ਨਾਗੋਆ 4 ਅਕਤੂਬਰ ,ਬੋਲੇ ਪੰਜਾਬ ਬਿਊਰੋ;
20ਵੀਂਆਂ ਏਸ਼ਿਆਈ ਖੇਡਾਂ ਐਤਵਾਰ ਨੂੰ ਸ਼ਾਨਦਾਰ ਸਮਾਪਤੀ ਸਮਾਰੋਹ ਨਾਲ ਸਮਾਪਤ ਹੋ ਗਈਆਂ। ਦੋ ਹਫ਼ਤਿਆਂ ਤੱਕ ਚੱਲੇ ਇਸ ਖੇਡ ਮਹਾਕੁੰਭ ਵਿੱਚ ਇੱਕ ਪਾਸੇ ਜਿੱਥੇ ਨੌਜਵਾਨ ਖਿਡਾਰੀਆਂ ਨੇ ਮੈਦਾਨ ’ਚ ਇਤਿਹਾਸਕ ਪ੍ਰਦਰਸ਼ਨ ਕੀਤਾ, ਉੱਥੇ ਹੀ ਦੂਜੇ ਪਾਸੇ ਖ਼ਰਾਬ ਇੰਤਜ਼ਾਮਾਂ ਅਤੇ ਦਰਸ਼ਕਾਂ ਦੀ ਘੱਟ ਗਿਣਤੀ ਕਾਰਨ ਖੇਡਾਂ ’ਚ ਕੁਝ ਨਿਰਾਸ਼ਾ ਵੀ ਦੇਖਣ ਨੂੰ ਮਿਲੀ।
ਓਲੰਪਿਕ ਕੌਂਸਲ ਆਫ਼ ਏਸ਼ੀਆ (OCA) ਦੇ ਪ੍ਰਧਾਨ ਸ਼ੇਖ਼ ਜੋਆਨ ਬਿਨ ਹਮਦ ਅਲ ਥਾਨੀ ਨੇ ਮਿਜ਼ੂਹੋ ਪਾਰਕ ਅਥਲੈਟਿਕ ਸਟੇਡੀਅਮ ਵਿੱਚ ਖੇਡਾਂ ਦੇ ਸਮਾਪਤ ਹੋਣ ਦਾ ਰਸਮੀ ਐਲਾਨ ਕੀਤਾ ਅਤੇ ਏਸ਼ਿਆਈ ਖੇਡਾਂ ਦੀ ਮਸ਼ਾਲ 2030 ਦੀਆਂ ਖੇਡਾਂ ਦੇ ਮੇਜ਼ਬਾਨ ਦੋਹਾ (ਕਤਰ) ਦੇ ਪ੍ਰਬੰਧਕਾਂ ਨੂੰ ਸੌਂਪੀ।ਇਨ੍ਹਾਂ ਖੇਡਾਂ ਵਿੱਚ 17,000 ਦੇ ਲਗਪਗ ਖਿਡਾਰੀਆਂ ਤੇ ਅਧਿਕਾਰੀਆਂ ਨੇ ਹਿੱਸਾ ਲਿਆ, ਜੋ ਕਿ ਪੈਰਿਸ ਓਲੰਪਿਕ ਨਾਲੋਂ ਵੀ ਵੱਡੀ ਗਿਣਤੀ ਹੈ। ਟੋਕੀਓ ਤੋਂ ਓਸਾਕਾ ਤੱਕ ਫੈਲੇ ਵੱਖ-ਵੱਖ ਖੇਡ ਮੈਦਾਨਾਂ ’ਚ 469 ਸੋਨ ਤਗ਼ਮਿਆਂ ਲਈ ਮੁਕਾਬਲੇ ਕਰਵਾਏ ਗਏ। ਪ੍ਰਬੰਧਕਾਂ ਵੱਲੋਂ ਖਰਚਾ ਘਟਾਉਣ ਲਈ ਇੱਕ ਸਧਾਰਨ ਤੇ ਸੀਮਤ ਆਯੋਜਨ ਦੀ ਯੋਜਨਾ ਬਣਾਈ ਗਈ ਸੀ, ਪਰ ਟੀਮਾਂ ਦੀ ਵੱਡੀ ਗਿਣਤੀ ਕਾਰਨ ਕਾਫ਼ੀ ਅਵਿਵਸਥਾ ਦੇਖਣ ਨੂੰ ਮਿਲੀ।