ਰਿਹੋ ਬਚ ਕੇ ਪੰਜਾਬੀਓ, ਹੋਰ ਨਾ ਝੜਾ ਦਿਓ ਕੋਈ ਚੰਦ ਜੀ!

ਸਾਹਿਤ ਪੰਜਾਬ

ਪੰਜਾਬ ਵਿੱਚ ਇੱਕ ਵਾਰ ਭਿਆਨਕ ਚੇਚਕ ਫੈਲੀ ਤਾਂ ਚੇਚਕ ਦਾ ਸਰੋਤ ਚੂਹੇ ਦੀ ਮੱਖੀ ਤੇ ਪਾਇਆ ਗਿਆ। ਚੂਹੇ ਵੈਸੇ ਵੀ ਪੰਜਾਬ ਦੀ ਕਿਸਾਨੀ ਨੂੰ ਫਸਲਾਂ ਦੇ ਅਨਾਜ ਦੀ ਬਰਬਾਦੀ ਤਾਂ ਕਰਦੇ ਹੀ ਹਨ, ਕਈ ਵਾਰੀ ਸਿਆੜਾਂ ਵਿੱਚ ਪਾਇਆ ਹੋਇਆ ਬੀਜ ਵੀ ਚੁੱਕ ਕੇ ਲੈ ਜਾਂਦੇ। ਸੋ ਚੂਹਿਆਂ ਨੂੰ ਖਾਣ ਵਾਸਤੇ ਸੱਪਾਂ ਦੀ ਜਰੂਰਤ ਸੀ ਜਿਸ ਕਰਕੇ ਸੱਪਾਂ ਨੂੰ ਦੁਸ਼ਮਣ ਜੰਤੂਆਂ ਦੀ ਸ਼੍ਰੇਣੀ ਵਿੱਚ ਨਹੀਂ ਰੱਖਿਆ ਜਾਂਦਾ। ਲਿਹਾਜ਼ਾ ਸੱਪ ਦੁਸ਼ਮਣਾਂ ਦੇ ਦੁਸ਼ਮਣ ਜਾਪਦੇ ਨੇ ਤੇ ਖੇਤਾਂ ਵਿੱਚ ਇਹਨਾਂ ਨੂੰ ਨਹੀਂ ਮਾਰਿਆ ਜਾਂਦਾ ਪਰ ਹੁਣ ਸੱਪਾਂ ਨੇ ਸਿਆਸਤ ਸਿੱਖ ਲਈ ਹੈ। ਉਹ ਸਿਰਫ ਚੂਹਿਆਂ ਨੂੰ ਡਰਾਉਂਦੇ ਨੇ, ਉਹਨਾਂ ਚੂਹਿਆਂ ਨੂੰ ਮੁਕਾਉਂਦੇ ਨਹੀਂ। ਚੂਹਿਆਂ ਦੀ ਵੀ ਪਿੱਠ ਥਾਪੜਦੇ ਨੇ ਡੰਗ ਵੀ ਮਾਰਦੇ ਨੇ ਤੇ ਫਿਰ ਇਹਨਾਂ ਦਾ ਡੰਗਿਆ ਹੋਇਆ ਬੰਦਾ ਵੀ ਜ਼ਹਿਰੀਲੀਆਂ ਗੱਲਾਂ ਕਰਨ ਲੱਗ ਜਾਂਦਾ ਹੈ। ਉਹਨਾਂ ਦੀ ਜ਼ੁਬਾਨ ਵਿੱਚ ਫਿਰਕਾਪ੍ਰਸਤੀ, ਨਫਰਤਾਂ, ਜਾਤੀ ਭੇਦਭਾਵ, ਊਚ ਨੀਚ ਹਰੇਕ ਕਿਸਮ ਦਾ ਜ਼ਹਿਰ ਭ੍ਰਿਸ਼ਟਾਚਾਰ ਤੱਕ ਘੱਟ ਗਿਣਤੀਆਂ ਨੂੰ ਖੂੰਜੇ ਲਾਉਣ ਤੱਕ ਬਹੁਤ ਕੁਝ ਇਹਨਾਂ ਸੱਪਾਂ ਦੇ ਜ਼ਹਿਰ ਦੀ ਪੈਦਾਇਸ਼ ਹੈ। ਇਹ ਸੱਪ ਪੰਜਾਬ ਵਿੱਚ ਬੜੀ ਤੇਜ਼ੀ ਨਾਲ ਵਧ ਰਹੇ ਹਨ ਤੇ ਭੋਲੇ ਪੰਜਾਬੀ ਅਜੇ ਵੀ ਇਹਨਾਂ ਸੱਪਾਂ ਨੂੰ ਚੂਹੇ ਖਾਣੇ ਸੱਪ ਹੀ ਸਮਝ ਰਹੇ ਹਨ, ਜਦਕਿ ਇਹਨਾਂ ਦੀ ਵਰਜ਼ਨ, ਇਹਨਾਂ ਦੀ ਵੰਨਗੀ, ਇਹਨਾਂ ਦੀ ਨਸਲ ਵਧੇਰੇ ਖਤਰਨਾਕ ਹੋ ਕੇ ਭਾਰਤੀ ਸਿਆਸਤ ਨੂੰ ਬਹੁਤ ਵੱਡੇ ਡੰਗ ਮਾਰ ਰਹੀ ਹੈ।
ਸਿਆਸੀ ਸੱਪਾਂ, ਸੱਪਣੀਆਂ ਤੇ ਸਰਾਲਾਂ ਦੀਆਂ ਅਨੇਕ ਕਿਸਮਾਂ ਹਨ। ਪੰਜਾਬ ਦੇ ਵਿੱਚ ਬਹੁਗਿਣਤੀ ਸੱਪ ਜ਼ਹਿਰੀਲੇ ਘੱਟ ਤੇ ਫੂਕਾਰੇ ਵਾਲੇ ਹਨ। ਕੁੱਝ ਫਰਾਟਾਂ ਮਾਰਨ ਵਾਲੇ ਹਨ। ਉਹ ਦੂਜੇ ਤੀਜੇ ਦਿਨ ਮੀਡੀਏ ਸਾਹਮਣੇ ਆਪਣੀਆਂ ਪਟਾਰੀਆਂ ਖੋਲ੍ਹ ਕੇ ਬਹਿ ਜਾਂਦੇ ਹਨ। ਫੇਰ ਉਹ ਨਾਗਾਂ ਦੀਆਂ ਨਵੀਆਂ ਕਿਸਮਾਂ ਦਿਖਾਉਂਦੇ ਹਨ। ਦੱਸਦੇ ਹਨ ਕਿ ਇਹਨਾਂ ਨੇ ਵਿਕਾਸ ਕਾਰਜਾਂ ਵਿੱਚ ਕਿਥੇ ਕਿਥੇ ਡੰਗ ਮਾਰਿਆ ਹੈ।
ਇਸੇ ਤਰ੍ਹਾਂ ਨਾਗਪੁਰ ਵਾਲਿਆਂ ਨੇ ਆਪਣੇ ਨਾਗਾਂ ਨੂੰ ਇਸ ਤਰ੍ਹਾਂ ਦੀ ਪੁੱਠ ਚਾੜ੍ਹੀ ਹੈ ਕਿ ਉਹਨਾਂ ਦੇ ਮੂੰਹ ਤੇ ਦਾੜ੍ਹੀ ਹੈ, ਹੇਠਾਂ ਨਿਕਰ ਥੱਲੇ ਸਾੜੀ ਹੈ। ਦਾੜ੍ਹੀ ਤੋਂ ਗੱਲ ਚੇਤੇ ਆਉਂਦੀ ਹੈ ਸਿਆਸਤ ਵਿੱਚ ਦਾੜ੍ਹੀ ਵਾਲੀਆਂ ਬੀਬੀਆਂ ਬਹੁਤ ਹਨ। ਇੱਕ ਕੈਨੇਡਾ ਸੈਰ ਕਰਨ ਲਈ ਗਈ। ਜਦੋਂ ਉਹ ਵਾਪਸ ਪਰਤੀ ਤਾਂ ਬੀਬੀ ਜੀ ਦੀ ਦਾੜ੍ਹੀ ਗਾਇਬ ਸੀ। ਉਂਝ ਸਿੱਖ ਧਰਮ ਵਿੱਚ ਰੋਮਾਂ ਦੀ ਬੇਅਬਦੀ ਕਰਨੀ ਪਾਪ ਹੈ। ਪਰ ਇਹ ਪਾਪ ਹੁਣ ਪੁੰਨ ਵਿਚ ਬਦਲ ਰਿਹਾ ਹੈ। ਨੰਨ੍ਹੀ ਛਾਂ ਵਾਲ਼ੀ ਬੀਬੀ ਵੀ ਖੁਸਰੇ ਦੀ ਅੱਡੀ ਵਰਗਾ ਮੂੰਹ ਬਣਾ ਕੇ ਰੱਖਦੀ ਹੈ।
ਖ਼ੈਰ ਆਪਾਂ ਕੀ ਲੈਣਾ ਹੈ ਆਪਾਂ ਗੱਲ ਕਰਦੇ ਹਾਂ ਮੌਸਮੀ ਨਾਗਾਂ ਤੇ ਨਾਗਣੀਆਂ ਦੀ। ਜਿਵੇਂ ਰਾਗ ਤੇ ਰਾਗਣੀਆਂ ਹੁੰਦੀਆਂ ਹਨ। ਇਸੇ ਤਰ੍ਹਾਂ ਸਿਆਸਤ ਵਿੱਚ ਹੁੰਦਾ ਹੈ।
ਉਧਰ ਮੁਹੰਮਦ ਸਦੀਕ ਗਾਉਂਦਾ ਹੈ ਕਿ,
“ਹੋਰ ਨਾ ਝੜਾ ਦੀ ਕੋਈ ਚੰਦ ਨੀ, ਰਹੀ ਬਚ ਕੇ ਹਾਣਨੇ।”
ਚੋਣਾਂ ਤੋਂ ਪਹਿਲਾਂ ਨਾਗਪੁਰੀ ਨਾਗਣੀ ਦੇ ਬੱਚੇ ਆਂਡਿਆਂ ਵਿੱਚੋਂ ਬਾਹਰ ਆਉਣ ਲੱਗੇ ਹਨ। ਇਹਨਾਂ ਹਰ ਸਿਆਸੀ, ਸਮਾਜਿਕ, ਧਾਰਮਿਕ ਤੇ ਮੁਲਾਜ਼ਮ ਜਥੇਬੰਦੀਆਂ ਵਿੱਚ ਘੁਸਪੈਠ ਕਰ ਲੀ ਹੈ। ਜਦੋਂ ਚੋਣਾਂ ਦੀ ਰੁੱਤ ਆਉਂਦੀ ਹੈ ਤਾਂ ਸਿਆਸਤ ਦੇ ਖੇਤਾਂ ਵਿੱਚ ਬਹੁਤ ਸਾਰੇ ਮੌਸਮੀ ਪੰਛੀ ਹੀ ਨਹੀਂ, ਸਗੋਂ ਲੁਕਵੇਂ ਸੱਪਾਂ ਦੀਆਂ ਸਿਰੀਆਂ ਵੀ ਦਿਖਾਈ ਦੇਣ ਲੱਗ ਪੈਂਦੀਆਂ ਹਨ। ਸਿਆਲ ਦੇ ਦਿਨਾਂ ਵਿੱਚ ਠੰਢੇ ਦੇਸ਼ਾਂ ਤੋਂ ਕੂੰਜਾਂ ਆਉਂਦੀਆਂ ਹਨ। ਹੁਣ ਵਿਦੇਸ਼ਾਂ ਵਿਚੋਂ ਪੰਜਾਬੀ ਆਉਣਗੇ।
