ਪੈਤੀਨਾਮਾ;ਊੜਾ ਉੱਠ! ਜਾਗ ਕਿਰਤੀਆ, ਜਾਗਣ ਦਾ ਵੇਲਾ!

ਸਾਹਿਤ ਪੰਜਾਬ

ਪੈਤੀਨਾਮਾ; ਊੜਾ ਉੱਠ! ਜਾਗ ਕਿਰਤੀਆ, ਜਾਗਣ ਦਾ ਵੇਲਾ!

ਊੜੇ ਦੀਆਂ ਕਰਾਮਾਤਾਂ ਤੇ ਸੱਤਾ ਦੀਆਂ ਚਲਾਕੀਆਂ!
ਜਿਵੇਂ ਮਾਂ ਹਰ ਕਿਸੇ ਨੂੰ ਪਿਆਰੀ ਹੁੰਦੀ ਹੈ ਅਤੇ ਮਾਂ ਨੂੰ ਆਪਣੀਆਂ ਧੀਆਂ-ਪੁੱਤਾਂ ਨਾਲ ਮੋਹ ਹੁੰਦਾ ਹੈ, ਉਸੇ ਤਰ੍ਹਾਂ ਪਸ਼ੂ ਅਤੇ ਪੰਛੀ ਵੀ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਹਨ। ਪੰਛੀ ਆਪਣੀ ਬੋਲੀ ਨਹੀਂ ਛੱਡਦੇ, ਜਦੋਂ ਤੱਕ ਉਹ ਕਿਸੇ ਮਨੁੱਖ ਦੇ ਗੁਲਾਮ ਨਾ ਹੋਣ। ਪਰ ਮਨੁੱਖ ਦੀ ਅਜੀਬ ਤ੍ਰਾਸਦੀ ਹੈ ਕਿ ਉਹ ਖ਼ੁਦ ਗੁਲਾਮੀ ਦੀ ਪੰਜਾਲੀ ਗਲ ਵਿੱਚ ਪਾ ਕੇ ਖ਼ੁਸ਼ ਹੁੰਦਾ ਹੈ। ਆਪਣੀ ਮਾਂ-ਬੋਲੀ ਨੂੰ ਤਿਲਾਂਜਲੀ ਦੇ ਕੇ ਦੂਜੀ ਬੋਲੀ ਬੋਲਣ ਵਿੱਚ ਆਪਣੀ ਸ਼ਾਨ ਸਮਝਣ ਲੱਗ ਪੈਂਦਾ ਹੈ।
ਰਸੂਲ ਹਮਜ਼ਾਤੋਵ ਆਪਣੀ ਜਗਤ ਪ੍ਰਸਿੱਧ ਪੁਸਤਕ ਮੇਰਾ ਦਾਗਿਸਤਾਨ ਵਿੱਚ ਲਿਖਦਾ ਹੈ ਕਿ ਸਾਡੇ ਇੱਥੇ ਜਦੋਂ ਕਿਸੇ ਨੂੰ ਬਦਦੁਆ ਦੇਣੀ ਹੋਵੇ ਤਾਂ ਕਹਿੰਦੇ ਹਨ:
“ਤੈਨੂੰ ਤੇਰੀ ਮਾਂ-ਬੋਲੀ ਭੁੱਲ ਜਾਵੇ!”
ਸੋਚੋ, ਜਿਸ ਸਮਾਜ ਵਿੱਚ ਮਾਂ-ਬੋਲੀ ਭੁੱਲ ਜਾਣਾ ਸਭ ਤੋਂ ਵੱਡੀ ਬਦਦੁਆ ਸਮਝਿਆ ਜਾਂਦਾ ਹੋਵੇ, ਉੱਥੇ ਆਪਣੀ ਮਾਂ-ਬੋਲੀ ਨੂੰ ਛੱਡਣਾ ਕਿੰਨੀ ਵੱਡੀ ਸੱਭਿਆਚਾਰਕ ਤ੍ਰਾਸਦੀ ਹੈ!
ਹੁਣ ਜੋ ਗੱਲ ਮੈਂ ਕਰ ਰਿਹਾ ਹਾਂ, ਉਸ ਦੀ ਸਮਝ ਸਭ ਨੂੰ ਹੈ, ਪਰ ਸਮਝਣ ਤੋਂ ਬਾਅਦ ਵੀ ਚੁੱਪੀ ਹੈ। ਇਹੋ ਤਾਂ ਸਭ ਤੋਂ ਵੱਡਾ ਦੁੱਖ ਹੈ। ਅਸੀਂ ਪਦਾਰਥਵਾਦ ਦੀ ਦੌੜ ਵਿੱਚ ਮਨੁੱਖਤਾ ਅਤੇ ਆਪਣੀਆਂ ਜੜ੍ਹਾਂ ਨੂੰ ਭੁੱਲ ਗਏ ਹਾਂ। ਪਦਾਰਥਾਂ, ਮਾਇਆ ਅਤੇ ਐਸ਼ੋ-ਆਰਾਮ ਦੇ ਗੁਲਾਮ ਬਣ ਗਏ ਹਾਂ।
ਪਰਵਾਸੀਆਂ ਦੀ ਦੂਜੀ ਪੀੜ੍ਹੀ ਕਈ ਵਾਰ ਪਛਤਾਵੇ ਨਾਲ ਆਖਦੀ ਹੈ ਕਿ ਮਾਇਆ ਤਾਂ ਬਹੁਤ ਕਮਾ ਲਈ, ਮਹਿਲ ਵੀ ਬਣਾ ਲਏ, ਪਰ ਬੱਚਿਆਂ ਕੋਲੋਂ ਪੰਜਾਬੀ ਬੋਲੀ ਗੁਆ ਲਈ। ਹੁਣ ਬੱਚੇ ਮਾਪਿਆਂ ਦੀ ਭਾਸ਼ਾ ਨਹੀਂ ਸਮਝਦੇ ਅਤੇ ਮਾਪੇ ਬੱਚਿਆਂ ਦੇ ਮਨਾਂ ਤੱਕ ਨਹੀਂ ਪਹੁੰਚ ਸਕਦੇ। ਇਹ ਕਿਹੋ ਜਿਹਾ ਵਿਕਾਸ ਹੈ, ਜਿਸ ਵਿੱਚ ਘਰ ਤਾਂ ਵੱਡੇ ਹੋ ਗਏ ਪਰ ਪਰਿਵਾਰਾਂ ਵਿਚਕਾਰ ਬੋਲੀਆਂ ਦੀਆਂ ਕੰਧਾਂ ਖੜ੍ਹੀਆਂ ਹੋ ਗਈਆਂ?
