ਹਿਸਾਰ ਨੇੜੇ ਫ਼ੌਜੀ ਅਭਿਆਸ ਦੌਰਾਨ ਟੈਂਕ ਹੇਠਾਂ ਆਉਣ ਕਾਰਨ ਦੋ ਜਵਾਨਾਂ ਦੀ ਮੌਤ

ਨੈਸ਼ਨਲ ਪੰਜਾਬ

ਹਿਸਾਰ 22 ਨਵੰਬਰ ,ਬੋਲੇ ਪੰਜਾਬ ਬਿਊਰੋ;

ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦੇ ਪਿੰਡ ਭੋਜਰਾਜ ਦੇ ਬਾਹਰਵਾਰ ਬੀਤੇ ਦਿਨ ਇੱਕ ਰੁਟੀਨ ਫ਼ੌਜੀ ਅਭਿਆਸ ਦੌਰਾਨ ਵਾਪਰੇ ਹਾਦਸੇ ਵਿੱਚ ਟੈਂਕ ਹੇਠਾਂ ਆਉਣ ਕਾਰਨ ਫ਼ੌਜ ਦੇ ਦੋ ਜਵਾਨਾਂ ਦੀ ਮੌਤ ਹੋ ਗਈ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਕਰੀਬ 32 ਟੈਂਕ ਰੁਟੀਨ ਅਭਿਆਸ ਵਿੱਚ ਹਿੱਸਾ ਲੈ ਰਹੇ ਸਨ ਅਤੇ ਕੁਝ ਜਵਾਨ ਜ਼ਮੀਨ ’ਤੇ ਆਪਣੀਆਂ ਪੁਜ਼ੀਸ਼ਨਾਂ ਸੰਭਾਲੀ ਬੈਠੇ ਸਨ।

ਹਿਸਾਰ ਪੁਲੀਸ ਦੇ ਬੁਲਾਰੇ ਅਨੁਸਾਰ, ਕਤਾਰ ਵਿੱਚ ਚੱਲ ਰਹੇ ਟੈਂਕਾਂ ਦੀ ਆਵਾਜਾਈ ਦੌਰਾਨ ਉੱਡੀ ਸੰਘਣੀ ਧੂੜ ਕਾਰਨ ਦਿਖਣ ਹੱਦ (ਵਿਜ਼ੀਬਿਲਟੀ) ਬਹੁਤ ਘੱਟ ਗਈ ਸੀ। ਇਸੇ ਕਾਰਨ ਇੱਕ ਟੈਂਕ ਦਾ ਡਰਾਈਵਰ ਪੁਜ਼ੀਸ਼ਨ ’ਤੇ ਤਾਇਨਾਤ ਦੋਵਾਂ ਜਵਾਨਾਂ ਨੂੰ ਦੇਖ ਨਹੀਂ ਸਕਿਆ ਅਤੇ ਟੈਂਕ ਉਨ੍ਹਾਂ ਉੱਤੋਂ ਲੰਘ ਗਿਆ। ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਹਾਦਸੇ ਵਿੱਚ ਜਾਨ ਗੁਆਉਣ ਵਾਲੇ ਜਵਾਨਾਂ ਦੀ ਪਛਾਣ ਉੱਤਰ ਪ੍ਰਦੇਸ਼ ਦੇ ਸ਼ਾਮਲੀ ਦੇ ਵਸਨੀਕ ਨਾਇਕ ਮਨੀਸ਼ ਕੁਮਾਰ ਅਤੇ ਬਦਾਯੂੰ ਜ਼ਿਲ੍ਹੇ ਦੇ ਵਾਸੀ ਨਾਇਕ ਅੰਕੁਸ਼ ਕੁਮਾਰ ਵਜੋਂ ਹੋਈ ਹੈ।ਬੁਲਾਰੇ ਨੇ ਦੱਸਿਆ ਕਿ ਦੋਵਾਂ ਜਵਾਨਾਂ ਦੇ ਗੰਭੀਰ ਸੱਟਾਂ ਲੱਗੀਆਂ ਸਨ ਅਤੇ ਉਨ੍ਹਾਂ ਨੂੰ ਤੁਰੰਤ ਹਿਸਾਰ ਦੇ ਮਿਲਟਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਸਬੰਧੀ ਫ਼ੌਜ ਦੇ ਸੀਨੀਅਰ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਦੋਵਾਂ ਜਵਾਨਾਂ ਦਾ ਪੋਸਟਮਾਰਟਮ ਕਰਵਾਇਆ ਗਿਆ। ਮ੍ਰਿਤਕ ਜਵਾਨਾਂ ਵਿੱਚੋਂ ਮਨੀਸ਼ ਕੁਮਾਰ ਫ਼ੌਜੀ ਪਰਿਵਾਰ ਨਾਲ ਸਬੰਧ ਰੱਖਦੇ ਸਨ, ਉਨ੍ਹਾਂ ਦੇ ਪਿਤਾ ਰਾਮਵੀਰ ਵੀ ਫ਼ੌਜ ਵਿੱਚੋਂ ਸੇਵਾਮੁਕਤ ਹਨ।ਦੂਜੇ ਪਾਸੇ, ਅੰਕੁਸ਼ ਕੁਮਾਰ ਨੇ ਅੱਜ ਛੁੱਟੀ ’ਤੇ ਜਾਣਾ ਸੀ। ਉਨ੍ਹਾਂ ਦੇ ਚਚੇਰੇ ਭਰਾ ਅਮਿਤ ਕੁਮਾਰ ਨੇ ਦੱਸਿਆ ਕਿ ਅੰਕੁਸ਼ ਨੇ ਬੀਤੇ ਦਿਨ ਹਾਦਸੇ ਤੋਂ ਕੁਝ ਸਮਾਂ ਪਹਿਲਾਂ ਦੁਪਹਿਰ ਕਰੀਬ 2 ਵਜੇ ਫ਼ੋਨ ’ਤੇ ਆਪਣੇ ਬੱਚਿਆਂ ਨਾਲ ਗੱਲਬਾਤ ਕੀਤੀ ਸੀ।

Latest News

Latest News