ਘਨੌਲੀ,19, ਜੂਨ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋ) ;
ਗੁਰੂ ਗੋਬਿੰਦ ਸਿੰਘ ਸੂਪਰ ਥਰਮਲ ਪਲਾਂਟ ਰੋਪੜ ਅਤੇ ਗੁਰੂ ਹਰਗੋਬਿੰਦ ਸਿੰਘ ਥਰਮਲ ਪਲਾਂਟ ਲਹਿਰਾ ਮੁਹੱਬਤ ਵਿੱਚ ਕੰਮ ਕਰਦੇ ਕੰਟਰੈਕਟ ਵਰਕਰਾਂ ਵੱਲੋਂ ਸਾਂਝੀ ਥਰਮਲ ਕੰਟਰੈਕਟਰ ਵਰਕਰਜ ਸੰਘਰਸ਼ ਕਮੇਟੀ ਦੇ ਬੈਨਰ ਹੇਠ ਪਿਛਲੇ ਲੰਮੇ ਸਮੇਂ ਤੋਂ ਲਗਾਤਾਰ ਸੰਘਰਸ਼ ਜਾਰੀ ਹੈ। ਮਿਤੀ 24.05.26 ਨੂੰ ਬਿਜਲੀ ਮੰਤਰੀ ਪੰਜਾਬ ਸ: ਤਰਨਪ੍ਰੀਤ ਸਿੰਘ ਸੌਂਦ, ਪਾਵਰਕਾਮ ਦੇ ਸੀ.ਐਮ.ਡੀ ਅਤੇ ਡਾਇਰੈਕਟਰ (ਡੀ) ਨਾਲ ਸਾਂਝੀ ਥਰਮਲ ਕੰਟਰੈਕਟਰ ਵਰਕਰਜ ਸੰਘਰਸ਼ ਕਮੇਟੀ, ਪਾਵਰਕਾਮ ਕਾਮੇ ਆਊਟਸੋਰਸ ਵਰਕਰ ਯੂਨੀਅਨ ਏਟਕ ਅਤੇ ਆਊਟਸੋਰਸ ਇੰਪਲਾਈਜ਼ ਫੈਡਰੇਸ਼ਨ ਦੇ ਨਾਲ ਖੰਨਾ ਵਿੱਖੇ ਪੈਨਲ ਮੀਟਿੰਗ ਹੋਈ ਸੀ। ਇਸ ਮੀਟਿੰਗ ਵਿੱਚ ਇਹ ਫੈਸਲਾ ਹੋਇਆ ਸੀ ਕਿ ਮਿਤੀ 15/06/2026 ਤੱਕ ਕੰਟਰੈਕਟ ਤੇ ਕੰਮ ਕਰਦੇ ਕਾਮਿਆਂ ਨੂੰ CHB ਕਾਮਿਆਂ ਤੇ ਲਾਗੂ ਹੋਈ ਪਾਲਿਸੀ ਅਨੁਸਾਰ ਪਾਵਰਕਾਮ ਅਤੇ ਟ੍ਰਾਂਸਕੋ ਦੇ ਅਧੀਨ ਸਿੱਧਾ ਕੰਟਰੈਕਟ ਤੇ ਲੈ ਲਿਆ ਜਾਵੇਗਾ ਅਤੇ ਉਹਨਾਂ ਦੀਆਂ ਤਨਖਾਹਾਂ ਵਿੱਚ 18% ਜੀ.ਐਸ.ਟੀ + ਠੇਕੇਦਾਰ ਨੂੰ ਮਿਲਣ ਵਾਲਾ ਪ੍ਰੋਫਿਟ ਵਰਕਰਾਂ ਨੂੰ ਦਿੱਤਾ ਜਾਵੇਗਾ। ਪਰ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਨੇ ਆਪਣੇ ਲਿਖਤੀ ਫੈਸਲੇ ਮੁਤਾਬਿਕ ਲਾਗੂ ਨਹੀ ਕੀਤਾ ਅਤੇ ਵਾਅਦਾ ਖਿਲਾਫੀ ਕੀਤੀ ਹੈ, ਜਿਸ ਕਰਕੇ ਆਊਟਸੋਰਸ ਵਰਕਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਸਾਂਝੀ ਥਰਮਲ ਕੰਟਰੈਕਟਰਜ਼ ਵਰਕਰਜ਼ ਸੰਘਰਸ਼ ਕਮੇਟੀ ਵੱਲੋਂ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੋਪੜ ਅਤੇ ਜੀ.ਐਚ.ਟੀ.