ਜਿਉਂ-ਜਿਉਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਨੇੜੇ ਆਉਣ ਲੱਗਦੀਆਂ ਹਨ, ਤਿਉਂ-ਤਿਉਂ ਨਾਗਪੁਰੀ ਨਾਗਣੀ ਦੇ ਆਂਡਿਆਂ ਵਿੱਚੋਂ ਪਾਲੇ-ਪੋਸੇ ਬੱਚੇ ਬਾਹਰ ਆਉਣ ਲੱਗ ਪੈਂਦੇ ਹਨ। ਇਨ੍ਹਾਂ ਬੱਚਿਆਂ ਦੀ ਖ਼ਾਸੀਅਤ ਇਹ ਹੈ ਕਿ ਇਨ੍ਹਾਂ ਨੂੰ ਜਨਮ ਤੋਂ ਹੀ ਸਿਆਸੀ ਸਿਖਲਾਈ ਦਿੱਤੀ ਜਾਂਦੀ ਹੈ। ਕੌਨਵੈਂਟ ਸਕੂਲਾਂ ਵਿੱਚ ਪੜ੍ਹਾਈ ਕਰਵਾਈ ਜਾਂਦੀ ਹੈ, ਬੌਧਿਕਤਾ ਦਾ ਮੁਲੰਮਾ ਚਾੜ੍ਹਿਆ ਜਾਂਦਾ ਹੈ ਅਤੇ ਫਿਰ ਪੰਜਾਬ ਦੀਆਂ ਸਿਆਸੀ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਵਿੱਚ ਇਸ ਤਰ੍ਹਾਂ ਫਿੱਟ ਕੀਤਾ ਜਾਂਦਾ ਹੈ, ਜਿਵੇਂ ਜੈਤੋਂ ਵਾਲੇ ਮਿਸਤਰੀ ਨੇ ਜੋੜੀ ਠੋਕੀ ਹੋਵੇ। ਜੋੜ ਵੀ ਕੋਈ ਆਮ ਨਹੀਂ, ਜੋੜ ਫੈਵੀਕੋਲ ਵਰਗਾ ਪੱਕਾ! ਉੱਪਰੋਂ ਵੇਖਣ ਵਾਲੇ ਨੂੰ ਲੱਗਦਾ ਹੈ ਕਿ ਇਹ ਪੰਜਾਬ ਦੇ ਹਿੱਤਾਂ ਲਈ ਬਣਿਆ ਸੰਗਠਨ ਹੈ, ਅੰਦਰਲੇ ਜੋੜਾਂ ਦੀ ਪੜਤਾਲ ਕਰੋ ਤਾਂ ਕਈ ਸਵਾਲ ਖੜ੍ਹੇ ਹੋ ਜਾਂਦੇ ਹਨ। ਲੋਕ ਗੀਤਾਂ ਦੀ ਭਾਸ਼ਾ ਵਿੱਚ ਆਖੀਏ ਤਾਂ:
“ਕਾਲੇ ਕਾਵਾਂ ਵੇ, ਤੂੰ ਕਾਹਦਾ ਸੁਨੇਹਾ ਲਿਆਇਆ,
ਕਿਸ ਨੇ ਸਾਡੇ ਵਿਹੜੇ ਅੰਦਰ, ਆਪਣਾ ਆਲ੍ਹਣਾ ਪਾਇਆ?”