ਖ਼ੈਰ, ਇਸ ਬਾਰੇ ਕਦੇ ਫੇਰ ਸਹੀ। ਗੱਲ ਤਾਂ ਇਸ਼ਾਰੇ ਨੂੰ ਸਮਝਣ ਦੀ ਹੈ, ਪਰ ਅਸੀਂ ਕਿੱਥੇ ਸਮਝਦੇ ਹਾਂ! ਮੱਛੀ ਪੱਥਰ ਚੱਟ ਕੇ ਮੁੜਦੀ ਹੈ, ਪਰ ਅਸੀਂ ਕਿਹੜਾ ਪੱਥਰ ਚੱਟ ਕੇ ਮੁੜਾਂਗੇ? ਜਾਂ ਫਿਰ ਆਪਣੀਆਂ ਗ਼ਲਤੀਆਂ ਤੋਂ ਸਿੱਖਣ ਦੀ ਥਾਂ ਉਨ੍ਹਾਂ ਨੂੰ ਹੀ ਆਪਣੀ ਕਿਸਮਤ ਮੰਨ ਲਵਾਂਗੇ?
ਬਾਬਾ ਇਲਤੀ ਤਾਂ ਸਮਝ ਗਿਆ ਹੈ, ਪਰ ਤੁਸੀਂ ਨਹੀਂ ਸਮਝੇ? ਤੁਹਾਨੂੰ ਕਦੋਂ ਸਮਝ ਆਵੇਗੀ? ਆਵੇਗੀ ਵੀ ਜਾਂ ਨਹੀਂ? ਕੋਈ ਦੱਸ ਸਕਦਾ ਹੈ?
ਓ, ਊ, ਊੜਾ!
ਊੜੇ ਦੀਆਂ ਡੂੰਘੀਆਂ ਰਮਜ਼ਾਂ ਨੂੰ, ਬੇਸਮਝ ਜ਼ਮਾਨਾ ਕੀ ਸਮਝੇ! ਊੜੇ ਦੀਆਂ ਡੂੰਘੀਆਂ…!
ਜਦੋਂ ਸੱਤਾ ਆਪਣਾ ‘ਉੱਲੂ ਸਿੱਧਾ’ ਕਰਨ ਲੱਗ ਪਵੇ ਤਾਂ ਆਮ ਲੋਕਾਂ ਦੇ ਘਰਾਂ ਵਿੱਚ ‘ਉੱਲੂ ਬੋਲਣ’ ਲੱਗ ਪੈਂਦੇ ਹਨ। ਪੰਜਾਬ ਦੇ ਬਹੁਗਿਣਤੀ ਘਰਾਂ ਵਿੱਚ ਹੁਣ ਸਿਰਫ਼ ਉੱਲੂ ਹੀ ਨਹੀਂ ਬੋਲਦੇ, ਸਗੋਂ ਚੰਮਗਿੱਦੜਾਂ ਵੀ ਪੁੱਠੀਆਂ ਲਟਕਦੀਆਂ ਦਿਖਾਈ ਦਿੰਦੀਆਂ ਹਨ। ਵੱਡੇ ਬਣਨ ਦੀ ਭੁੱਖ ਨੇ ਲੋਕਾਂ ਅੰਦਰ ਲਾਲਚ ਪੈਦਾ ਕਰ ਦਿੱਤਾ ਹੈ। ਮਨੁੱਖ ਦੀ ਹਾਲਤ ਲਾਲਚੀ ਕੁੱਤੇ ਵਰਗੀ ਹੋ ਗਈ ਹੈ। ਕੋਲ ਜੋ ਹੈ, ਉਸ ਦੀ ਕਦਰ ਨਹੀਂ ਕਰਦਾ। ਹੋਰ ਦੀ ਭਾਲ ਵਿੱਚ ਜੋ ਕੁਝ ਹੱਥ ਵਿੱਚ ਹੈ, ਉਹ ਵੀ ਗੁਆ ਬੈਠਦਾ ਹੈ। ਫਿਰ ਉੱਚੀ-ਉੱਚੀ ਰੋਂਦਾ ਹੈ। ਪਰ ਰੋਣ ਨਾਲ ਮਸਲੇ ਹੱਲ ਨਹੀਂ ਹੁੰਦੇ।
ਲੋਕ ਉੱਚਾ-ਨੀਵਾਂ ਥਾਂ ਵੇਖਦੇ ਹੋਏ ਉੱਚੇ ਦੁਆਰੇ ਲੱਭਣ ਲੱਗ ਪੈਂਦੇ ਹਨ। ਸਿਆਸੀ ਆਗੂ ਜਦੋਂ ਊਟ-ਪਟਾਂਗ ਗੱਲਾਂ ਮਾਰਨ ਲੱਗ ਜਾਣ ਤਾਂ ਲੋਕ ਉਜਾੜ ਮੱਲਣ ਤੁਰ ਪੈਂਦੇ ਹਨ। ਜਿਹੜੇ ਹਰ ਵੇਲੇ ਉੱਚਾ ਝਾਕਣ ਲੱਗਦੇ ਹਨ, ਉਨ੍ਹਾਂ ਲਈ ਉੱਡਦੇ ਸੱਪ ਕੀਲਣੇ ਮੁਸ਼ਕਲ ਹੋ ਜਾਂਦੇ ਹਨ।
ਜਿਹੜੇ ਹਰ ਕੰਮ ਲਈ ਉੱਡ-ਉੱਡ ਪੈਂਦੇ ਹਨ, ਉਹ ਉਤਲੇ ਮੂੰਹੋਂ ‘ਤੇਰਾ-ਤੇਰਾ’ ਕਹਿਣ ਦੇ ਆਦੀ ਬਣ ਜਾਂਦੇ ਹਨ। ਪਰ ਲੋਕ ਵੀ ਉਨ੍ਹਾਂ ਨੂੰ ਉੱਡਣ ਜੋਗਾ ਨਹੀਂ ਛੱਡਦੇ। ਜਦੋਂ ਲੋਕ ਜਾਗਦੇ ਹਨ ਤਾਂ ਉਨ੍ਹਾਂ ਦੇ ਪਰ ਕੱਟ ਦਿੰਦੇ ਹਨ ਅਤੇ ਉਨ੍ਹਾਂ ਨੂੰ ਸੱਤਾ ਦੇ ਅਸਮਾਨ ਤੋਂ ਹੇਠਾਂ ਉਤਾਰ ਦਿੰਦੇ ਹਨ।
