ਐੱਸ.ਡੀ.ਐੱਮ. ਧੂਰੀ ਵੱਲੋਂ ਅਧਿਆਪਕ ਨੂੰ ਕੀਤਾ ਜਾ ਰਿਹਾ ਨਾਜਾਇਜ਼ ਪ੍ਰੇਸ਼ਾਨ- ਡੀ. ਟੀ.ਐੱਫ.
ਧੂਰੀ, 25 ਮਾਰਚ ,ਬੋਲੇ ਪੰਜਾਬ ਬਿਊਰੋ-
ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਜ਼ਿਲ੍ਹਾ ਸੰਗਰੂਰ ਦਾ ਇੱਕ ਵਫ਼ਦ ਅੱਜ ਸਕੱਤਰ ਸਕੂਲ ਸਿੱਖਿਆ ਦੀਆਂ ਹਿਦਾਇਤਾਂ ਅਤੇ ਡੀਸੀ ਸੰਗਰੂਰ ਦੇ ਹੁਕਮਾਂ ਤਹਿਤ ਸਾਇੰਸ ਵਿਸ਼ੇ ਦੇ ਅਧਿਆਪਕ ਦੀ ਬੀ.ਐੱਲ.ਓ. ਡਿਊਟੀ ਕਟਵਾਉਣ ਲਈ ਐੱਸ.ਡੀ.ਐੱਮ. ਧੂਰੀ ਨੂੰ ਮਿਲਿਆ।ਇਸ ਬਾਰੇ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਸੁਖਜਿੰਦਰ ਸੰਗਰੂਰ ਅਤੇ ਪ੍ਰੈੱਸ ਸਕੱਤਰ ਜਸਬੀਰ ਨਮੋਲ ਨੇ ਦੱਸਿਆ ਕਿ ਇਸ ਮਸਲੇ ਉੱਤੇ ਐੱਸ.ਡੀ.ਐੱਮ. ਦਾ ਰਵੱਈਆ ਪੂਰੀ ਤਰ੍ਹਾਂ ਨਾ-ਪੱਖੀ ਸੀ ਅਤੇ ਉਸ ਵੱਲੋਂ ਵਫ਼ਦ ਵੱਲੋਂ ਬਾਦਲੀਲ ਰੱਖੀ ਗਈ ਗੱਲ ਦਾ ਕੋਈ ਜਵਾਬ ਦੇਣ ਦੀ ਥਾਂ ‘ਤੇ ਸਬੰਧਤ ਅਧਿਆਪਕ ਨੂੰ ਡਰਾਉਣ ਧਮਕਾਉਣ ਅਤੇ ਉਸ ‘ਤੇ ਮਾਨਸਿਕ ਦਬਾਅ ਪਾਉਣ ਦੀ ਨੀਤੀ ਅਪਣਾਈ ਗਈ।
ਵਿੱਤ ਸਕੱਤਰ ਯਾਦਵਿੰਦਰ ਪਾਲ ਅਤੇ ਸੀਨੀਅਰ ਆਗੂ ਬਲਬੀਰ ਲੌਂਗੋਵਾਲ ਨੇ ਦੱਸਿਆ ਕਿ ਸਿੱਖਿਆ ਸਕੱਤਰ ਦੇ ਪੱਤਰ ਵਿੱਚ ਸਪੱਸ਼ਟ ਲਿਖਿਆ ਹੈ ਕਿ ਮੁੱਖ ਵਿਸ਼ਿਆਂ ਜਿਵੇਂ ਸਾਇੰਸ, ਗਣਿਤ ਆਦਿ ਦੇ ਅਧਿਆਪਕਾਂ ਨੂੰ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਧਿਆਨ ਵਿੱਚ ਰੱਖ ਕੇ ਬੀ.ਐੱਲ.ਓ. ਡਿਊਟੀ ਤੋਂ ਛੋਟ ਦਿੱਤੀ ਜਾਵੇ।