ਪੀ. ਲਹਿਰਾ ਮੁਹੱਬਤ ਦੇ ਮੇਨ ਗੇਟ ਤੇ ਮਿਤੀ 16.06.2026 ਤੋਂ ਲਗਾਤਾਰ ਅਣਮਿੱਥੇ ਸਮੇਂ ਲਈ ਥਰਮਲ ਦੇ ਗੇਟ ਤੇ ਅਤੇ ਹੈਡ ਆਫਿਸ ਪਟਿਆਲਾ ਧਰਨਾ / ਹੜਤਾਲ ਜਾਰੀ ਹੈ। ਇਹਨਾਂ ਪ੍ਰੋਗਰਾਮਾਂ ਨੂੰ ਸਾਂਝੀ ਸੰਘਰਸ਼ ਕਮੇਟੀ ਦੇ ਕਨਵੀਨਰ ਆਰ.ਕੇ ਤਿਵਾੜੀ, ਕੋ ਕਨਵੀਨਰ ਮਹਿੰਦਰ ਸਿੰਘ, ਸਕੱਤਰ ਅਮਰਜੀਤ ਸਿੰਘ, ਖਜਾਨਚੀ ਬਲਦੇਵ ਸਿੰਘ, ਮੈਂਬਰ ਹੀਰਾ ਰਾਣਾ, ਗਗਨਦੀਪ ਸਿੰਘ, ਗੁਰਚਰਨ ਸਿੰਘ,ਰਾਜਿੰਦਰ ਸਿੰਘ ਅਤੇ ਪ੍ਰਿਤਪਾਲ ਸਿੰਘ ਨੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੋਪੜ ਦੇ ਮੇਨ ਗੇਟ ਤੇ ਬੈਠੇ ਹੋਏ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਸਰਕਾਰ ਅਤੇ ਪਾਵਰਕਾਮ ਦੀ ਮੈਨੇਜਮੈਂਟ ਨੂੰ ਸਿੱਧੀ ਚੇਤਾਵਨੀ ਦਿੱਤੀ ਕਿ ਜਿੰਨੀ ਦੇਰ ਤੱਕ ਫੈਸਲੇ ਦੇ ਮੁਤਾਬਿਕ ਨਿਯੁਕਤੀ ਪੱਤਰ ਵਰਕਰਾਂ ਨੂੰ ਜਾਰੀ ਨਹੀ ਕੀਤੇ ਜਾਂਦੇ ਉੰਨੀ ਦੇਰ ਤੱਕ ਹੜਤਾਲ ਜਾਰੀ ਰਹੇਗੀ।
ਇਸੇ ਤਰਾਂ ਜੀ.ਐਚ.ਟੀ.ਪੀ. ਲਹਿਰਾ ਮੁਹੱਬਤ ਦੇ ਮੇਨ ਗੇਟ ਤੇ ਬੈਠੇ ਵਰਕਰਾਂ ਨੂੰ ਕਮੇਟੀ ਦੇ ਮੈਂਬਰ ਸਾਥੀ ਹਰਪ੍ਰੀਤ ਸਿੰਘ ਅਤੇ ਕੋ ਕਨਵੀਨਰ ਸਾਥੀ ਸੁਖਵਿੰਦਰ ਸਿੰਘ ਨੇ ਵੀ 24/05/2026 ਦੇ ਫੈਸਲੇ ਮੁਤਾਬਿਕ ਜਿੰਨੀ ਦੇਰ ਵਰਕਰਾਂ ਨੂੰ ਨਿਯੁਕਤੀ ਪੱਤਰ ਜਾਰੀ ਨਹੀ ਕੀਤੇ ਜਾਂਦੇ ਉੰਨੀ ਦੇਰ ਤੱਕ ਹੜਤਾਲ / ਧਰਨਾ ਜਾਰੀ ਰਹੇਗਾ। ਇਸੇ ਤਰਾਂ ਪਾਵਰਕਾਮ ਅਤੇ ਟ੍ਰਾਂਸਕੋ ਆਊਟਸੋਰਸ ਵਰਕਰ ਯੂਨੀਅਨ ਏਟਕ ਅਤੇ ਆਊਟਸੋਰਸ ਇੰਪਲਾਈਜ਼ ਫੈਡਰੇਸ਼ਨ ਵੱਲੋਂ ਵੀ ਹੈੱਡ ਆਫਿਸ ਪਟਿਆਲਾ ਦੇ ਸਾਹਮਣੇ ਧਰਨੇ ਵਿੱਚ ਸੰਬੋਧਨ ਕਰਦੇ ਹੋਏ ਹਰਵਿੰਦਰ ਸ਼ਰਮਾ ਆਦਿ ਆਗੂਆਂ ਨੇ ਹੜਤਾਲ / ਧਰਨਾ ਜਾਰੀ ਰੱਖਣ ਦਾ ਐਲਾਨ ਕੀਤਾ।
ਇਹ ਬਿਆਨ ਸਾਥੀ ਅਮਰਜੀਤ ਸਿੰਘ ਸਕੱਤਰ ਸਾਂਝੀ ਥਰਮਲ ਕੰਟਰੈਕਟਰ ਵਰਕਰਜ ਸੰਘਰਸ਼ ਕਮੇਟੀ ਨੇ ਜਾਰੀ ਕੀਤਾ।












