ਅੰਬੇਦਕਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਮੋਹਾਲੀ ਵੱਲੋਂ ਸਨੇਟਾ ਦੇ ਪੇਂਡੂ ਸਿਹਤ ਸਿਖਲਾਈ ਕੇਂਦਰ ਵਿਖੇ ‘ਪੋਸ਼ਣ ਮੇਲਾ-2026’ ਦਾ ਆਯੋਜਨ

ਪੰਜਾਬ

‘ਸਾਡੀ ਆਂਗਣਵਾੜੀ, ਸਾਡੀ ਜ਼ਿੰਮੇਵਾਰੀ’ ਵਿਸ਼ੇ ਤਹਿਤ ਹਰ ਉਮਰ ਵਰਗ ਲਈ ਪੋਸ਼ਣ ਦੀ ਮਹੱਤਤਾ ’ਤੇ ਜਾਗਰੂਕਤਾ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 1 ਅਕਤੂਬਰ ,ਬੋਲੇ ਪੰਜਾਬ ਬਿਊਰੋ:

ਡਾ. ਬੀ.ਆਰ. ਅੰਬੇਡਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼, ਮੋਹਾਲੀ ਦੇ ਕਮਿਊਨਿਟੀ ਮੈਡੀਸਿਨ ਵਿਭਾਗ ਵੱਲੋਂ 9ਵੇਂ ਰਾਸ਼ਟਰੀ ਪੋਸ਼ਣ ਮਹੀਨੇ ਤਹਿਤ ਪੇਂਡੂ ਸਿਹਤ ਸਿਖਲਾਈ ਕੇਂਦਰ (ਆਰ.ਐੱਚ.ਟੀ.ਸੀ.), ਸਨੇਟਾ ਵਿਖੇ ‘ਪੋਸ਼ਣ ਮੇਲਾ-2026’ ਕਰਵਾਇਆ ਗਿਆ। ‘ਸਾਡੀ ਆਂਗਣਵਾੜੀ, ਸਾਡੀ ਜ਼ਿੰਮੇਵਾਰੀ’ ਵਿਸ਼ੇ ਤਹਿਤ ਕਰਵਾਏ ਗਏ ਇਸ ਸਮਾਗਮ ਦਾ ਉਦੇਸ਼ ਸਮਾਜ ਵਿੱਚ ਵਿਹਾਰਕ, ਸਸਤੇ ਅਤੇ ਸਥਾਨਕ ਤੌਰ ’ਤੇ ਉਪਲਬਧ ਪੋਸ਼ਣ ਸਬੰਧੀ ਖੁਰਾਕੀ ਆਦਤਾਂ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਸੀ।

ਇਸ ਮੌਕੇ ਸਹਾਇਕ ਨਰਸ ਦਾਈਆਂ, ਆਸ਼ਾ ਵਰਕਰਾਂ, ਆਂਗਣਵਾੜੀ ਵਰਕਰਾਂ, ਪੋਸ਼ਣ ਮਾਹਿਰਾਂ ਅਤੇ ਭਾਗ ਲੈ ਰਹੀਆਂ ਸੰਸਥਾਵਾਂ ਦੇ ਆਹਾਰ ਵਿਗਿਆਨ ਅਤੇ ਪੋਸ਼ਣ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ। ਸਰਕਾਰੀ ਸੈਕੰਡਰੀ ਸਕੂਲ, ਸਨੇਟਾ ਦੇ 9ਵੀਂ ਜਮਾਤ ਦੇ ਵਿਦਿਆਰਥੀਆਂ ਨੇ ਵੀ ਆਪਣੇ ਅਧਿਆਪਕਾਂ ਸਮੇਤ ਮੇਲੇ ਵਿੱਚ ਭਾਗ ਲਿਆ।

ਅੰਬੇਦਕਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਮੋਹਾਲੀ ਦੇ ਡਾਇਰੈਕਟਰ-ਪ੍ਰਿੰਸੀਪਲ ਡਾ. ਨਵਦੀਪ ਸਿੰਘ ਸੈਣੀ ਨੇ ਬਿਮਾਰੀਆਂ ਦੀ ਰੋਕਥਾਮ ਵਿੱਚ ਪੋਸ਼ਣ ਦੀ ਮਹੱਤਤਾ ’ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਸਿਹਤ ਕਰਮਚਾਰੀ ਪੋਸ਼ਣ ਸਬੰਧੀ ਜਾਣਕਾਰੀ ਨੂੰ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਵਿੱਚ ਸਿਹਤਮੰਦ ਖੁਰਾਕੀ ਅਭਿਆਸਾਂ ਵਿੱਚ ਤਬਦੀਲ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।

ਡਾ. ਅੰਮ੍ਰਿਤ ਕੌਰ ਵਿਰਕ, ਪ੍ਰੋਫੈਸਰ ਅਤੇ ਮੁਖੀ, ਕਮਿਊਨਿਟੀ ਮੈਡੀਸਿਨ ਵਿਭਾਗ, ਸਮੇਤ ਵਿਭਾਗ ਦੇ ਅਧਿਆਪਕਾਂ ਡਾ. ਅਨੂ ਭਾਰਦਵਾਜ, ਡਾ. ਧਰੁਵੇਂਦਰ ਲਾਲ ਅਤੇ ਡਾ. ਜਸਵਿੰਦਰ ਕੌਰ ਅਤੇ ਡਾ. ਆਭਾ ਆਨੰਦ, ਆਹਾਰ ਨਿਗਰਾਨ, ਵੱਲੋਂ ਮਹਿਮਾਨਾਂ ਨੂੰ ਸਨਮਾਨ ਵਜੋਂ ਯਾਦਗਾਰੀ ਚਿੰਨ੍ਹ ਭੇਟ ਕੀਤੇ ਗਏ।

ਡਾ. ਨਿਵੇਧਿਕਾ ਰਾਏ, ਸਹਾਇਕ ਪ੍ਰੋਫੈਸਰ, ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼, ਲਾਂਡਰਾਂ, ਨੇ ਕਿਸ਼ੋਰ ਅਵਸਥਾ, ਗਰਭ ਅਵਸਥਾ ਅਤੇ ਦੁੱਧ ਪਿਲਾਉਣ ਦੇ ਸਮੇਂ ਦੌਰਾਨ ਢੁਕਵੀਂ ਖੁਰਾਕ ਸਬੰਧੀ ਵਿਸ਼ੇਸ਼ ਜਾਣਕਾਰੀ ਦਿੱਤੀ। ਡਾ. ਅਕਸ਼ੈ ਕੁਮਾਰ, ਕਮਿਊਨਿਟੀ ਮੈਡੀਸਿਨ ਵਿਭਾਗ,ਅੰਬੇਦਕਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼, ਮੋਹਾਲੀ, ਨੇ ਜੀਵਨ ਦੇ ਵੱਖ-ਵੱਖ ਪੜਾਵਾਂ ਵਿੱਚ ਖੂਨ ਦੀ ਕਮੀ ਸਬੰਧੀ ਜਾਗਰੂਕਤਾ ਸੈਸ਼ਨ ਕਰਵਾਇਆ ਅਤੇ ਇਸ ਦੇ ਪੀੜ੍ਹੀ ਦਰ ਪੀੜ੍ਹੀ ਚੱਲਣ ਵਾਲੇ ਪ੍ਰਭਾਵ ਨੂੰ ਰੋਕਣ ਲਈ ਸਮੇਂ ਸਿਰ ਰੋਕਥਾਮ ਦੀ ਲੋੜ ’ਤੇ ਜ਼ੋਰ ਦਿੱਤਾ।

