ਚੰਡੀਗੜ੍ਹ 14 ਨਵੰਬਰ ,ਬੋਲੇ ਪੰਜਾਬ ਬਿਊਰੋ;
ਪੰਜਾਬ ਦੀ ਮੌਜੂਦਾ ਸਰਕਾਰ ਵੱਲੋਂ ਚੋਣਾਂ ਦੌਰਾਨ ਕੀਤੇ ਵਾਅਦਿਆਂ ਤੋਂ ਪਿੱਛੇ ਹਟਣ ਅਤੇ ਲਗਾਤਾਰ ਮੀਟਿੰਗਾਂ ਰੱਦ ਕਰਨ ਦੇ ਰਵੱਈਏ ਖ਼ਿਲਾਫ਼ ਸੂਬੇ ਭਰ ਦੀਆਂ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸੇ ਰੋਸ ਵਜੋਂ‘ਸਰਵ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ’ ਨੇ ਹੁਣ ਸਰਕਾਰ ਨਾਲ ਆਰ-ਪਾਰ ਦੀ ਲੜਾਈ ਲੜਨ ਦਾ ਮਨ ਬਣਾ ਲਿਆ ਹੈ। ਯੂਨੀਅਨ ਦੀ ਸੂਬਾ ਪ੍ਰਧਾਨ ਬਰਿੰਦਰਜੀਤ ਕੌਰ ਛੀਨਾ ਨੇ ਇੱਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਐਲਾਨ ਕੀਤਾ ਹੈ ਕਿ ਆਉਣ ਵਾਲੀ 16 ਨਵੰਬਰ ਨੂੰ ਪੂਰੇ ਪੰਜਾਬ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਆਂਗਣਵਾੜੀ ਵਰਕਰਾਂ, ਹੈਲਪਰਾਂ ਅਤੇ ਆਂਗਣਵਾੜੀ-ਕਮ-ਕਰੈੱਚ ਵਰਕਰਾਂ ਸੰਗਰੂਰ ਵਿਖੇ ਇਕੱਠੀਆਂ ਹੋਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਦਾ ਘਿਰਾਓ ਕਰਨਗੀਆਂ।
ਮੈਡਮ ਬਰਿੰਦਰਜੀਤ ਕੌਰ ਛੀਨਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਆਂਗਣਵਾੜੀ ਵਰਕਰ ਹੈਲਪਰ ਅਤੇ ਆਂਗਣਵਾੜੀ ਕਮ ਕਰੈੱਚ ਵਰਕਰ ਹੈਲਪਰ ਦਾ ਮਾਣ ਭੱਤਾ ਦੁੱਗਣਾ ਕਰਨ ਦਾ ਵਾਅਦਾ ਕੀਤਾ ਗਿਆ ਸੀ ਅਤੇ ਚੋਣ ਮੈਨੀਫ਼ੈਸਟੋ ਵਿੱਚ ਵੀ ਸ਼ਾਮਲ ਕੀਤਾ ਗਿਆ। ਪਰ ਇਸ ਤਰ੍ਹਾਂ ਪ੍ਰਤੀਤ ਹੋ ਰਿਹਾ ਹੈ ਕਿ ਸਰਕਾਰ ਨੇ ਬੇਰੁਖ਼ੀ ਦਾ ਰਸਤਾ ਅਪਣਾਇਆ ਹੋਇਆ ਹੈ ਕਿਉਂਕਿ ਸਰਕਾਰ ਵੱਲੋਂ ਹੁਣ ਤੱਕ ਲਗਭਗ ਚਾਰ ਮੀਟਿੰਗਾਂ ਰੱਦ ਕੀਤੀਆਂ ਗਈਆਂ ਹਨ।