ਜਿਹੜੇ ਐਵੇਂ ਹੀ ਹਰ ਕਿਸੇ ਦੇ ਉੱਤੇ ਚੜ੍ਹਨ ਦੀ ਹਿਮਾਕਤ ਕਰਦੇ ਹਨ, ਉਨ੍ਹਾਂ ਦੀ ਕੋਈ ਉਂਗਲ ਨਹੀਂ ਫੜਦਾ। ਜਿਹੜੇ ਹਰ ਕਿਸੇ ਨਾਲ ਉਸਤਾਦੀ ਕਰਨ ਲੱਗ ਪੈਂਦੇ ਹਨ, ਉਨ੍ਹਾਂ ਨੂੰ ਇੱਕ ਦਿਨ ਉਂਗਲਾਂ ਟੁੱਕਣੀਆਂ ਪੈਂਦੀਆਂ ਹਨ। ਫਿਰ ਉਨ੍ਹਾਂ ਦੀ ਕੋਈ ਉੱਘ-ਸੁੱਘ ਨਹੀਂ ਲੱਗਦੀ। ਉਹ ਲੋਕਾਂ ਦੇ ਮਨਾਂ ਵਿੱਚੋਂ ਗੁਆਚ ਜਾਂਦੇ ਹਨ।
ਜਿਨ੍ਹਾਂ ਦੇ ਮਨਾਂ ਵਿੱਚ ਸੁਪਨੇ ਉਸਲਵੱਟੇ ਭੰਨਣ ਲੱਗ ਪੈਣ, ਉਨ੍ਹਾਂ ਨੂੰ ਹਰ ਕੰਮ ਲਈ ਉੱਖਲੀ ਵਿੱਚ ਸਿਰ ਦੇਣਾ ਪੈਂਦਾ ਹੈ। ਸੁਪਨੇ ਸਿਰਫ਼ ਵੇਖਣ ਨਾਲ ਪੂਰੇ ਨਹੀਂ ਹੁੰਦੇ। ਉਨ੍ਹਾਂ ਲਈ ਮਿਹਨਤ, ਸਿਦਕ ਅਤੇ ਕੁਰਬਾਨੀ ਦੀ ਲੋੜ ਹੁੰਦੀ ਹੈ।
ਜਦੋਂ ਕੋਈ ਕਿਸੇ ਨੂੰ ਉਲਟੀ ਪੱਟੀ ਪੜ੍ਹਾਉਣ ਲੱਗ ਪਵੇ ਤਾਂ ਲੋਕ ਉਸ ਉੱਤੇ ਉਂਗਲਾਂ ਕਰਨ ਲੱਗ ਪੈਂਦੇ ਹਨ। ਜਿਹੜੇ ਲੋਕ ਸਦਾ ਉੱਖੜੇ-ਉੱਖੜੇ ਰਹਿੰਦੇ ਹਨ, ਉਨ੍ਹਾਂ ਦੇ ਚਿਹਰਿਆਂ ਉੱਤੇ ਉਦਾਸੀ ਛਾਈ ਰਹਿੰਦੀ ਹੈ। ਜਿਨ੍ਹਾਂ ਨੂੰ ਉਧਾਰ ਖਾਣ ਦੀ ਆਦਤ ਪੈ ਜਾਵੇ, ਉਹ ਹਮੇਸ਼ਾ ਉਧੇੜ-ਬੁਣ ਕਰਦੇ ਰਹਿੰਦੇ ਹਨ। ਜਿਹੜੇ ਲੋਕਾਂ ਦਾ ਰਸ ਚੂਸ ਕੇ ਉੱਡ ਜਾਂਦੇ ਹਨ, ਫਿਰ ਉਨ੍ਹਾਂ ਲਈ ਕੋਈ ਉੱਡ-ਉੱਡ ਨਹੀਂ ਪੈਂਦਾ। ਅਜਿਹੇ ਲੋਕਾਂ ਨੂੰ ਇੱਕ ਦਿਨ ਉੱਚਾ ਸੁਣਨ ਲੱਗ ਪੈਂਦਾ ਹੈ, ਕਿਉਂਕਿ ਲੋਕ ਉਨ੍ਹਾਂ ਦੀਆਂ ਗੱਲਾਂ ਸੁਣਨੀਆਂ ਹੀ ਛੱਡ ਦਿੰਦੇ ਹਨ।
ਜਦੋਂ ਬੰਦਿਆਂ ਦਾ ਉਮਰ ਕੱਟਣ ਦਾ ਸੁਭਾਅ ਬਣ ਜਾਂਦਾ ਹੈ ਤਾਂ ਉਨ੍ਹਾਂ ਲਈ ਉਲਝੀ ਤਾਣੀ ਸੁਲਝਾਉਣੀ ਔਖੀ ਹੋ ਜਾਂਦੀ ਹੈ। ਫਿਰ ਸਮਾਂ ਉਨ੍ਹਾਂ ਨੂੰ ਉਲਟੇ ਛੁਰੇ ਨਾਲ ਮੁੰਨਣਾ ਸ਼ੁਰੂ ਕਰ ਦਿੰਦਾ ਹੈ। ਉਨ੍ਹਾਂ ਨੂੰ ਉਲਟੇ ਪੈਰੀਂ ਵਾਪਸ ਮੁੜਨਾ ਪੈਂਦਾ ਹੈ। ਪਰ ਇੱਕ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਹਰ ਵੇਲੇ ਕਿਸੇ ਨੂੰ ਉੱਲੂ ਨਹੀਂ ਬਣਾਇਆ ਜਾ ਸਕਦਾ।
ਜਦੋਂ ਕੋਈ ਊਚ-ਨੀਚ ਵਿਚਾਰਨੀ ਭੁੱਲ ਜਾਵੇ ਤਾਂ ਉਸ ਦੇ ਆਲੇ-ਦੁਆਲੇ ਉਲਟੀ ਹਵਾ ਚੱਲਣ ਲੱਗ ਪੈਂਦੀ ਹੈ। ਜਿਹੜਾ ਹਰ ਕਿਸੇ ਨਾਲ ਉਲਝਣ ਦੀ ਆਦਤ ਬਣਾ ਲਵੇ, ਉਹ ਛੇਤੀ ਹੀ ਸਮਾਜ ਦੇ ਕੈਨਵਸ ਤੋਂ ਓਹਲੇ ਹੋ ਜਾਂਦਾ ਹੈ। ਫਿਰ ਉਸ ਦਾ ਓਹੜ-ਪੋਹੜ ਕਰਨ ਲਈ ਵਰ੍ਹੇ ਲੱਗ ਜਾਂਦੇ ਹਨ।
