Israeli PM Benjamin Netanyahu ਵੱਲੋਂ ਕੈਪਟਨ Sumit Machhar ਨਾਲ ਫੋਨ ’ਤੇ ਗੱਲਬਾਤ

ਚੰਡੀਗੜ੍ਹ ਪੰਜਾਬ

ਚੰਡੀਗੜ੍ਹ 4 ਅਕਤੂਬਰ ,ਬੋਲੇ ਪੰਜਾਬ ਬਿਊਰੋ;

ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਫਲਾਈਦੁਬਈ ਦੇ ਭਾਰਤੀ ਪਾਇਲਟ ਕੈਪਟਨ ਸਮਿਤ ਮੱਛਾਰ ਨਾਲ ਅੱਜ ਫੋਨ ’ਤੇ ਗੱਲਬਾਤ ਕਰਦਿਆਂ ਉਸ ਦੀ ਬਹਾਦਰੀ ਦੀ ਭਰਵੀਂ ਸ਼ਲਾਘਾ ਕੀਤੀ। ਫਲਾਈਟ ਦੇ ਕੌਕਪਿਟ ਵਿੱਚ ਹੋਏ ਹਮਲੇ ਦੌਰਾਨ ਗੰਭੀਰ ਜ਼ਖ਼ਮੀ ਹੋਣ ਦੇ ਬਾਵਜੂਦ ਯਾਤਰੀਆਂ ਦੀ ਜਾਨ ਬਚਾਉਣ ਲਈ ਕੀਤੀ ਗਈ ਕੈਪਟਨ ਸਮਿਤ ਦੀ ਕੋਸ਼ਿਸ਼ ਦੀ ਇਜ਼ਰਾਈਲ ਵਿੱਚ ਵੀ ਪ੍ਰਸ਼ੰਸਾ ਹੋ ਰਹੀ ਹੈ। ਨੇਤਨਯਾਹੂ ਨੇ ਕੈਪਟਨ ਮੱਛਾਰ ਨੂੰ ‘ਸੱਚਾ ਹੀਰੋ’ ਦੱਸਿਆ ਹੈ।