ਪ੍ਰਬੰਧਕੀ ਕਮੇਟੀ ਵੱਲੋਂ ਖੇਡ ਪਿੰਡ (Games Village) ਬਣਾਉਣ ਦੀ ਬਜਾਏ ਖਿਡਾਰੀਆਂ ਨੂੰ ਹੋਟਲਾਂ, ਵੁਡਨ ਕੰਟੇਨਰਾਂ ਅਤੇ ਕਰੂਜ਼ ਜਹਾਜ਼ਾਂ ’ਚ ਠਹਿਰਾਇਆ ਗਿਆ ਸੀ। 15,000 ਦੀ ਥਾਂ 17,000 ਖਿਡਾਰੀ ਤੇ ਆਫੀਸ਼ੀਅਲ ਪਹੁੰਚਣ ਕਾਰਨ ਰਜਿਸਟਰੇਸ਼ਨ ਲਈ 12-12 ਘੰਟੇ ਇੰਤਜ਼ਾਰ ਕਰਨਾ ਪਿਆ ਅਤੇ ਕਮਰਿਆਂ ਦੀ ਡਬਲ-ਬੁਕਿੰਗ ਦੀਆਂ ਸ਼ਿਕਾਇਤਾਂ ਆਈਆਂ।
ਖੇਡ ਮੈਦਾਨਾਂ ਤੱਕ ਪਹੁੰਚਣ ਲਈ ਬੱਸਾਂ ਦੀ ਦੇਰੀ ਕਾਰਨ ਕਈ ਮੈਚਾਂ ਦੇ ਸਮੇਂ ’ਚ ਬਦਲਾਅ ਕਰਨਾ ਪਿਆ। ਦੱਖਣੀ ਕੋਰੀਆ ਦੇ ਡੈਲੀਗੇਸ਼ਨ ਨੇ ਖੇਡ ਇੰਤਜ਼ਾਮਾਂ ਨੂੰ ਪੂਰੀ ਤਰ੍ਹਾਂ ‘ਫੇਲ੍ਹ’ ਕਰਾਰ ਦਿੱਤਾ। ਇਸ ਤੋਂ ਇਲਾਵਾ, ਫੁੱਟਬਾਲ ਦੇ ਫਾਈਨਲ ਵਿੱਚ ਦੱਖਣੀ ਕੋਰੀਆ ਵੱਲੋਂ ਸੋਨ ਤਗ਼ਮਾ ਜਿੱਤਣ ਤੋਂ ਬਾਅਦ ਉਨ੍ਹਾਂ ਦਾ ਰਾਸ਼ਟਰੀ ਝੰਡਾ ਨਾ ਲਹਿਰਾਇਆ ਜਾ ਸਕਣਾ ਅਤੇ ਹਾਕੀ ਮੈਚ ਦੌਰਾਨ ਦੱਖਣੀ ਕੋਰੀਆ ਲਈ ਉੱਤਰੀ ਕੋਰੀਆ ਦਾ ਰਾਸ਼ਟਰੀ ਗੀਤ ਚਲਾ ਦੇਣਾ ਵੱਡੀਆਂ ਪ੍ਰਸ਼ਾਸਨਿਕ ਭੁੱਲਾਂ ਵਜੋਂ ਦੇਖਿਆ ਗਿਆ।
ਦਰਸ਼ਕਾਂ ਦੀ ਘਾਟ ਨੇ ਵੀ ਖੇਡਾਂ ਦੇ ਰੌਂਅ ਨੂੰ ਫਿੱਕਾ ਕੀਤਾ। 50,000 ਦੀ ਸਮਰੱਥਾ ਵਾਲੇ ਸਟੇਡੀਅਮ ’ਚ ਮਹਿਲਾ ਫੁੱਟਬਾਲ ਦਾ ਸੈਮੀਫਾਈਨਲ ਦੇਖਣ ਲਈ 1,000 ਤੋਂ ਵੀ ਘੱਟ ਦਰਸ਼ਕ ਪਹੁੰਚੇ।ਯੂ ਜ਼ੀਦੀ (ਚੀਨ): 13 ਸਾਲਾ ਤੈਰਾਕ ਨੇ 3 ਸੋਨ ਤਗ਼ਮੇ ਜਿੱਤ ਕੇ ਮਹਿਲਾ ਵਰਗ ‘ਚ ‘ਮੋਸਟ ਵੈਲਿਊਏਬਲ ਪਲੇਅਰ’ (MVP) ਦਾ ਖ਼ਿਤਾਬ ਹਾਸਲ ਕੀਤਾ।
