾਖ਼ਲ ਕੀਤੀ ਸੀ। ਹਾਲਾਂਕਿ, ਕੇਸ ਵਿੱਚ ਨਾਮਜ਼ਦ ਮੁਲਜ਼ਮਾਂ ਅਤੇ ਹੋਰ ਸੰਭਾਵੀ ਸ਼ੱਕੀਆਂ ਵਿਰੁੱਧ ਅੱਗੇ ਦੀ ਜਾਂਚ BNSS ਦੀ ਧਾਰਾ 193(9) ਤਹਿਤ ਜਾਰੀ ਸੀ। ਇਸ ਦੌਰਾਨ ਗ੍ਰਹਿ ਮੰਤਰਾਲੇ ਨੇ 7 ਸਤੰਬਰ 2026 ਦੇ ਹੁਕਮਾਂ ਰਾਹੀਂ ਇਹ ਜਾਂਚ NIA ਦੇ ਹਵਾਲੇ ਕਰ ਦਿੱਤੀ, ਜਿਸ ਤੋਂ ਬਾਅਦ ਏਜੰਸੀ ਨੇ 8 ਸਤੰਬਰ 2026 ਨੂੰ ਕੇਸ ਦੁਬਾਰਾ ਦਰਜ ਕਰ ਲਿਆ ਹੈ।ਸੈਸ਼ਨ ਅਦਾਲਤ ਨੇ NIA ਦੇ ਵਿਸ਼ੇਸ਼ ਪਬਲਿਕ ਪ੍ਰੋਸੀਕਿਊਟਰ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਕਿਹਾ ਕਿ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਐਕਟ ਦੀ ਧਾਰਾ 13 ਅਨੁਸਾਰ ਇਸ ਕੇਸ ਦੀ ਸੁਣਵਾਈ ਦਾ ਅਧਿਕਾਰ ਖੇਤਰ ਸਿਰਫ਼ ਵਿਸ਼ੇਸ਼ NIA ਅਦਾਲਤ ਕੋਲ ਹੀ ਹੈ। ਇਸ ਦੇ ਮੱਦੇਨਜ਼ਰ ਅਦਾਲਤ ਨੇ ਕੇਸ ਦਾ ਸਾਰਾ ਰਿਕਾਰਡ ਵਿਸ਼ੇਸ਼ ਜੱਜ, NIA ਦੀ ਅਦਾਲਤ ਵਿੱਚ ਭੇਜਣ ਦੇ ਹੁਕਮ ਜਾਰੀ ਕਰ ਦਿੱਤੇ ਹਨ। ਪੁਲੀਸ ਜਾਂਚ ਵਿੱਚ ਸਾਹਮਣੇ ਆਇਆ ਸੀ ਕਿ ਇਸ ਹਮਲੇ ਦੀ ਸਾਜ਼ਿਸ਼ ਪਾਕਿਸਤਾਨ ਦੀ ਗੁਪਤਚਰ ਏਜੰਸੀ ISI ਦੀ ਮਦਦ ਨਾਲ ਪੋਰਤਗਾਲ ਅਤੇ ਜਰਮਨੀ ਵਿੱਚ ਬੈਠੇ ਵਿਦੇਸ਼ੀ ਹੈਂਡਲਰਾਂ ਨੇ ਰਚੀ ਸੀ, ਜਦਕਿ ਅਤਿਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ (BKI) ਨੇ ਹਮਲੇ ਦੀ ਜ਼ਿੰਮੇਵਾਰੀ ਲਈ ਸੀ।