ਇਜ਼ਰਾਈਲ ਵੱਲੋਂ ਕੈਪਟਨ ਮੱਛਾਰ ਨੂੰ ਆਪਣੇ ਦੇਸ਼ ਆਉਣ ਦਾ ਸੱਦਾ ਵੀ ਦਿੱਤਾ ਗਿਆ ਹੈ। ਦੂਜੇ ਪਾਸੇ ਮੁੰਬਈ ਸਥਿਤ ਇਜ਼ਰਾਈਲ ਦੇ ਦੂਤਾਵਾਸ ਨੇ ਉਨ੍ਹਾਂ ਨੂੰ ‘ਨਵਾਂ ਹੀਰੋ’ ਦੱਸਦਿਆਂ ਕਿਹਾ ਕਿ ਇਜ਼ਰਾਈਲ ਉਨ੍ਹਾਂ ਦਾ ਸਵਾਗਤ ਕਰਨ ਲਈ ਉਡੀਕ ਕਰ ਰਿਹਾ ਹੈ। ਇਸ ਤੋਂ ਇਲਾਵਾ ਇਜ਼ਰਾਈਲ ਸਰਕਾਰ ਵੱਲੋਂ ਕੈਪਟਨ ਮੱਛਾਰ ਨੂੰ ਸਨਮਾਨਿਤ ਕਰਨ ਦੀ ਤਿਆਰੀ ਵੀ ਕੀਤੀ ਜਾ ਰਹੀ ਹੈ।ਫਲਾਈਦੁਬਈ ਦੀ ਉਡਾਣ ਐੱਫਜ਼ੈੱਡ1073 ਦੁਬਈ ਤੋਂ ਤਲ ਅਵੀਵ ਜਾ ਰਹੀ ਸੀ। ਇਸ ਵਿੱਚ 174 ਯਾਤਰੀ ਸਵਾਰ ਸਨ। ਉਡਾਣ ਦੌਰਾਨ ਸਹਿ-ਪਾਇਲਟ ਨੇ ਕੈਪਟਨ ਸਮਿਤ ਮੱਛਾਰ ’ਤੇ ਹਮਲਾ ਕਰ ਦਿੱਤਾ। ਹਮਲੇ ਵਿੱਚ ਮੱਛਾਰ ਗੰਭੀਰ ਜ਼ਖ਼ਮੀ ਹੋ ਗਏ ਅਤੇ ਜਹਾਜ਼ ਵੀ ਤੇਜ਼ੀ ਨਾਲ ਹੇਠਾਂ ਵੱਲ ਜਾਣ ਲੱਗਾ। ਇਸ ਦੇ ਬਾਵਜੂਦ ਕੈਪਟਨ ਮੱਛਾਰ ਨੇ ਹਿੰਮਤ ਨਹੀਂ ਹਾਰੀ ਅਤੇ ਕੌਕਪਿਟ ਦਾ ਦਰਵਾਜ਼ਾ ਖੋਲ੍ਹਣ ਵਿੱਚ ਕਾਮਯਾਬ ਰਹੇ। ਇਸ ਨਾਲ ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਨੂੰ ਅੰਦਰ ਪਹੁੰਚ ਕੇ ਹਮਲਾਵਰ ਨੂੰ ਕਾਬੂ ਕਰਨ ਦਾ ਮੌਕਾ ਮਿਲਿਆ। ਬਾਅਦ ਵਿੱਚ ਜਹਾਜ਼ ਨੂੰ ਸਾਊਦੀ ਅਰਬ ਦੇ ਹਵਾਈ ਅੱਡੇ ’ਤੇ ਸੁਰੱਖਿਅਤ ਉਤਾਰਿਆ ਗਿਆ।ਕੈਪਟਨ ਮੱਛਾਰ ਦੀ ਇਸ ਬਹਾਦਰੀ ਦੀ ਭਾਰਤ ਤੋਂ ਇਲਾਵਾ ਇਜ਼ਰਾਈਲ ਵਿੱਚ ਵੀ ਲਗਾਤਾਰ ਸ਼ਲਾਘਾ ਹੋ ਰਹੀ ਹੈ। ਇਜ਼ਰਾਈਲੀ ਅਧਿਕਾਰੀਆਂ ਨੇ ਉਨ੍ਹਾਂ ਦਾ ਧੰਨਵਾਦ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਨੇ ਆਪਣੀ ਜਾਨ ਨੂੰ ਖ਼ਤਰੇ ਵਿੱਚ ਪਾ ਕੇ ਜਹਾਜ਼ ਵਿੱਚ ਸਵਾਰ ਲੋਕਾਂ ਦੀ ਜਾਨ ਬਚਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਨੇਤਨਯਾਹੂ ਨੇ ਵੀ ਉਨ੍ਹਾਂ ਨੂੰ ‘ਸੱਚਾ ਹੀਰੋ’ ਕਹਿੰਦਿਆਂ ਉਨ੍ਹਾਂ ਦੀ ਬਹਾਦਰੀ ਨੂੰ ਸਲਾਮ ਕੀਤਾ ਹੈ।

ਕੈਪਟਨ ਸਮਿਤ ਮੱਛਾਰ ਇਸ ਸਮੇਂ ਅਬੂਧਾਬੀ ਦੇ ਹਸਪਤਾਲ ਵਿੱਚ ਇਲਾਜ ਅਧੀਨ ਹਨ। ਭਾਰਤੀ ਦੂਤਾਵਾਸ ਮੁਤਾਬਕ ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ ਅਤੇ ਉਨ੍ਹਾਂ ਨੂੰ ਬਿਹਤਰੀਨ ਡਾਕਟਰੀ ਦੇਖਭਾਲ ਮਿਲ ਰਹੀ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।