ਉਸ ਦੀ ਹਾਲਤ ਊਠ ਵਰਗੀ ਬਣ ਜਾਂਦੀ ਹੈ। ਉਹ ਲੋਕਾਂ ਵੱਲ ਮੂੰਹ ਚੁੱਕ ਕੇ ਵੇਖਦਾ ਹੈ, ਪਰ ਲੋਕ ਉਸ ਨੂੰ ਓਪਰੀ ਨਜ਼ਰ ਨਾਲ ਵੀ ਨਹੀਂ ਵੇਖਦੇ।
ਜਦੋਂ ਊੜਾ-ਐੜਾ ਨਾ ਜਾਣਨ ਵਾਲੇ ਸਮਾਜ ਦੇ ਚੌਧਰੀ ਬਣ ਜਾਣ ਤਾਂ ਉਨ੍ਹਾਂ ਦਾ ਉੱਡਦਾ ਛਾਪਾ ਵੀ ਗਲੇ ਆ ਲੱਗਦਾ ਹੈ। ਫਿਰ ਉਨ੍ਹਾਂ ਦੀ ਉੱਤੋਂ ਦੀ ਪੈਣ ਵਾਲੀ ਰੀਤ ਨੂੰ ਉਠਾਲਾ ਕਰਨਾ ਪੈਂਦਾ ਹੈ। ਕੋਈ ਉਨ੍ਹਾਂ ਦੀ ਉਂਗਲ ‘ਤੇ ਮੂਤਣ ਵਾਲਾ ਵੀ ਨਹੀਂ ਰਹਿੰਦਾ। ਜਿਹੜੇ ਆਪਣੇ ਆਪ ਨੂੰ ਉਸਤਾਦ ਮੰਨਣ ਦਾ ਭਰਮ ਪਾਲ ਲੈਂਦੇ ਹਨ, ਉਹ ਉੱਚਾ-ਨੀਵਾਂ ਬੋਲਣ ਲੱਗਿਆਂ ਥਾਂ-ਕੁਥਾਂ ਨਹੀਂ ਵੇਖਦੇ। ਜਦੋਂ ਲੋਕ ਉਨ੍ਹਾਂ ਨੂੰ ਉਧਾਰ ਵਿਆਜ ਸਮੇਤ ਮੋੜਦੇ ਹਨ ਤਾਂ ਉਹ ਉੱਪਰ ਵੇਖਣਾ ਵੀ ਭੁੱਲ ਜਾਂਦੇ ਹਨ।
ਭਾਵੇਂ ਹਰ ਵੇਲੇ ਉੱਲੂ ਸਿੱਧਾ ਨਹੀਂ ਹੁੰਦਾ, ਪਰ ਉੱਲੂ ਬਣਾਉਣ ਵਾਲੇ ਜਦੋਂ ਉਸਤਾਦੀ ਘੋਟਣ ਲੱਗਦੇ ਹਨ ਤਾਂ ਲੋਕ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰਨਾ ਸ਼ੁਰੂ ਕਰ ਦਿੰਦੇ ਹਨ। ਦੂਜਿਆਂ ਦੀਆਂ ਉਂਗਲਾਂ ‘ਤੇ ਨੱਚਣਾ ਅਤੇ ਉਨ੍ਹਾਂ ਨੂੰ ਨਚਾਉਣਾ ਦੋਵੇਂ ਔਖੇ ਕੰਮ ਹਨ। ਪਰ ਜਦੋਂ ਲੋਕ ਆਪਣੀ ਅਕਲ ਗਹਿਣੇ ਰੱਖ ਦੇਣ ਤਾਂ ਮਦਾਰੀ ਆਪਣੀ ਡੁੱਗਡੁੱਗੀ ਵਜਾਉਣ ਲੱਗ ਪੈਂਦੇ ਹਨ।
ਜਦੋਂ ਸੱਤਾ ਉਜਾੜ ਭਾਲਣ ਦੇ ਰਸਤੇ ਤੁਰਦਿਆਂ ਵਿਕਾਸ ਦੀਆਂ ਗੱਲਾਂ ਕਰਦੀ ਹੈ ਤਾਂ ਉਹ ਉਲਟੀ ਗੰਗਾ ਪਹੇਵੇ ਵੱਲ ਤੋਰਨ ਲੱਗਦੀ ਹੈ। ਇਨ੍ਹਾਂ ਸਮਿਆਂ ਵਿੱਚ ਜਦੋਂ ਸ਼ਬਦਾਂ ਦੇ ਖਿਡਾਰੀ ਸ਼ਬਦਾਂ ਦੀਆਂ ਬੁੱਚੀਆਂ ਪਾਉਣ ਲਈ ਮਦਾਰੀ ਬਣ ਜਾਣ ਤਾਂ ਆਮ ਲੋਕਾਂ ਦੇ ਪੱਲੇ ਕੱਖ ਨਹੀਂ ਪੈਂਦਾ।
ਅਫ਼ਸੋਸ ਦੀ ਗੱਲ ਹੈ ਕਿ ਬਹੁਗਿਣਤੀ ਲੇਖਕ ਵੀ ਸ਼ਬਦਾਂ ਦੇ ਮਦਾਰੀ ਬਣ ਗਏ ਹਨ ਅਤੇ ਕੁਝ ਵੱਡੇ ਲੇਖਕ ਸੱਤਾ ਦੇ ਗੁਲਾਮ ਹੋ ਗਏ ਹਨ। ਜਿਹੜੇ ਕਦੇ ਲੋਕਾਂ ਦੀ ਆਵਾਜ਼ ਬਣਨ ਦਾ ਦਾਅਵਾ ਕਰਦੇ ਸਨ, ਉਹ ਹੁਣ ਸੱਤਾ ਦੀਆਂ ਸਿਫ਼ਤਾਂ ਦੇ ਪੁਲ ਬੰਨ੍ਹਣ ਲੱਗ ਪਏ ਹਨ। ਸਵਾਲ ਇਹ ਹੈ ਕਿ ਜੇ ਲੇਖਕ ਵੀ ਸੱਤਾ ਤੋਂ ਸਵਾਲ ਪੁੱਛਣੇ ਛੱਡ ਦੇਣ ਤਾਂ ਲੋਕਾਂ ਦੇ ਹੱਕ ਵਿੱਚ ਕੌਣ ਬੋਲੇਗਾ?