ਮਾਨ ਸਰਕਾਰ ਦੇ ਕਠੋਰਤਾ ਭਰੇ ਰਵੱਈਏ ਕਾਰਨ ਵਰਕਰਾਂ ਅਤੇ ਹੈਲਪਰਾਂ ਵਿੱਚ ਭਾਰੀ ਰੋਸ ਹੈ, ਜਿਸ ਕਾਰਨ ਪੂਰੇ ਪੰਜਾਬ ਤੋਂ ਵਰਕਰਾਂ ਅਤੇ ਹੈਲਪਰਾਂ ਸੰਗਰੂਰ ਵਿਖੇ ਪਹੁੰਚ ਕੇ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨਗੇ। ਕਿਉਂਕਿ ਸਰਕਾਰ ਦਾ ਕਾ ਰਜਕਾਲ ਲਗਭਗ ਪੂਰਾ ਹੋਣ ਨੂੰ ਹੈ, ਪਰ ਬਾਰ ਬਾਰ ਮੀਟਿੰਗਾਂ ਦਾ ਸਮਾਂ ਦੇ ਕੇ ਮੀਟਿੰਗਾਂ ਰੱਦ ਕਰਕੇ ਸਰਕਾਰ ਆਪਣਾ ਸਮਾਂ ਟਪਾ ਰਹੀ ਹੈ ਜਿਸ ਕਾਰਨ ਪੂਰੇ ਪੰਜਾਬ ਦੀਆਂ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਵਿੱਚ ਭਾਰੀ ਰੋਸ ਹੈ।
ਇਸ ਦੇ ਰੋਸ ਵਜੋਂ 16 ਨਵੰਬਰ ਨੂੰ ਸੂਬਾ ਪੱਧਰੀ ਰੋਸ ਰੈਲੀ ਸੰਗਰੂਰ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦੇ ਬਾਹਰ ਕੀਤੀ ਜਾਵੇਗੀ। ਜਿਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੋਵੇਗੀ। ਇਸ ਤੋਂ ਪਹਿਲਾਂ ਹੀ ਸਰਵ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਦੇ ਅਹੁਦੇਦਾਰਾਂ ਨੇ 23 ਅਕਤੂਬਰ ਨੂੰ ਪੰਜਾਬ ਪ੍ਰਧਾਨ ਅਮਨ ਅਰੋੜਾ ਨਾਲ ਮੀਟਿੰਗ ਕੀਤੀ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ 29 ਅਗਸਤ ਨੂੰ ਮੀਟਿੰਗ ਦਾ ਸਮਾਂ ਦਿੱਤਾ ਗਿਆ।
ਜਿਸ ਵਿੱਚ ਵਿੱਤ ਮੰਤਰੀ ਵੱਲੋਂ 15 ਦਿਨ ਵਿੱਚ ਮਾਣ ਭੱਤਾ ਦੁੱਗਣਾ ਕਰਨ ਦਾ ਦਾਅਵਾ ਕੀਤਾ। ਪਰ ਵਿੱਤ ਮੰਤਰੀ ਆਪਣੇ ਕਹੇ ਹੋਏ ਸ਼ਬਦਾਂ ਤੇ ਪੂਰੇ ਨਹੀਂ ਉਤਰੇ। ਮੈਡਮ ਛੀਨਾ ਵੱਲੋਂ 3 ਅਕਤੂਬਰ ਦੇ ਧਰਨੇ ਦਾ ਸਮਾਂ ਬਦਲ ਕੇ ਸਰਕਾਰ ਨੂੰ ਘੇਰਨ ਦਾ ਸੱਦਾ 15 ਦਿਨ ਅੱਗੇ ਪਾ ਦਿੱਤਾ ਗਿਆ ਸੀ। ਇਸ ਰੋਸ ਪ੍ਰਦਰਸ਼ਨ ਨੂੰ 18 ਤਾਰੀਖ਼ ਤੱਕ ਮੁਲਤਵੀ ਕਰ ਦਿੱਤਾ ਗਿਆ ਤਾਂ ਜੋ ਸਰਕਾਰ ਨੂੰ ਸਮਾਂ ਮਿਲ ਸਕੇ। ਇੰਨਾ ਸਮਾਂ ਬੀਤਣ ਦੇ ਬਾਵਜੂਦ ਵੀ ਕੋਈ ਸਿੱਟਾ ਨਹੀਂ ਨਿਕਲਿਆ। 