ਚੰਡੀਗੜ੍ਹ, 19 ਜੂਨ,ਬੋਲੇ ਪੰਜਾਬ ਬਿਊਰੋ:
ਪੰਜਾਬੀ ਮਿਊਜ਼ਿਕ ਇੰਡਸਟਰੀ ਅਤੇ ਸਿਨੇਮਾ ਨੂੰ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾਉਣ ਵਾਲੇ ਗਲੋਬਲ ਸਟਾਰ ਦਿਲਜੀਤ ਦੋਸਾਂਝ ਨੇ ਅੰਤਰਰਾਸ਼ਟਰੀ ਪੱਧਰ ‘ਤੇ ਇੱਕ ਹੋਰ ਅਜਿਹਾ ਇਤਿਹਾਸਕ ਮੁਕਾਮ ਹਾਸਲ ਕਰ ਲਿਆ ਹੈ, ਜਿਸ ਨੇ ਦੁਨੀਆ ਭਰ ਵਿੱਚ ਵੱਸਦੇ ਪੰਜਾਬੀਆਂ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ ਹੈ। ਅਮਰੀਕਾ ਦੇ ਪ੍ਰਸਿੱਧ ਸ਼ਹਿਰ ਲਾਸ ਐਂਜਲਸ (LA) ਦੀ ਸਿਟੀ ਕੌਂਸਲ ਵੱਲੋਂ ਇੱਕ ਅਧਿਕਾਰਤ ਨਾਗਰਿਕ ਮਤਾ ਪਾਸ ਕਰਕੇ ਆਉਣ ਵਾਲੀ 6 ਜਨਵਰੀ, 2027 ਨੂੰ ਅਧਿਕਾਰਤ ਤੌਰ ‘ਤੇ ‘ਦਿਲਜੀਤ ਦੋਸਾਂਝ ਦਿਵਸ’ (Diljit Dosanjh Day) ਵਜੋਂ ਮਨਾਉਣ ਦਾ ਐਲਾਨ ਕੀਤਾ ਗਿਆ ਹੈ। ਸੋਸ਼ਲ ਮੀਡੀਆ ‘ਤੇ ਸਾਹਮਣੇ ਆਈ ਇੱਕ ਵੀਡੀਓ ਵਿੱਚ ਲਾਸ ਐਂਜਲਸ ਦੇ ਅਧਿਕਾਰੀਆਂ ਵੱਲੋਂ ਇਹ ਵੱਕਾਰੀ ਸਨਮਾਨ ਖ਼ੁਦ ਦਿਲਜੀਤ ਦੋਸਾਂਝ ਨੂੰ ਸੌਂਪਿਆ ਗਿਆ। ਇਹ ਸਨਮਾਨ ਉਨ੍ਹਾਂ ਨੂੰ ਪੰਜਾਬੀ ਸੰਗੀਤ ਅਤੇ ਦੱਖਣੀ ਏਸ਼ੀਆਈ ਪ੍ਰਤੀਨਿਧਤਾ ਨੂੰ ਅਮਰੀਕੀ ਮੁੱਖ ਧਾਰਾ ਦੇ ਸੱਭਿਆਚਾਰ (American Pop Culture) ਵਿੱਚ ਹਰਮਨ ਪਿਆਰਾ ਬਣਾਉਣ ਅਤੇ ਵਿਲੱਖਣ ਯੋਗਦਾਨ ਪਾਉਣ ਲਈ ਦਿੱਤਾ ਗਿਆ ਹੈ।
ਲਾਸ ਐਂਜਲਸ ਦੀ ਸਿਟੀ ਕੌਂਸਲ ਵਿੱਚ ਇਸ ਇਤਿਹਾਸਕ ਮਤੇ ਨੂੰ ਪੇਸ਼ ਕਰਨ ਵਾਲੀ ਉੱਥੋਂ ਦੀ ਕਾਊਂਸਲਵੂਮੈਨ ਮੋਨਿਕਾ ਰੌਡਰਿਗਜ਼ (Monica Rodriguez) ਨੇ ਦਿਲਜੀਤ ਦੋਸਾਂਝ ਦੀ ਖੁੱਲ੍ਹ ਕੇ ਤਾਰੀਫ਼ ਕੀਤੀ। ਉਨ੍ਹਾਂ ਦੱਸਿਆ ਕਿ ਇਹ ਖ਼ਾਸ ਦਿਨ 6 ਜਨਵਰੀ ਨੂੰ ਦਿਲਜੀਤ ਦੋਸਾਂਝ ਦੇ ਜਨਮਦਿਨ ਵਾਲੇ ਦਿਨ ਹੀ ਮਨਾਇਆ ਜਾਵੇਗਾ। ਮੋਨਿਕਾ ਰੌਡਰਿਗਜ਼ ਨੇ ਲਾਸ ਐਂਜਲਸ ਦੀ ਵੰਨ-ਸੁਵੰਨਤਾ (Diversity) ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਸ਼ਹਿਰ ਦੀ ਇਹੋ ਖਾਸੀਅਤ ਹੈ ਕਿ ਇੱਥੇ ਜਦੋਂ ਕੋਈ ਵੱਡਾ ਸੱਭਿਆਚਾਰਕ ਜਾਂ ਕ੍ਰਿਪਟੋ ਸ਼ੋਅ ਹੁੰਦਾ ਹੈ, ਤਾਂ ਕੋਰੀਅਨ, ਮੈਕਸੀਕਨ ਅਤੇ ਹੋਰ ਕਈ ਭਾਈਚਾਰਿਆਂ ਦੇ ਲੋਕ ਇਕੱਠੇ ਆ ਕੇ ਵਰਲਡ ਕੱਪ ਵਾਂਗ ਜਸ਼ਨ ਮਨਾਉਂਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਗਲੋਬਲ ਸ਼ਹਿਰ ਵਿੱਚ ਦਿਲਜੀਤ ਦੋਸਾਂਝ ਦਾ ਸਵਾਗਤ ਕਰਨਾ ਅਤੇ ਉਨ੍ਹਾਂ ਦੇ ਨਾਂ ‘ਤੇ ਦਿਨ ਦਾ ਐਲਾਨ ਕਰਨਾ ਪੂਰੇ ਸ਼ਹਿਰ ਲਈ ਬੇਹੱਦ ਮਾਣ ਵਾਲੀ ਗੱਲ ਹੈ।