ਲੋਕ ਪੱਲੇ ਝਾੜਦੇ ਅਤੇ ਊਠ ਦੇ ਡਿੱਗਦੇ ਬੁੱਲ ਵਾਂਗ ਮਗਰ-ਮਗਰ ਤੁਰਦੇ ਖਾਲੀ ਹੱਥ ਘਰਾਂ ਨੂੰ ਪਰਤ ਆਉਂਦੇ ਹਨ। ਕਈ ਵਾਰ ਘਰਾਂ ਨੂੰ ਮੁੜਨਾ ਵੀ ਔਖਾ ਹੁੰਦਾ ਹੈ, ਪਰ ਘਰ ਆਏ ਨੂੰ ਕਦੇ ਦੁਰਕਾਰਿਆ ਨਹੀਂ ਜਾਂਦਾ। ਘਰ ਹਮੇਸ਼ਾ ਬਾਹਰ ਗਿਆਂ ਦੀ ਉਡੀਕ ਵਿੱਚ ਦਰਵਾਜ਼ੇ ਖੁੱਲ੍ਹੇ ਰੱਖਦੇ ਹਨ।
ਘਰ ਮਨੁੱਖ ਦੀ ਪਨਾਹਗਾਹ ਹੀ ਨਹੀਂ, ਸਗੋਂ ਸੁਪਨਿਆਂ ਦਾ ਮਹਿਲ ਵੀ ਹੁੰਦਾ ਹੈ। ਪਰ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਣ ਦਾ ਹੌਸਲਾ ਹਰ ਕਿਸੇ ਵਿੱਚ ਨਹੀਂ ਹੁੰਦਾ।
ਜਦੋਂ ਢਿੱਡ ਰੋਟੀ ਦੀ ਭਾਲ ਵਿੱਚ ਪਰਵਾਸ ਕਰਦਾ ਹੈ ਤਾਂ ਘਰ ਸਿਰਫ਼ ਉਦਾਸ ਨਹੀਂ ਹੁੰਦੇ, ਸਗੋਂ ਚੁੱਪ ਦੀ ਗੁਫ਼ਾ ਬਣ ਜਾਂਦੇ ਹਨ। ਪਰ ਜਦੋਂ ਪਰਵਾਸੀਆਂ ਦੀਆਂ ਮੋਹ ਭਰੀਆਂ ਖ਼ਬਰਾਂ ਦੀ ਥਾਂ ਮਾੜੀਆਂ ਖ਼ਬਰਾਂ ਆਉਣ ਲੱਗ ਪੈਣ ਤਾਂ ਘਰ ਭੁੱਬਾਂ ਮਾਰ ਕੇ ਰੋਂਦੇ ਹਨ। ਘਰਾਂ ਵਿੱਚ ਭੁੱਜਦੀ ਭੰਗ ਵੀ ਚੁਗਲੀਆਂ ਕਰਨ ਲੱਗ ਪੈਂਦੀ ਹੈ ਅਤੇ ਮਨੁੱਖ ਨੂੰ ਨਿਹੋਰੇ ਦੇਣ ਲੱਗਦੀ ਹੈ।
ਉਲਟੀ-ਪੁਲਟੀ ਗੱਲ ਕਰਨੀ ਜਿੰਨੀ ਔਖੀ ਹੈ, ਉਸ ਤੋਂ ਵੀ ਔਖੀ ਉਸ ਨੂੰ ਹਜ਼ਮ ਕਰਨੀ ਹੁੰਦੀ ਹੈ। ਕਿਉਂਕਿ ਹੁਣ ਹਰ ਕਿਸੇ ਦਾ ਹਾਜ਼ਮਾ ਠੀਕ ਨਹੀਂ ਰਹਿੰਦਾ। ਸੱਚ ਸੁਣਦਿਆਂ ਹੀ ਕਈਆਂ ਨੂੰ ਮਰੋੜ ਉੱਠਣ ਲੱਗ ਪੈਂਦੇ ਹਨ। ਉਹ ਸੱਚ ਨੂੰ ਸਮਝਣ ਦੀ ਥਾਂ ਉਲਟੀ ਜਾਂ ਚੁਗਲੀ ਕਰਨ ਲੱਗਦੇ ਹਨ।
ਸ਼ਬਦਾਂ ਦੇ ਲਿਖਾਰੀ ਹੁਣ ਵਪਾਰੀ ਬਣ ਗਏ ਹਨ। ਇਸੇ ਕਰਕੇ ਊੜਾ ਪੁਕਾਰ ਰਿਹਾ ਹੈ, ਕੋਈ ਤਾਂ ਉਸ ਦੀ ਆਵਾਜ਼ ਸੁਣੋ!
ਊੜੇ ਨੂੰ ਅਸੀਂ ਆਪਣੇ ਘਰਾਂ ਵਿੱਚੋਂ ਕੱਢ ਕੇ ਅੰਗਰੇਜ਼ੀ ਨੂੰ ਆਪਣੇ ਸਿਰ ਦਾ ਤਾਜ ਬਣਾ ਲਿਆ ਹੈ। ਅੰਗਰੇਜ਼ੀ ਸਿੱਖਣ ਵਿੱਚ ਕੋਈ ਬੁਰਾਈ ਨਹੀਂ। ਦੁਨੀਆ ਦੀ ਹਰ ਭਾਸ਼ਾ ਸਿੱਖਣੀ ਚਾਹੀਦੀ ਹੈ। ਪਰ ਦੂਜੀਆਂ ਭਾਸ਼ਾਵਾਂ ਸਿੱਖਣ ਦਾ ਮਤਲਬ ਆਪਣੀ ਮਾਂ-ਬੋਲੀ ਨੂੰ ਭੁੱਲ ਜਾਣਾ ਨਹੀਂ ਹੁੰਦਾ। ਅੰਗਰੇਜ਼ੀ ਗਿਆਨ ਦਾ ਸਾਧਨ ਹੋ ਸਕਦੀ ਹੈ, ਪਰ ਪੰਜਾਬੀ ਸਾਡੀ ਪਛਾਣ, ਵਿਰਾਸਤ ਅਤੇ ਸੱਭਿਆਚਾਰਕ ਜੜ੍ਹ ਹੈ।
ਹੁਣ ਵਿਚਾਰਾ ਊੜਾ ਕਰੇ ਤਾਂ ਕੀ ਕਰੇ? ਊੜੇ ਦੀਆਂ ਪੈਂਦੀਆਂ ਚੀਕਾਂ ਕਾਨਵੈਂਟ ਸਕੂਲਾਂ, ਸਰਕਾਰੀ ਅਤੇ ਗ਼ੈਰ-ਸਰਕਾਰੀ ਦਫ਼ਤਰਾਂ ਵਿੱਚ ਸੁਣੀਆਂ ਜਾ ਸਕਦੀਆਂ ਹਨ। ਕੀ ਤੁਹਾਨੂੰ ਸੁਣਾਈ ਦਿੰਦੀਆਂ ਹਨ?