ਪੰਜਾਬ ਵਿੱਚ ਗਿਣਤੀ ਦੀਆਂ ਪੰਜ ਕੁ ਸਿਆਸੀ ਪਾਰਟੀਆਂ ਹੀ ਲਗਾਤਾਰ ਸਰਗਰਮ ਦਿਖਾਈ ਦਿੰਦੀਆਂ ਹਨ। ਬਾਕੀ ਢਾਈ ਦਰਜਨ ਦੇ ਕਰੀਬ ਸਿਆਸੀ ਪਾਰਟੀਆਂ ਮੌਸਮੀ ਫ਼ਸਲ ਵਾਂਗ ਹਨ। ਚੋਣਾਂ ਆਉਣ ਤਾਂ ਬੀਜ ਪੁੰਗਰਨ ਲੱਗਦੇ ਹਨ, ਝੰਡੇ ਨਿਕਲ ਆਉਂਦੇ ਹਨ, ਨਵੇਂ ਚਿਹਰੇ ਸਾਹਮਣੇ ਆ ਜਾਂਦੇ ਹਨ ਅਤੇ ਲੋਕਾਂ ਦੇ ਹੱਕਾਂ ਦੀ ਰਾਖੀ ਕਰਨ ਦੇ ਐਲਾਨ ਹੋਣ ਲੱਗਦੇ ਹਨ। ਚੋਣਾਂ ਲੰਘਣ ਤੋਂ ਬਾਅਦ ਇਹੋ ਜਿਹੀਆਂ ਪਾਰਟੀਆਂ ਮੁੜ ਕਿਸੇ ਸਿਆਸੀ ਕੋਠੇ ਦੀ ਛੱਤ ਉੱਤੇ ਪਈਆਂ ਪੁਰਾਣੀਆਂ ਪੰਡਾਂ ਬਣ ਜਾਂਦੀਆਂ ਹਨ।
ਇਸ ਵਾਰ ਨਾਗਪੁਰ ਵਾਲਿਆਂ ਦੀ ਸਿਆਸੀ ਸਰਗਰਮੀ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਹਨ। ਉਹਨਾਂ ਦੇ ਸੇਵਕਾਂ ਵਲੋਂ ਪੰਜਾਬ ਦੇ ਸਮਾਜਿਕ, ਧਾਰਮਿਕ ਅਤੇ ਸਿਆਸੀ ਖੇਤਰਾਂ ਵਿੱਚ ਵਿਚਾਰਧਾਰਕ ਪਹੁੰਚ ਬਣਾਉਣ ਲਈ ਲੰਮੇ ਸਮੇਂ ਤੋਂ ਕੰਮ ਕੀਤਾ ਜਾ ਰਿਹਾ ਹੈ। ਕਿਉਂਕਿ ਉਹਨਾਂ ਕੋਲ ਸੱਤਾ ਦੀ ਸ਼ਕਤੀ ਹੈ।
ਹੁਣ ਹੀ ਚੰਦਾ ਤੇ ਗੋਲਕ ਚੋਰ ਪਾਰਟੀਆਂ ਦਾ ਗੱਠਜੋੜ ਹੋਇਆ ਹੈ। ਗੋਲਕ ਚੋਰਾਂ ਦੇ ਭੇਖ ਵਿੱਚ ਚੰਦਾ ਚੋਰ ਪਾਰਟੀ ਬੰਦੇ ਇਸ ਵਾਰ ਚੋਣਾਂ ਲੜਨਗੇ। ਮੂੰਹ ਬੱਸ ਦਾ ਪਿੱਛਾ ਟਰੱਕ ਦਾ, ਸਿੱਖ ਬੱਸ ਦੇ ਭੁਲੇਖੇ ਨਾਲ ਟਰੱਕ ਚੜ੍ਹਨਗੇ। ਬਹੁਗਿਣਤੀ ਸਿਆਸੀ ਆਗੂ ਤਾਂ ਪਹਿਲਾਂ ਹੀ ਸਵਾਰ ਹੋ ਗਏ ਹਨ, ਆਪਣੀ ਲੁੱਟ ਦੀਆਂ ਫਰਦਾਂ ਬਚਾਉਣ ਲਈ। ਬਾਕੀ ਉਡੀਕ ਘਰ ਬੈਠੇ ਹਨ।