ਉਹਨਾਂ ਨੇ ਬੀਤੀ 10 ਫਰਵਰੀ ਨੂੰ ਇਸ ਸਬੰਧੀ ਡੀਸੀ ਸੰਗਰੂਰ ਨੂੰ ਮੰਗ ਪੱਤਰ ਵੀ ਦਿੱਤਾ ਸੀ ਜਿਸ ‘ਤੇ ਡੀਸੀ ਨੇ ਸਹਿਮਤੀ ਪ੍ਰਗਟਾਈ ਸੀ ਅਤੇ ਕਾਰਵਾਈ ਲਈ ਐੱਸ.ਡੀ.ਐੱਮ. ਧੂਰੀ ਨੂੰ ਭੇਜਿਆ ਸੀ। ਤਤਕਾਲੀ ਐੱਸ.ਡੀ.ਐੱਮ. ਵੱਲੋਂ ਦੋ ਅਧਿਆਪਕਾਂ ਦੀ ਡਿਊਟੀ ਕੱਟ ਦਿੱਤੀ ਗਈ ਸੀ ਪ੍ਰੰਤੂ ਦੋ ਹੋਰ ਦੀ ਨਹੀਂ ਕੱਟੀ ਸੀ।
ਇਸ ‘ਤੇ ਜਥੇਬੰਦੀ ਦੁਬਾਰਾ ਡੀਸੀ ਸੰਗਰੂਰ ਨੂੰ ਮਿਲੀ ਸੀ ਤੇ ਉਹਨਾਂ ਨੇ ਵਫ਼ਦ ਦੇ ਸਾਹਮਣੇ ਤਤਕਾਲੀ ਐੱਸ.ਡੀ.ਐੱਮ. ਨੂੰ ਫੋਨ ਕਰਕੇ ਇਹਨਾਂ ਅਧਿਆਪਕਾਂ ਦੀ ਡਿਊਟੀ ਕੱਟਣ ਦਾ ਹੁਕਮ ਦਿੱਤਾ ਸੀ। ਐੱਸ.ਡੀ.ਐੱਮ. ਦੀ ਬਦਲੀ ਹੋਣ ਕਾਰਨ ਜਦੋਂ ਜਥੇਬੰਦੀ ਦੇ ਆਗੂ ਮੌਜੂਦਾ ਐੱਸ.ਡੀ.ਐੱਮ. ਨੂੰ ਮਿਲੇ ਤਾਂ ਇਹਨਾਂ ਨੇ ਵੀ ਦੋਵਾਂ ਅਧਿਆਪਕਾਂ ਦੀਆਂ ਡਿਊਟੀਆਂ ਕੱਟਣ ਦਾ ਭਰੋਸਾ ਦਿੱਤਾ ਸੀ।
ਪ੍ਰੰਤੂ ਇੱਕ ਅਧਿਆਪਕ ਦੀ ਡਿਊਟੀ ਹੀ ਕੱਟੀ ਸੀ। ਬਾਕੀ ਬਚੇ ਇੱਕ ਅਧਿਆਪਕ ਦੀ ਡਿਊਟੀ ਕੱਟਣ ਦੀ ਬਜਾਏ ਬੀਤੀ 20 ਮਾਰਚ ਨੂੰ ਉਸਨੂੰ ਬੀ.ਐੱਲ.ਓ. ਦਾ ਕੰਮ ਕਰਨ ਦਾ ਆਦੇਸ਼ ਐੱਸ.ਡੀ.ਐੱਮ. ਦੁਆਰਾ ਫੋਨ ਕਾਲ ਰਾਹੀਂ ਦਿੱਤਾ ਗਿਆ।
ਜਦੋਂ ਅਧਿਆਪਕ ਨੇ ਆਪਣਾ ਪੱਖ ਰੱਖਣ ਦੀ ਗੱਲ ਕਹੀ ਤਾਂ ਉਸ ਨੂੰ 24 ਮਾਰਚ ਨੂੰ ਐੱਸ.ਡੀ.