ਊੜੇ ਦਾ ਕੋਈ ਵਾਲੀ-ਵਾਰਸ ਨਹੀਂ ਰਿਹਾ। ਸਾਹਿਤਕਾਰ ਅਤੇ ਸਾਹਿਤਕ ਸੰਸਥਾਵਾਂ ਇਸ ਦੇ ਨਾਂ ‘ਤੇ ਰੋਟੀਆਂ ਸੇਕਦੀਆਂ ਹਨ, ਪਰ ਊੜੇ ਦੀ ਕੋਈ ਨਹੀਂ ਸੁਣਦਾ। ਇਸੇ ਕਰਕੇ ਇਹ ਆਪਣੇ ਹੀ ਘਰ ਵਿੱਚ ਪਰਾਇਆ ਹੋ ਗਿਆ ਹੈ। ਸਵਾਲ ਹੈ ਕਿ ਇਸ ਨੂੰ ਆਪਣਾ ਘਰ ਕਦੋਂ ਮਿਲੇਗਾ?
ਸਾਡੇ ਅੰਦਰ ‘ਆਪਾਂ ਕੀ ਲੈਣਾ’ ਵਾਲੀ ਸੋਚ ਘਰ ਕਰ ਗਈ ਹੈ। ਹਰ ਕੋਈ ਆਪਣੀ ਨੌਕਰੀ, ਆਪਣੇ ਬੱਚਿਆਂ ਅਤੇ ਆਪਣੇ ਨਿੱਜੀ ਭਵਿੱਖ ਦੀ ਚਿੰਤਾ ਵਿੱਚ ਲੱਗਾ ਹੋਇਆ ਹੈ। ਪੰਜਾਬੀ ਦੀ ਚਿੰਤਾ ਸਿਰਫ਼ ਸੈਮੀਨਾਰਾਂ, ਸਮਾਗਮਾਂ ਅਤੇ ਭਾਸ਼ਣਾਂ ਤੱਕ ਸੀਮਤ ਰਹਿ ਗਈ ਹੈ।
ਸਰਕਾਰੀ ਨੌਕਰੀ ਲੈਣੀ ਹੈ, ਪਰ ਆਪਣੇ ਪੁੱਤਰ-ਧੀਆਂ ਨੂੰ ਕਾਨਵੈਂਟ ਸਕੂਲਾਂ ਵਿੱਚ ਪੜ੍ਹਾਉਣਾ ਹੈ। ਫਿਰ ਪੰਜਾਬੀ ਮਾਤ-ਭਾਸ਼ਾ ਦੇ ਸੱਥਰ ਉੱਤੇ ਬੈਠ ਕੇ ਲੰਮੇ-ਲੰਮੇ ਭਾਸ਼ਣ ਦੇਣੇ ਹਨ। ਵਾਹ ਜੀ ਵਾਹ! ਇਹ ਕਿਹੋ ਜਿਹਾ ਪੰਜਾਬੀ ਪਿਆਰ ਹੈ?
ਕਈ ਸੱਜਣ ਬੜੇ ਮਾਣ ਨਾਲ ਆਖਦੇ ਹਨ:
“ਅਸੀਂ ਵੀ ਜੁਆਕ ਸਰਕਾਰੀ ਸਕੂਲ ਵਿੱਚ ਦਾਖ਼ਲ ਕਰਵਾ ਦਿੱਤੇ ਹਨ, ਪਰ ਪੜ੍ਹਨਗੇ ਤਾਂ ਕਾਨਵੈਂਟ ਸਕੂਲ ਵਿੱਚ ਹੀ। ਯਾਰ, ਬੱਚਿਆਂ ਦਾ ਭਵਿੱਖ ਤਾਂ ਨਹੀਂ ਤਬਾਹ ਕਰ ਸਕਦੇ!”
ਇਹ ਗੱਲ ਸੁਣ ਕੇ ਹਾਸਾ ਵੀ ਆਉਂਦਾ ਹੈ ਅਤੇ ਦੁੱਖ ਵੀ। ਜੇ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਦਾ ਭਰੋਸਾ ਨਹੀਂ ਤਾਂ ਬੱਚਿਆਂ ਦਾ ਦਾਖ਼ਲਾ ਉੱਥੇ ਕਰਵਾਉਣ ਦਾ ਡਰਾਮਾ ਕਿਉਂ? ਕੀ ਸਰਕਾਰੀ ਸਕੂਲ ਸਿਰਫ਼ ਅੰਕੜੇ ਪੂਰੇ ਕਰਨ ਅਤੇ ਸਰਕਾਰੀ ਰਿਕਾਰਡ ਵਿੱਚ ਬੱਚਿਆਂ ਦੀ ਗਿਣਤੀ ਵਧਾਉਣ ਲਈ ਹਨ?