18 ਅਕਤੂਬਰ ਵਾਲਾ ਰੋਸ ਪ੍ਰਦਰਸ਼ਨ ਤਿਉਹਾਰਾਂ ਦੇ ਚੱਲਦਿਆਂ ਬਦਲ ਕੇ 23 ਅਕਤੂਬਰ ਨੂੰ ਕੀਤਾ ਗਿਆ ਜਦਕਿ 26 ਅਕਤੂਬਰ ਨੂੰ ਮੁੱਖ ਮੰਤਰੀ ਨਾਲ ਮੀਟਿੰਗ ਦਾ ਪੱਤਰ ਡੀ ਸੀ ਸੰਗਰੂਰ ਵੱਲੋਂ ਜਾਰੀ ਕੀਤਾ ਗਿਆ, ਜਿਸ ਕਾਰਨ ਧਰਨਾ ਮੁਲਤਵੀ ਕਰ ਦਿੱਤਾ ਗਿਆ।
26 ਅਕਤੂਬਰ ਨੂੰ ਦੁਬਾਰਾ ਮੁੱਖ ਮੰਤਰੀ ਨਾਲ ਦਿੱਤੀ ਮੀਟਿੰਗ ਰੱਦ ਕੀਤੀ ਗਈ ਅਤੇ 7 ਨਵੰਬਰ ਦੀ ਚਿੱਠੀ ਦੁਬਾਰਾ ਡੀ ਸੀ ਸੰਗਰੂਰ ਵੱਲੋਂ ਜਾਰੀ ਕੀਤੀ ਗਈ ਜਦਕਿ ਮੀਟਿੰਗ 7 ਨਵੰਬਰ ਨੂੰ ਵੀ ਨਹੀਂ ਹੋਈ, ਇਹ ਮੀਟਿੰਗ ਵੀ ਮੁਲਤਵੀ ਕਰ ਦਿੱਤੀ ਗਈ ਅਤੇ ਪੂਰਾ ਇੱਕ ਮਹੀਨਾ ਟਪਾ ਕੇ ਮੀਟਿੰਗ ਦਾ ਸਮਾਂ ਰੱਖਿਆ ਗਿਆ ਜਿਸ ਕਾਰਨ ਜਥੇਬੰਦੀ ਵਿੱਚ ਭਾਰੀ ਰੋਸ ਹੈ।
ਜਥੇਬੰਦੀ ਦੀ ਮੁੱਖ ਮੰਗ ਮੁੱਖ ਮੰਤਰੀ ਨਾਲ ਜਲਦ ਤੋਂ ਜਲਦ ਮੀਟਿੰਗ ਅਤੇ ਚੋਣ ਮੈਨੀਫੈਸਟੋ ਵਿੱਚ ਕੀਤਾ ਵਾਅਦਾ ਮਾਣ ਭੱਤਾ ਦੁੱਗਣਾ ਕਰਨ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ ਨਹੀਂ ਤਾਂ ਅਣਮਿੱਥੇ ਸਮੇਂ ਲਈ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। 16 ਨਵੰਬਰ ਦੇ ਰੋਸ ਪ੍ਰਦਰਸ਼ਨ ਵਿੱਚ ਪੂਰੇ ਪੰਜਾਬ ਤੋਂ ਆਂਗਣਵਾੜੀ ਵਰਕਰ, ਹੈਲਪਰ ਅਤੇ ਆਂਗਣਵਾੜੀ ਕਮ ਕਰੈੱਚ ਵਰਕਰ ਹੈਲਪਰ ਸ਼ਾਮਿਲ ਹੋਣਗੀਆਂ। ਮੰਗਾਂ ਨਾ ਮੰਨੇ ਜਾਣ ਦੀ ਸੂਰਤ ਵਿੱਚ ਸਰਕਾਰ ਨਾਲ ਅਣਮਿੱਥੇ ਸਮੇਂ ਲਈ ਸੰਗਰੂਰ ਵਿਖੇ ਧਰਨਾ ਲਗਾ ਕੇ ਆਰ ਪਾਰ ਦੀ ਲੜਾਈ ਕੀਤੀ ਜਾਵੇਗੀ, ਜਿਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ
ਹੋਵੇਗੀ।