ਐੱਮ. ਦਫ਼ਤਰ ਆਉਣ ਲਈ ਕਿਹਾ ਗਿਆ ਅਤੇ ਛੁੱਟੀਆਂ ਦੌਰਾਨ ਉਸਨੂੰ ਦਫ਼ਤਰ ਦੁਆਰਾ ਫੋਨ ਕਾਲਾਂ ਕਰਕੇ ਪ੍ਰੇਸ਼ਾਨ ਕੀਤਾ ਜਾਂਦਾ ਰਿਹਾ ਤੇ 23 ਮਾਰਚ ਨੂੰ ਛੁੱਟੀ ਵਾਲੇ ਦਿਨ ਉਸਨੂੰ ’ਕਾਰਨ ਦੱਸੋ ਨੋਟਿਸ’ ਕੱਢ ਦਿੱਤਾ ਗਿਆ। ਜਥੇਬੰਦੀ ਨੇ ਇਸ ਦਾ ਨੋਟਿਸ ਲਿਆ ਅਤੇ ਅੱਜ ਐੱਸ.ਡੀ.ਐੱਮ. ਨੂੰ ਮਿਲਿਆ ਗਿਆ, ਜਿਸ ਦੌਰਾਨ ਇਸ ਅਧਿਕਾਰੀ ਦਾ ਵਤੀਰਾ ਉਕਤ ਅਨੁਸਾਰ ਬਹੁਤ ਮਾੜਾ ਰਿਹਾ।
ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਦੇ ਹਲਕੇ ਵਿੱਚ ਬੈਠੇ ਅਧਿਕਾਰੀ ਅਜਿਹੀਆਂ ਮਨਮਾਨੀਆਂ ਕਰਕੇ ਪੰਜਾਬ ਸਰਕਾਰ ਦੇ ਸਿੱਖਿਆ ਕ੍ਰਾਂਤੀ ਦੇ ਨਾਅਰੇ ਦਾ ਮਜ਼ਾਕ ਬਣਾ ਰਹੇ ਹਨ। ਜਦੋਂ ਇਹਨਾਂ ਮੁੱਖ ਵਿਸ਼ਿਆਂ ਦੇ ਅਧਿਆਪਕ ਹੀ ਸਕੂਲਾਂ ਵਿੱਚੋਂ ਬਾਹਰ ਕੱਢੇ ਜਾਣਗੇ ਤਾਂ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਪ੍ਰਤੀ ਪ੍ਰਸ਼ਾਸਨ ਅਤੇ ਸਰਕਾਰ ਦੀ ਹੋਰ ਸੰਵੇਦਨਹੀਣਤਾ ਕੀ ਹੋ ਸਕਦੀ ਹੈ।
ਆਗੂਆਂ ਨੇ ਕਿਹਾ ਕਿ ਜਥੇਬੰਦੀ ਵਿਦਿਆਰਥੀਆਂ ਦੇ ਸਿੱਖਿਆ ਦੇ ਹੱਕ ਦੀ ਰਾਖੀ ਅਤੇ ਪੀੜਤ ਅਧਿਆਪਕ ਨੂੰ ਇਨਸਾਫ਼ ਦਵਾਉਣ ਲਈ ਸੰਘਰਸ਼ ਦਾ ਰਸਤਾ ਅਖ਼ਤਿਆਰ ਕਰੇਗੀ ਅਤੇ ਸਿੱਖਿਆ ਮੰਤਰੀ ਦੇ ਹਲਕੇ ਅਤੇ ਜ਼ਿਲ੍ਹੇ ਵਿੱਚ ਅਖੌਤੀ ਸਿੱਖਿਆ ਕ੍ਰਾਂਤੀ ਦੀ ਪੋਲ ਖੋਲ੍ਹੀ ਜਾਵੇਗੀ। ਵਫ਼ਦ ਵਿੱਚ ਉਕਤ ਤੋਂ ਇਲਾਵਾ ਬਲਾਕ ਆਗੂ ਗਗਨਦੀਪ ਧੂਰੀ,ਸੰਦੀਪ ਸਿੰਘ, ਹਰਪ੍ਰੀਤ ਸਿੰਘ ਤੇ ਅੰਮ੍ਰਿਤਪਾਲ ਸਿੰਘ ਸ਼ਾਮਿਲ ਸਨ।