ਆਪਣੇ ਬੱਚਿਆਂ ਨੂੰ ਆਪਣੀ ਮਾਂ-ਬੋਲੀ ਵਿੱਚ ਪੜ੍ਹਾਉਣਾ ਉਨ੍ਹਾਂ ਦਾ ਭਵਿੱਖ ਤਬਾਹ ਕਰਨਾ ਨਹੀਂ। ਮਾਂ-ਬੋਲੀ ਵਿੱਚ ਸਿੱਖਿਆ ਬੱਚੇ ਦੀ ਸੋਚ, ਸਮਝ ਅਤੇ ਬੌਧਿਕ ਵਿਕਾਸ ਦੀ ਮਜ਼ਬੂਤ ਨੀਂਹ ਹੁੰਦੀ ਹੈ। ਅੰਗਰੇਜ਼ੀ ਵੀ ਸਿੱਖੋ, ਹੋਰ ਭਾਸ਼ਾਵਾਂ ਵੀ ਸਿੱਖੋ, ਪਰ ਆਪਣੀ ਭਾਸ਼ਾ ਨੂੰ ਦੁਰਕਾਰ ਕੇ ਨਹੀਂ।
ਪਿਛਲੇ ਹਫ਼ਤੇ ਪੰਜਾਬੀ ਮਾਂ-ਬੋਲੀ ਦੇ ਨਾਂ ‘ਤੇ ਬਹੁਤ ਡਰਾਮੇ, ਨਾਟਕ, ਮਾਰਚ, ਗੋਸ਼ਟੀਆਂ ਅਤੇ ਸੈਮੀਨਾਰ ਹੋਏ ਹਨ। ਮੈਂ ਚਾਲੀ ਸਾਲਾਂ ਤੋਂ ਇਹ ਸਭ ਕੁਝ ਬਹੁਤ ਨੇੜਿਓਂ ਦੇਖ ਰਿਹਾ ਹਾਂ। ਹਰ ਸਾਲ ਮਾਂ-ਬੋਲੀ ਦੇ ਨਾਂ ‘ਤੇ ਮੰਚ ਸਜਦੇ ਹਨ, ਭਾਸ਼ਣ ਹੁੰਦੇ ਹਨ, ਫੋਟੋਆਂ ਖਿੱਚੀਆਂ ਜਾਂਦੀਆਂ ਹਨ, ਅਖ਼ਬਾਰਾਂ ਵਿੱਚ ਖ਼ਬਰਾਂ ਛਪਦੀਆਂ ਹਨ। ਫਿਰ ਅਗਲੇ ਸਾਲ ਤੱਕ ਸਭ ਕੁਝ ਠੰਢਾ ਪੈ ਜਾਂਦਾ ਹੈ।
ਇੱਕ ਵੱਡੇ ਲੇਖਕ ਦਾ ਵੱਡਾ ਮੁੰਡਾ ਹੈ। ਉਹ ਵੀ ਵੱਡਾ ਅਫ਼ਸਰ ਹੈ, ਪਰ ਉਸ ਨੂੰ ਪੰਜਾਬੀ ਲਿਖਣੀ ਨਹੀਂ ਆਉਂਦੀ। ਉਹ ਸਰਕਾਰੀ ਰੇਡੀਓ ਵਿੱਚ ਖ਼ਬਰਾਂ ਪੜ੍ਹਨ ਵਾਲੇ ਮਹਿਕਮੇ ਨਾਲ ਜੁੜਿਆ ਹੋਇਆ ਹੈ, ਜਿਹੜਾ ਪੰਜਾਬੀ ਦਾ ਮੁਦਈ ਹੋਣ ਦਾ ਦਾਅਵਾ ਕਰਦਾ ਹੈ। ਹੈ ਨਾ ਕਮਾਲ! ਬੁੱਝੋ ਕੌਣ ਹੈ?
ਇੱਥੇ ਸਵਾਲ ਕਿਸੇ ਇੱਕ ਪਰਿਵਾਰ ਜਾਂ ਵਿਅਕਤੀ ਦਾ ਨਹੀਂ, ਸਗੋਂ ਸਾਡੀ ਸਮੂਹਿਕ ਮਾਨਸਿਕਤਾ ਦਾ ਹੈ। ਜਦੋਂ ਪੰਜਾਬੀ ਦੇ ਪ੍ਰਚਾਰਕ ਆਪਣੇ ਘਰਾਂ ਵਿੱਚ ਹੀ ਪੰਜਾਬੀ ਨੂੰ ਬਣਦਾ ਸਥਾਨ ਨਹੀਂ ਦਿੰਦੇ ਤਾਂ ਸਮਾਜ ਤੋਂ ਕੀ ਉਮੀਦ ਰੱਖੀ ਜਾ ਸਕਦੀ ਹੈ?
ਫਿਰ ਆਖਦੇ ਹਨ ਕਿ ਸਰਕਾਰ ਸਰਕਾਰੀ ਸਕੂਲ ਖ਼ਤਮ ਕਰ ਰਹੀ ਹੈ। ਜਦੋਂ ਅਸੀਂ ਖ਼ੁਦ ਹੀ ਸਰਕਾਰੀ ਸਕੂਲਾਂ ਵਿੱਚ ਆਪਣੇ ਬੱਚਿਆਂ ਨੂੰ ਪੜ੍ਹਾਉਣ ਦਾ ਭਰੋਸਾ ਨਹੀਂ ਕਰਦੇ, ਜਦੋਂ ਅਧਿਆਪਕਾਂ, ਅਫ਼ਸਰਾਂ ਅਤੇ ਆਗੂਆਂ ਦੇ ਬੱਚੇ ਉੱਥੇ ਨਹੀਂ ਪੜ੍ਹਦੇ, ਤਾਂ ਸਰਕਾਰੀ ਸਕੂਲਾਂ ਦੀ ਹਾਲਤ ਕਿਵੇਂ ਸੁਧਰੇਗੀ?
ਜਿਹੜੇ ਲੋਕ ਸਰਕਾਰੀ ਸਕੂਲਾਂ ਨੂੰ ਆਪਣੇ ਬੱਚਿਆਂ ਦੇ ਕਾਬਲ ਨਹੀਂ ਸਮਝਦੇ, ਉਹ ਸਰਕਾਰੀ ਸਕੂਲਾਂ ਦੀ ਬਿਹਤਰੀ ਲਈ ਕਿਹੜੀ ਨੈਤਿਕ ਲੜਾਈ ਲੜਨਗੇ?
ਹੈ ਕੋਈ ਜਵਾਬ?
ਸ਼ਾਬਾਸ਼ ਉਸਤਾਦ ਜੀ, ਤੇਰੀ ਉਸਤਾਦੀ ਦੇ! ਕੀ ਕਰੀਏ ਇਸ ਅਖੌਤੀ ਆਜ਼ਾਦੀ ਨੂੰ, ਜਿੱਥੇ ਮਾਂ-ਬੋਲੀ ਦੇ ਨਾਂ ‘ਤੇ ਨਾਅਰੇ ਤਾਂ ਲੱਗਦੇ ਹਨ, ਪਰ ਅਮਲ ਕਰਨ ਵੇਲੇ ਸਾਰਿਆਂ ਦੀ ਜ਼ੁਬਾਨ ਨੂੰ ਤਾਲੇ ਲੱਗ ਜਾਂਦੇ ਹਨ।
ਅਖੇ, ਫਿਰ ਕਹਿੰਦੇ ਹਨ ਬੁੱਧੂ ਬੋਲਦਾ ਹੈ!
ਮੈਨੂੰ ਇੱਕ ਡਾਕਟਰ ਵਿਦਵਾਨ ਕਹਿੰਦਾ ਸੀ, “ਇਹਨੂੰ ਪ੍ਰੋਫੈਸਰ ਨਹੀਂ ਕਹਿਣਾ ਆਉਂਦਾ, ਪਰੋਫੈਸਰ ਕਹਿੰਦਾ ਹੈ!”
ਹੁਣ ਤੁਸੀਂ ਹੀ ਦੱਸੋ, ਮੇਰੇ ਚੀਕਣ ਨਾਲ ਬੋਲੀ ਬਚ ਜਾਊ?