ਸਵਾਲ ਇਹ ਨਹੀਂ ਕਿ ਕੋਈ ਪੰਜਾਬ ਵਿੱਚ ਆ ਕੇ ਸੰਗਠਨ ਕਿਉਂ ਬਣਾਉਂਦਾ ਹੈ। ਸਵਾਲ ਇਹ ਹੈ ਕਿ ਉਸ ਦਾ ਏਜੰਡਾ ਕੀ ਹੈ? ਉਸ ਦੀ ਵਫ਼ਾਦਾਰੀ ਕਿਸ ਨਾਲ ਹੈ? ਉਸ ਦੀ ਵਿਚਾਰਧਾਰਾ ਪੰਜਾਬ ਦੀ ਬਹੁ-ਧਾਰਮਿਕ, ਬਹੁ-ਸੱਭਿਆਚਾਰਕ ਅਤੇ ਪੰਜਾਬੀਅਤ ਦੀ ਸਾਂਝ ਨਾਲ ਕਿੰਨੀ ਕੁ ਮੇਲ ਖਾਂਦੀ ਹੈ? ਲੋਕ ਬੋਲੀ ਵਿੱਚ ਇਸ ਸਿਆਸਤ ਦਾ ਮਿਜ਼ਾਜ ਕੁਝ ਇਉਂ ਹੈ:
ਚਰਖਾ ਕੱਤਦੀ ਮੁਟਿਆਰ ਨੀ,
ਤੰਦਾਂ ਕੌਣ ਵਟਾਉਂਦਾ?
ਪਿੰਡ ਤਾਂ ਸਾਡਾ ਆਪਣਾ ਨੀ,
ਵਿਹੜੇ ਕੌਣ ਵਸਾਉਂਦਾ?
ਇੱਥੇ ਸਭ ਤੋਂ ਵੱਡੀ ਮੁਸ਼ਕਲ ਇਹ ਹੈ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਇਹ ਪਛਾਣਨਾ ਔਖਾ ਹੋ ਰਿਹਾ ਹੈ ਕਿ ਉਨ੍ਹਾਂ ਦੇ ਹੱਕਾਂ ਲਈ ਆਵਾਜ਼ ਉਠਾਉਣ ਵਾਲਾ ਕੌਣ ਹੈ ਅਤੇ ਉਨ੍ਹਾਂ ਦੇ ਮੋਢਿਆਂ ਉੱਤੇ ਚੜ੍ਹ ਕੇ ਆਪਣਾ ਸਿਆਸੀ ਘਰ ਬਣਾਉਣ ਵਾਲਾ ਕੌਣ?
ਕਿਸਾਨੀ ਦੇ ਮਸਲੇ ਉੱਤੇ ਕੌਣ ਖੜ੍ਹਾ ਹੈ? ਪੰਜਾਬੀ ਭਾਸ਼ਾ ਦੀ ਗੱਲ ਕੌਣ ਕਰਦਾ ਹੈ? ਪੰਜਾਬ ਦੇ ਦਰਿਆਈ ਪਾਣੀਆਂ ਦੀ ਲੁੱਟ ਵਿਰੁੱਧ ਕੌਣ ਬੋਲਦਾ ਹੈ? ਚੰਡੀਗੜ੍ਹ, ਪੰਜਾਬੀ ਬੋਲਦੇ ਇਲਾਕਿਆਂ ਅਤੇ ਸੂਬੇ ਦੇ ਹੱਕਾਂ ਦੀ ਗੱਲ ਕੌਣ ਕਰਦਾ ਹੈ? ਨੌਜਵਾਨਾਂ ਦੇ ਰੁਜ਼ਗਾਰ, ਸਿੱਖਿਆ ਅਤੇ ਸਿਹਤ ਦੇ ਮੁੱਦਿਆਂ ਉੱਤੇ ਕੌਣ ਸੰਘਰਸ਼ ਕਰਦਾ ਹੈ? ਸਿਰਫ਼ ਪੱਗ ਬੰਨ੍ਹ ਲੈਣ ਨਾਲ ਕੋਈ ਪੰਜਾਬ ਦਾ ਪੁੱਤ ਨਹੀਂ ਬਣ ਜਾਂਦਾ। ਪੰਜਾਬੀ ਬੋਲਣ ਨਾਲ ਕੋਈ ਪੰਜਾਬੀਅਤ ਦਾ ਪਹਿਰੇਦਾਰ ਨਹੀਂ ਬਣ ਜਾਂਦਾ। ਪੰਜਾਬ ਦੇ ਲੋਕਾਂ ਦੇ ਦੁੱਖਾਂ ਵਿੱਚ ਖੜ੍ਹਨਾ ਪੈਂਦਾ ਹੈ। ਉਨ੍ਹਾਂ ਦੇ ਹੱਕਾਂ ਲਈ ਆਪਣੀ ਸਿਆਸੀ ਸਹੂਲਤ ਤੋਂ ਉੱਪਰ ਉੱਠਣਾ ਪੈਂਦਾ ਹੈ। ਇੱਕ ਹੋਰ ਲੋਕ ਬੋਲੀ ਯਾਦ ਆਉਂਦੀ ਹੈ: ਸਾਡਾ ਚਿੜੀਆਂ ਦਾ ਚੰਬਾ ਵੇ,
ਬਾਬਲ ਅਸਾਂ ਉੱਡ ਜਾਣਾ,
ਪਰਦੇਸੀ ਆ ਕੇ ਬਹਿ ਗਏ,
ਕਿਸ ਨੂੰ ਹਾਲ ਸੁਣਾਣਾ?
ਪੰਜਾਬ ਦੀ ਸਿਆਸਤ ਵਿੱਚ ਅੱਜ ਵਿਚਾਰਧਾਰਾ ਨਾਲੋਂ ਚਿਹਰੇ ਬਦਲਣ ਦਾ ਰੁਝਾਨ ਵਧ ਰਿਹਾ ਹੈ। ਕੱਲ੍ਹ ਤੱਕ ਜਿਹੜੇ ਇੱਕ ਦੂਜੇ ਨੂੰ ਕੋਸਦੇ ਸਨ, ਅੱਜ ਇੱਕੋ ਮੰਚ ਉੱਤੇ ਬੈਠੇ ਹਨ। ਜਿਹੜੇ ਕੱਲ੍ਹ ਤੱਕ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਸਨ, ਅੱਜ ਉਨ੍ਹਾਂ ਦੀ ਚੁੱਪ ਵੀ ਸਿਆਸੀ ਸੁਨੇਹਾ ਦੇ ਰਹੀ ਹੈ। ਕਿਸੇ ਵੀ ਸੰਗਠਨ ਨੂੰ ਪੰਜਾਬ ਵਿੱਚ ਕੰਮ ਕਰਨ ਦਾ ਅਧਿਕਾਰ ਹੈ, ਪਰ ਪੰਜਾਬ ਦੇ ਲੋਕਾਂ ਨੂੰ ਵੀ ਉਸ ਦੀ ਵਿਚਾਰਧਾਰਾ, ਫੰਡਿੰਗ, ਲੀਡਰਸ਼ਿਪ, ਸਿਆਸੀ ਸੰਬੰਧਾਂ ਅਤੇ ਅਸਲ ਮਨੋਰਥ ਬਾਰੇ ਸਵਾਲ ਪੁੱਛਣ ਦਾ ਪੂਰਾ ਹੱਕ ਹੈ। ਲੋਕਤੰਤਰ ਵਿੱਚ ਕਿਸੇ ਨੂੰ ਵੀ ਸਵਾਲਾਂ ਤੋਂ ਛੋਟ ਨਹੀਂ ਮਿਲ ਸਕਦੀ।
