ਚੰਡੀਗੜ੍ਹ, 24 ਮਾਰਚ ,ਬੋਲੇ ਪੰਜਾਬ ਬਿਊਰੋ;-
ਪੰਜਾਬ ਸਰਕਾਰ ਨੇ ਕੈਬਨਿਟ ਵਿੱਚ ਵੱਡਾ ਫੇਰਬਦਲ ਕਰਦਿਆਂ ਦੋ ਮੰਤਰੀਆਂ ਨੂੰ ਵਾਧੂ ਜ਼ਿੰਮੇਵਾਰੀਆਂ ਸੌਂਪੀਆਂ ਹਨ। ਇਹ ਕਦਮ ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਅਸਤੀਫ਼ੇ ਤੋਂ ਬਾਅਦ ਖਾਲੀ ਹੋਏ ਅਹੁਦਿਆਂ ਨੂੰ ਭਰਨ ਲਈ ਚੁੱਕਿਆ ਗਿਆ ਹੈ।ਜਾਣਕਾਰੀ ਮੁਤਾਬਕ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਡਾ. ਰਵਜੋਤ ਸਿੰਘ ਨੂੰ ਇਕ-ਇਕ ਹੋਰ ਵਿਭਾਗ ਦਾ ਚਾਰਜ ਦਿੱਤਾ ਗਿਆ ਹੈ।
ਹਰਪਾਲ ਸਿੰਘ ਚੀਮਾ ਨੂੰ ਟਰਾਂਸਪੋਰਟ ਵਿਭਾਗ, ਜਦੋਂਕਿ ਡਾ. ਰਵਜੋਤ ਨੂੰ ਜੇਲ੍ਹ ਮਹਿਕਮਾ ਦਿੱਤਾ ਗਿਆ ਹੈ।ਇੱਥੇ ਜ਼ਿਕਰ ਕਰਨਾ ਬਣਦਾ ਹੈ ਕਿ, ਇਹ ਤਬਦੀਲੀ ਅੰਮ੍ਰਿਤਸਰ ਦੇ ਜ਼ਿਲ੍ਹਾ ਮੈਨੇਜਰ (DM) ਗਗਨਦੀਪ ਸਿੰਘ ਰੰਧਾਵਾ ਦੀ ਖੁਦਕੁਸ਼ੀ ਮਾਮਲੇ ਤੋਂ ਬਾਅਦ ਹੋਈ ਹੈ। ਮ੍ਰਿਤਕ DM ਵੱਲੋਂ ਲਗਾਏ ਗਏ ਗੰਭੀਰ ਦੋਸ਼ਾਂ ਕਾਰਨ ਮੁੱਖ ਮੰਤਰੀ ਭਗਵੰਤ ਮਾਨ ਨੇ ਲਾਲਜੀਤ ਸਿੰਘ ਭੁੱਲਰ ਤੋਂ ਅਸਤੀਫ਼ਾ ਲੈ ਲਿਆ ਸੀ। ਭੁੱਲਰ ਕੋਲ ਪਹਿਲਾਂ ਟਰਾਂਸਪੋਰਟ ਅਤੇ ਜੇਲ੍ਹ ਵਿਭਾਗਾਂ ਦੀ ਜ਼ਿੰਮੇਵਾਰੀ ਸੀ, ਜੋ ਹੁਣ ਕ੍ਰਮਵਾਰ ਹਰਪਾਲ ਸਿੰਘ ਚੀਮਾ ਅਤੇ ਡਾ. ਰਵਜੋਤ ਸਿੰਘ ਨੂੰ ਵੰਡ ਦਿੱਤੀ ਗਈ ਹੈ।
ਦੱਸਦੇ ਚੱਲੀਏ ਕਿ, ਹਰਪਾਲ ਸਿੰਘ ਚੀਮਾ ਹੁਣ ਵਿੱਤ ਵਿਭਾਗ ਦੇ ਨਾਲ-ਨਾਲ ਸੂਬੇ ਦੇ ਟਰਾਂਸਪੋਰਟ ਖੇਤਰ ਦੀ ਵੀ ਨਿਗਰਾਨੀ ਕਰਨਗੇ। ਡਾ. ਰਵਜੋਤ ਨੂੰ ਜੇਲ੍ਹ ਵਿਭਾਗ ਵਰਗਾ ਅਹਿਮ ਅਤੇ ਸੰਵੇਦਨਸ਼ੀਲ ਵਿਭਾਗ ਦਿੱਤਾ ਗਿਆ ਹੈ। ਇਹ ਫੈਸਲਾ ਸਰਕਾਰੀ ਕੰਮਕਾਜ ਨੂੰ ਬਿਨਾਂ ਕਿਸੇ ਰੁਕਾਵਟ ਦੇ ਜਾਰੀ ਰੱਖਣ ਲਈ ਲਿਆ ਗਿਆ ਹੈ।
ਸਰਕਾਰੀ ਸੂਤਰਾਂ ਦੀ ਮੰਨੀਏ ਤਾਂ, ਹਰਪਾਲ ਸਿੰਘ ਚੀਮਾ ਨੂੰ ਟਰਾਂਸਪੋਰਟ ਵਿਭਾਗ ਸੌਂਪਣਾ ਸਰਕਾਰ ਦਾ ਇੱਕ ਭਰੋਸੇਮੰਦ ਕਦਮ ਹੈ, ਕਿਉਂਕਿ ਇਹ ਵਿਭਾਗ ਸਿੱਧੇ ਤੌਰ ‘ਤੇ ਮਾਲੀਏ ਨਾਲ ਜੁੜਿਆ ਹੋਇਆ ਹੈ। ਦੂਜੇ ਪਾਸੇ, ਡਾ. ਰਵਜੋਤ ਸਿੰਘ ਲਈ ਜੇਲ੍ਹ ਵਿਭਾਗ ਨੂੰ ਸੰਭਾਲਣਾ ਇੱਕ ਵੱਡੀ ਚੁਣੌਤੀ ਹੋਵੇਗੀ।