ਕਮਿਊਨਿਟੀ ਮੈਡੀਸਿਨ ਵਿਭਾਗ ਦੇ ਪੋਸਟ-ਗ੍ਰੈਜੂਏਟ ਵਿਦਿਆਰਥੀਆਂ ਅਤੇ ਐਮ.ਬੀ.ਬੀ.ਐਸ. ਇੰਟਰਨਾਂ ਵੱਲੋਂ ਨੁੱਕੜ ਨਾਟਕ ਪੇਸ਼ ਕਰਕੇ ਪੋਸ਼ਣ ਸਬੰਧੀ ਮਹੱਤਵਪੂਰਨ ਸੰਦੇਸ਼ ਆਮ ਲੋਕਾਂ ਤੱਕ ਸੌਖੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਏ ਗਏ।

ਆਹਾਰ ਵਿਗਿਆਨ ਅਤੇ ਪੋਸ਼ਣ ਦੇ ਵਿਦਿਆਰਥੀਆਂ ਵੱਲੋਂ ਵੱਖ-ਵੱਖ ਜਾਣਕਾਰੀ ਭਰਪੂਰ ਸਟਾਲ ਵੀ ਲਗਾਏ ਗਏ, ਜਿਨ੍ਹਾਂ ਵਿੱਚ ਪੂਰਕ ਖੁਰਾਕ, ਗਰਭ ਅਵਸਥਾ ਅਤੇ ਦੁੱਧ ਪਿਲਾਉਣ ਸਮੇਂ ਦੀ ਸੰਤੁਲਿਤ ਥਾਲੀ, ਖੁਰਾਕ ਦੀ ਮਾਤਰਾ ਬਾਰੇ ਜਾਣਕਾਰੀ, ਘੱਟ ਲਾਗਤ ਵਾਲੀਆਂ ਪੌਸ਼ਟਿਕ ਪਕਵਾਨ ਵਿਧੀਆਂ, ਰਵਾਇਤੀ ਖੁਰਾਕ ‘ਨਾਨੀ ਦੀ ਰਸੋਈ’ ਅਤੇ ਮੁੱਢਲਾ ਪੋਸ਼ਣ ਮੁਲਾਂਕਣ ‘ਆਪਣੇ ਸਰੀਰ ਨੂੰ ਜਾਣੋ’ ਆਦਿ ਵਿਸ਼ੇ ਸ਼ਾਮਲ ਸਨ।

‘ਆਪਣੇ ਸਰੀਰ ਨੂੰ ਜਾਣੋ’ ਸਟਾਲ ਵਿਖੇ ਆਉਣ ਵਾਲੇ ਲੋਕਾਂ ਦਾ ਕੱਦ, ਭਾਰ, ਸਰੀਰਕ ਭਾਰ ਸੂਚਕ ਅਤੇ ਕਮਰ ਦਾ ਘੇਰਾ ਮਾਪਿਆ ਗਿਆ ਅਤੇ ਇਸ ਦੇ ਆਧਾਰ ’ਤੇ ਉਨ੍ਹਾਂ ਨੂੰ ਖੁਰਾਕ ਅਤੇ ਪੋਸ਼ਣ ਸਬੰਧੀ ਸਲਾਹ ਵੀ ਦਿੱਤੀ ਗਈ।

ਇਸ ਪੋਸ਼ਣ ਮੇਲੇ ਨੇ ਸਿਹਤ ਕਰਮਚਾਰੀਆਂ, ਪੋਸ਼ਣ ਮਾਹਿਰਾਂ, ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ ਇੱਕ ਸਾਂਝੇ ਮੰਚ ’ਤੇ ਇਕੱਠਾ ਕਰਦਿਆਂ ਹਰ ਉਮਰ ਵਰਗ ਵਿੱਚ ਚੰਗੇ ਪੋਸ਼ਣ ਦੀ ਮਹੱਤਤਾ ਦਾ ਸੰਦੇਸ਼ ਦਿੱਤਾ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।