ਅਸਲ ਖ਼ਤਰਾ ਕਿਸੇ ਨਾਗਣੀ ਦੇ ਆਂਡੇ ਦੇਣ ਵਿੱਚ ਨਹੀਂ, ਸਗੋਂ ਲੋਕਾਂ ਦੀ ਅਣਜਾਣਤਾ ਵਿੱਚ ਹੈ। ਜਦੋਂ ਲੋਕ ਆਪਣੀ ਸਿਆਸਤ ਦੇ ਫ਼ੈਸਲੇ ਖੁਦ ਕਰਨੇ ਛੱਡ ਦਿੰਦੇ ਹਨ, ਉਦੋਂ ਬਾਹਰਲੇ ਏਜੰਡੇ ਅੰਦਰਲੇ ਘਰਾਂ ਵਿੱਚ ਥਾਂ ਬਣਾਉਣ ਲੱਗਦੇ ਹਨ। ਪੰਜਾਬ ਨੂੰ ਹੁਣ ਚਿਹਰੇ ਨਹੀਂ, ਕਿਰਦਾਰ ਪਛਾਨਣੇ ਪੈਣਗੇ। ਝੰਡੇ ਨਹੀਂ, ਏਜੰਡੇ ਪੜ੍ਹਨੇ ਪੈਣਗੇ। ਭਾਸ਼ਣ ਨਹੀਂ, ਵਿਹਾਰ ਵੇਖਣਾ ਪਵੇਗਾ। ਪਛਾਨਣੇ ਪੈਣਗੇ। ਝੰਡੇ ਨਹੀਂ, ਏਜੰਡੇ ਪੜ੍ਹਨੇ ਪੈਣਗੇ। ਭਾਸ਼ਣ ਨਹੀਂ, ਵਿਹਾਰ ਵੇਖਣਾ ਪਵੇਗਾ।
ਸੱਪਾਂ ਨੂੰ ਦੁੱਧ ਪਿਲਾਉਣ ਵਾਲਿਓ,
ਜ਼ਰਾ ਸੋਚ ਕੇ ਪਿਆਰ ਜਤਾਇਓ।
ਜਿਹੜੇ ਅੱਜ ਤੁਹਾਡੇ ਵਿਹੜੇ ਬੈਠੇ ਨੇ,
ਕੱਲ੍ਹ ਉਨ੍ਹਾਂ ਤੋਂ ਆਪਣਾ ਵਿਹੜਾ ਬਚਾਇਓ!
ਇਥੇ ਇੱਕ ਸਵਾਲ ਹੈ: ਨਾਗਪੁਰ ਹੋਵੇ ਜਾਂ ਦਿੱਲੀ, ਪੰਜਾਬ ਦੀ ਸਿਆਸਤ ਵਿੱਚ ਦਖ਼ਲ ਦੇਣ ਵਾਲਾ ਕੋਈ ਵੀ ਕੇਂਦਰ ਹੋਵੇ, ਪੰਜਾਬ ਦੇ ਲੋਕ ਉਸ ਤੋਂ ਪੁੱਛਣ ਕਿ ਸਾਡੀ ਧਰਤੀ, ਸਾਡੀ ਭਾਸ਼ਾ, ਸਾਡਾ ਪਾਣੀ, ਸਾਡੀ ਕਿਸਾਨੀ ਅਤੇ ਸਾਡੀ ਸੱਭਿਆਚਾਰਕ ਪਛਾਣ ਬਾਰੇ ਤੁਹਾਡੀ ਨੀਤੀ ਕੀ ਹੈ? ਕਿਉਂਕਿ ਪੰਜਾਬ ਕੋਈ ਸਿਆਸੀ ਪ੍ਰਯੋਗਸ਼ਾਲਾ ਨਹੀਂ, ਜਿੱਥੇ ਕੋਈ ਵੀ ਆ ਕੇ ਆਪਣੇ ਵਿਚਾਰਧਾਰਕ ਤਜਰਬੇ ਕਰੇ। ਪੰਜਾਬ ਪੰਜਾਬੀਆਂ ਦਾ ਹੈ। ਪੰਜਾਬ ਦੀ ਸਿਆਸਤ ਦਾ ਫ਼ੈਸਲਾ ਵੀ ਪੰਜਾਬ ਦੇ ਲੋਕਾਂ ਨੇ ਹੀ ਕਰਨਾ ਹੈ।
++++
ਬੁੱਧ ਸਿੰਘ ਨੀਲੋਂ
9464370823

Latest News

Latest News