ਜ਼ਾਂਗ ਜ਼ਾਨਸ਼ੂਓ (ਚੀਨ): 19 ਸਾਲਾ ਤੈਰਾਕ ਨੇ ਇੱਕੋ ਏਸ਼ਿਆਈ ਖੇਡਾਂ ’ਚ ਰਿਕਾਰਡ 7 ਸੋਨ ਤਗ਼ਮੇ ਜਿੱਤਣ ਦਾ ਇਤਿਹਾਸ ਰਚਿਆ।
ਸ਼ਿਨ ਓਹਾਸ਼ੀ (ਜਾਪਾਨ): 17 ਸਾਲਾ ਖਿਡਾਰੀ ਨੇ 200 ਮੀਟਰ Breaststroke ’ਚ ਵਿਸ਼ਵ ਰਿਕਾਰਡ ਤੋੜਿਆ।
ਪੁਰੀਪੋਲ ਬੂਨਸਨ (ਥਾਈਲੈਂਡ): 20 ਸਾਲਾ ਐਥਲੀਟ ਨੇ 100 ਅਤੇ 200 ਮੀਟਰ ਦੌੜ ਜਿੱਤ ਕੇ ਪੁਰਸ਼ ਵਰਗ ’ਚ MVP ਦਾ ਖ਼ਿਤਾਬ ਜਿੱਤਿਆ।
ਯਾਨ ਜ਼ੀਯੀ (ਚੀਨ): 18 ਸਾਲਾ ਖਿਡਾਰਨ ਨੇ ਮਹਿਲਾ ਜੈਵਲਿਨ ਥਰੋਅ (ਨੇਜ਼ਾ ਸੁੱਟਣ) ’ਚ ਸੋਨ ਤਗ਼ਮਾ ਜਿੱਤਿਆ।ਤਗ਼ਮਾ ਸੂਚੀ ਵਿੱਚ ਚੀਨ 169 ਸੋਨ ਤਗ਼ਮਿਆਂ ਸਮੇਤ ਕੁੱਲ 341 ਤਗ਼ਮੇ ਜਿੱਤ ਕੇ ਪਹਿਲੇ ਸਥਾਨ ’ਤੇ ਰਿਹਾ, ਜੋ ਕਿ ਵਿਦੇਸ਼ੀ ਧਰਤੀ ’ਤੇ ਉਸ ਦਾ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਹੈ। ਮੇਜ਼ਬਾਨ ਜਾਪਾਨ ਨੇ ਵੀ 83 ਸੋਨ ਤਗ਼ਮਿਆਂ ਸਮੇਤ ਕੁੱਲ 269 ਤਗ਼ਮੇ ਜਿੱਤ ਕੇ 1994 ਦੀਆਂ ਹਿਰੋਸ਼ਿਮਾ ਖੇਡਾਂ ਦਾ ਆਪਣਾ ਹੀ ਰਿਕਾਰਡ ਤੋੜ ਦਿੱਤਾ।
ਇਨ੍ਹਾਂ ਖੇਡਾਂ ਵਿੱਚ ਪੈਡਲ, ਮਿਕਸਡ ਮਾਰਸ਼ਲ ਆਰਟਸ (MMA), ਟੈਕਬਾਲ ਅਤੇ ਸਰਫਿੰਗ ਵਰਗੀਆਂ ਖੇਡਾਂ ਨੇ ਪਹਿਲੀ ਵਾਰ ਸ਼ਮੂਲੀਅਤ ਕੀਤੀ। ਅਗਲੀਆਂ ਏਸ਼ਿਆਈ ਖੇਡਾਂ 2030 ’ਚ ਕਤਰ ਵਿੱਚ ਹੋਣਗੀਆਂ, ਹਾਲਾਂਕਿ ਓਲੰਪਿਕ ਕੌਂਸਲ ਇਸ ਨੂੰ 2032 ਬ੍ਰਿਸਬੇਨ ਓਲੰਪਿਕ ਦੇ ਕੁਆਲੀਫਾਇਰ ਵਜੋਂ ਇੱਕ ਸਾਲ ਅੱਗੇ ਵੀ ਖਿਸਕਾ ਸਕਦੀ ਹੈ।