ਅਖੇ, ਫਿਰ ਕਹਿੰਦੇ ਆ, “ਬੂਟਾ ਗਾਲ੍ਹਾਂ ਕੱਢਦਾ ਹੈ!”
ਨਾ ਫਿਰ ਬੂਟਾ ਗਾਲ੍ਹਾਂ ਨਹੀਂ ਕੱਢੂ ਤਾਂ ਹੋਰ ਕੀ ਕਿਸੇ ਦੀ ਆਰਤੀ ਉਤਾਰੇਗਾ? ਜਦੋਂ ਸਮਾਜ ਦੇ ਕੰਨਾਂ ਵਿੱਚ ਰੂੰ ਪਾਈ ਹੋਵੇ ਤਾਂ ਕਈ ਵਾਰ ਸੱਚ ਦੀ ਆਵਾਜ਼ ਉੱਚੀ ਕਰਨੀ ਪੈਂਦੀ ਹੈ। ਪਰ ਸਵਾਲ ਇਹ ਹੈ ਕਿ ਆਵਾਜ਼ ਉੱਚੀ ਕਰਨ ਨਾਲ ਹੀ ਕੰਮ ਚੱਲ ਜਾਣਾ ਹੈ ਜਾਂ ਸਾਨੂੰ ਆਪਣੀ ਸੋਚ ਅਤੇ ਅਮਲ ਵੀ ਬਦਲਣੇ ਪੈਣਗੇ?
ਊੜੇ ਨੂੰ ਅਸੀਂ ਹੁਣ ਤੱਕ ਊੜਾ ‘ਉੱਲੂ’ ਹੀ ਪੜ੍ਹਾਇਆ ਹੈ, ਊੜਾ ‘ਉੱਠ’ ਨਹੀਂ ਪੜ੍ਹਾਇਆ।
ਸਾਨੂੰ ਊੜੇ ਨਾਲ ਉੱਲੂ ਬਣਨਾ ਸਿਖਾਇਆ ਗਿਆ, ਉੱਠ ਕੇ ਆਪਣੇ ਹੱਕਾਂ ਲਈ ਖੜ੍ਹਨਾ ਨਹੀਂ ਸਿਖਾਇਆ ਗਿਆ। ਸਾਨੂੰ ਚੁੱਪ ਰਹਿਣਾ ਸਿਖਾਇਆ ਗਿਆ, ਸਵਾਲ ਕਰਨਾ ਨਹੀਂ ਸਿਖਾਇਆ ਗਿਆ। ਸਾਨੂੰ ਦੂਜਿਆਂ ਦੇ ਪਿੱਛੇ ਤੁਰਨਾ ਸਿਖਾਇਆ ਗਿਆ, ਆਪਣਾ ਰਾਹ ਬਣਾਉਣਾ ਨਹੀਂ ਸਿਖਾਇਆ ਗਿਆ।
ਜਦੋਂ ਸਾਨੂੰ ਊੜਾ ਉੱਲੂ ਹੀ ਪੜ੍ਹਾਉਣਾ ਹੈ ਅਤੇ ਉੱਲੂ ਹੀ ਬਣਾਉਣਾ ਹੈ ਤਾਂ ਫਿਰ ਦੱਸੋ, ਸਾਡਾ ਉੱਲੂ ਕਦੋਂ ਸਿੱਧਾ ਹੋਵੇਗਾ?
ਕੀ ਕਰੀਏ ਹੁਣ?
ਪੈਤੀਨਾਮੇ ਨੂੰ ਹੁਣ ਜਾਗਦੇ ਅੱਖਰਾਂ ਨਾਲ ਪੜ੍ਹਾਉਣ ਦੀ ਲੋੜ ਹੈ। ਊੜੇ ਨੂੰ ਸਿਰਫ਼ ਅੱਖਰ ਨਹੀਂ, ਚੇਤਨਾ ਬਣਾਉਣਾ ਪਵੇਗਾ।
ਤੁਸੀਂ ਕਦੋਂ ਆਖੋਗੇ?
ਊੜਾ ਉੱਠ! ਜਾਗ ਕਿਰਤੀਆ!
ਉੱਠਣ ਦਾ ਵੇਲਾ ਹੋਇਆ,
ਬਹੁਤ ਕੁਵੇਲਾ ਹੋਇਆ।
ਜਾਗ ਜਾਗ, ਹੁਣ ਜਾਗ!
ਊੜਾ ਕਹੇ ਉੱਠ,
ਜ਼ੁਲਮ ਦੀਆਂ ਜੜ੍ਹਾਂ ਪੁੱਟ।
ਉੱਠ, ਤੁਰ, ਜੁੜ ਤੇ ਬੋਲ,
ਖੋਲ੍ਹ ਦੇ ਚੁੱਪ ਦੇ ਪੋਲ।
ਯੋਧਿਓ! ਹੁਣ ਜਾਗੋ,
ਗੁਲਾਮੀ ਦੀ ਨੀਂਦ ਤਿਆਗੋ।
ਜਾਗੋ, ਜਾਗੋ, ਜਾਗੋ!
ਊੜਾ ਊੜਾ ਫੜ,
ਜ਼ਾਲਮ ਦਾ ਜੂੜਾ ਫੜ।
ਮਨ ਵਿੱਚੋਂ ਕੱਢ ਦੇ ਕੂੜਾ,
ਸੋਚ ਨੂੰ ਕਰ ਦੇ ਪੂਰਾ।
ਊੜਾ ਸਿਰਫ਼ ਅੱਖਰ ਨਹੀਂ,
ਇਹ ਜਾਗਣ ਦਾ ਸੁਨੇਹਾ ਹੈ।
ਇਹ ਮਿਹਨਤਕਸ਼ ਦੀ ਆਵਾਜ਼ ਹੈ,
ਇਹ ਹੱਕਾਂ ਦਾ ਲਲਕਾਰਾ ਹੈ।
ਊੜਾ ਉੱਠ! ਜਾਗ ਕਿਰਤੀਆ!
ਹੁਣ ਚੁੱਪ ਰਹਿਣ ਦਾ ਨਹੀਂ,
ਆਪਣੀ ਬੋਲੀ, ਆਪਣੀ ਧਰਤੀ,
ਆਪਣੇ ਹੱਕ ਬਚਾਉਣ ਦਾ ਵੇਲਾ ਹੈ!

ਊੜਾ! ਊੜਾ! ਊੜਾ!
++++
ਬੁੱਧ ਸਿੰਘ ਨੀਲੋਂ
📞 9464370823

Latest News

Latest News