ਮਨੁੱਖੀ ਜ਼ਿੰਦਗੀ ਦਾ ਚੱਕਰਵਿਊ!

ਸਾਹਿਤ ਪੰਜਾਬ

ਮਨੁੱਖੀ ਜ਼ਿੰਦਗੀ ਦਾ ਚੱਕਰਵਿਊ!

ਜਦੋਂ ਬੰਦਾ ਜੰਗਲੀ ਤੋਂ ਪੇਂਡੂ ਬਣਿਆ ਤਾਂ ਸਿਰਫ਼ ਰਹਿਣ ਦਾ ਢੰਗ ਨਹੀਂ ਬਦਲਿਆ, ਉਸਦੀ ਸੋਚ, ਲਾਲਸਾ, ਡਰ ਅਤੇ ਦਾਅਵੇਦਾਰੀ ਵੀ ਬਦਲੀ। ਕੁਦਰਤ ਦਾ ਨਿਯਮ ਹੈ ਕਿ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ, ਪਰ ਜਦੋਂ ਇਹ ਉਂਗਲਾਂ ਮੁੱਠੀ ਬਣਦੀਆਂ ਹਨ ਤਾਂ ਬਰਾਬਰੀ ਨਹੀਂ, ਤਾਕਤ ਦਾ ਪ੍ਰਦਰਸ਼ਨ ਕਰਦੀਆਂ ਹਨ। ਇਤਿਹਾਸ ਦੀਆਂ ਬਹੁਤੀਆਂ ਜੰਗਾਂ ਅਤੇ ਟਕਰਾਵਾਂ ਦੇ ਪਿੱਛੇ ਵੀ ਇਹੀ ਮੁੱਠੀ ਦੀ ਮਨੋਵਿਰਤੀ ਰਹੀ ਹੈ।
ਪਰਬਤ ਦੀ ਚੋਟੀ ਤੋਂ ਡਿੱਗਣ ਵਾਲੀ ਬਰਫ਼ ਦੀ ਇੱਕ ਬੂੰਦ ਆਪਣਾ ਸਫ਼ਰ ਸ਼ੁਰੂ ਕਰਦੀ ਹੈ। ਉਹ ਕੂਲ ਬਣਦੀ ਹੈ, ਕੱਸੀ ਬਣਦੀ ਹੈ, ਨਾਲਾ, ਨਦੀ ਅਤੇ ਦਰਿਆ ਬਣਦੀ ਹੋਈ ਸਮੁੰਦਰ ਵਿੱਚ ਸਮਾ ਜਾਂਦੀ ਹੈ। ਫਿਰ ਭਾਫ਼ ਬਣ ਕੇ ਬੱਦਲ ਬਣਦੀ ਹੈ ਅਤੇ ਮੁੜ ਬਰਫ਼ ਜਾਂ ਬੂੰਦ ਦਾ ਰੂਪ ਧਾਰ ਲੈਂਦੀ ਹੈ। ਇਹ ਕੁਦਰਤ ਦਾ ਚੱਕਰ ਹੈ। ਮਨੁੱਖੀ ਜ਼ਿੰਦਗੀ ਵੀ ਇਸੇ ਚੱਕਰਵਿਊ ਦਾ ਹਿੱਸਾ ਹੈ। ਜਨਮ ਤੋਂ ਮੌਤ ਤੱਕ ਅਤੇ ਮੌਤ ਤੋਂ ਯਾਦ ਤੱਕ ਦਾ ਸਫ਼ਰ ਵੀ ਲਗਾਤਾਰ ਬਦਲਾਅ ਦਾ ਸਫ਼ਰ ਹੈ।
ਸਤੀਸ਼ ਗੁਲਾਟੀ ਦਾ ਸ਼ੇਅਰ ਯਾਦ ਆਉਂਦਾ ਹੈ—
ਉਹ ਪਾਰਦਰਸੀ, ਨੀਲੀ, ਸੰਦਲੀ ਜਾਂ ਸੁਨਹਿਰੀ ਹੈ,
ਨਦੀ ਦੀ ਤੋਰ ਦੱਸ ਦੇਂਦੀ ਹੈ ਕਿ ਉਹ ਕਿੰਨੀ ਕੁ ਗਹਿਰੀ ਹੈ।
ਇਨਸਾਨ ਦੀ ਗਹਿਰਾਈ ਵੀ ਉਸਦੇ ਸ਼ਬਦਾਂ ਨਾਲ ਨਹੀਂ, ਉਸਦੇ ਕਰਮਾਂ ਨਾਲ ਮਾਪੀ ਜਾਂਦੀ ਹੈ। ਪਰ ਅੱਜ ਦਾ ਸਮਾਂ ਕਰਮਾਂ ਨਾਲੋਂ ਵੱਧ ਦਿਖਾਵੇ ਦਾ ਸਮਾਂ ਬਣ ਗਿਆ ਹੈ। ਸੱਚਾਈ ਦੀ ਥਾਂ ਪ੍ਰਚਾਰ ਨੇ ਲੈ ਲਈ ਹੈ ਅਤੇ ਮਨੁੱਖਤਾ ਦੀ ਥਾਂ ਬਾਜ਼ਾਰ ਨੇ। ਕੁੱਝ ਬੰਦੇ ਦੇਵਤਿਆਂ ਦੇ ਲਿਬਾਸ ਵਿੱਚ ਰਾਖਸ਼ਸ਼ ਹੁੰਦੇ ਹਨ। ਉਹ ਸਾਖੀਆਂ ਸੁਣਾ ਕੇ ਲੋਕਾਂ ਨੂੰ ਭਰਮਾਉਣ ਦਾ ਢੌਂਗ ਰਚ ਕੇ ਸ਼ੋਭਾ ਭਾਲਦੇ ਹਨ। ਉਹ ਕੌਡੇ ਸ਼ਾਹ ਵਰਗੇ ਹੁੰਦੇ ਹਨ। ਉਹ ਸ਼ੋਹਰਤ ਦੀ ਭੁੱਖ ਲਈ ਆਪਣਾ ਗਿਰਗਿਟ ਵਾਂਗੂ ਰੰਗ ਬਦਲਦੇ ਹਨ।
ਹੁਣ ਗੱਲ ਭੁੱਖ ਦੀ ਹੈ। ਇਹ ਭੁੱਖ ਸਿਰਫ਼ ਰੋਟੀ ਦੀ ਨਹੀਂ। ਇਹ ਸੱਤਾ ਦੀ ਭੁੱਖ ਹੈ, ਧਨ ਦੀ ਭੁੱਖ ਹੈ, ਪ੍ਰਸਿੱਧੀ ਦੀ ਭੁੱਖ ਹੈ, ਬਾਜ਼ਾਰ ਉੱਤੇ ਕਬਜ਼ੇ ਦੀ ਭੁੱਖ ਹੈ। ਰੋਟੀ ਦੀ ਭੁੱਖ ਮਨੁੱਖ ਨੂੰ ਮਿਹਨਤ ਕਰਨੀ ਸਿਖਾਉਂਦੀ ਹੈ, ਪਰ ਲਾਲਚ ਦੀ ਭੁੱਖ ਮਨੁੱਖ ਨੂੰ ਮਨੁੱਖ ਦਾ ਸ਼ਿਕਾਰੀ ਬਣਾ ਦਿੰਦੀ ਹੈ। ਉਹ ਹਮੇਸ਼ਾ ਸ਼ਿਕਾਰ ਖੇਡਦੇ ਹਨ।
ਅੱਜ ਦੇਸ਼ਾਂ ਅਤੇ ਸਮਾਜਾਂ ਵਿੱਚ ਭੁੱਖ ਦਾ ਜਸ਼ਨ ਮਨਾਇਆ ਜਾ ਰਿਹਾ ਹੈ। ਮਨੁੱਖਤਾ ਦੀਆਂ ਲਾਸ਼ਾਂ ਉੱਤੇ ਵਿਕਾਸ ਦੇ ਗੀਤ ਗਾਏ ਜਾ ਰਹੇ ਹਨ। ਲੋਕਾਂ ਦੀਆਂ ਲੋੜਾਂ ਨੂੰ ਵਸਤੂਆਂ ਵਿੱਚ ਬਦਲਿਆ ਜਾ ਰਿਹਾ ਹੈ ਅਤੇ ਮਨੁੱਖ ਨੂੰ ਵੀ ਬਾਜ਼ਾਰ ਦੀ ਇੱਕ ਚੀਜ਼ ਸਮਝਿਆ ਜਾ ਰਿਹਾ ਹੈ। ਰੂਹ ਦੇ ਭੁੱਖੇ ਲੋਕ ਰੂਹਾਂ ਦਾ ਵਪਾਰ ਕਰ ਰਹੇ ਹਨ।
ਵਪਾਰੀ ਨੂੰ ਨਾ ਜਾਤ ਨਾਲ ਸਰੋਕਾਰ ਹੁੰਦਾ ਹੈ, ਨਾ ਧਰਮ ਨਾਲ, ਨਾ ਇਲਾਕੇ ਨਾਲ ਅਤੇ ਨਾ ਹੀ ਮਨੁੱਖੀ ਦੁੱਖ ਨਾਲ। ਉਸਦੀ ਨਜ਼ਰ ਸਿਰਫ਼ ਮੁਨਾਫ਼ੇ ਉੱਤੇ ਹੁੰਦੀ ਹੈ। ਉਹ ਹਰ ਤਰ੍ਹਾਂ ਦਾ ਸਮਝੌਤਾ ਕਰ ਸਕਦਾ ਹੈ, ਪਰ ਘਾਟਾ ਕਦੇ ਨਹੀਂ ਸਹਿੰਦਾ। ਜਦੋਂ ਸਮਾਜ ਵਿੱਚ ਮਨੁੱਖ ਅਤੇ ਮਾਲ ਨੂੰ ਇੱਕੋ ਤਰਾਜੂ ਵਿੱਚ ਤੋਲਿਆ ਜਾਣ ਲੱਗੇ ਤਾਂ ਸਮਝੋ ਕਿ ਭੁੱਖ ਦਾ ਜਸ਼ਨ ਸ਼ੁਰੂ ਹੋ ਚੁੱਕਾ ਹੈ।
ਅੱਜ ਭੁੱਖ ਸਿਰਫ਼ ਚੁੱਲ੍ਹਿਆਂ ਵਿੱਚ ਨਹੀਂ ਸੜ ਰਹੀ, ਇਹ ਸੱਥਾਂ, ਦਫ਼ਤਰਾਂ, ਸਭਾਵਾਂ, ਸੰਸਦਾਂ, ਬਾਜ਼ਾਰਾਂ ਅਤੇ ਧਾਰਮਿਕ ਅਸਥਾਨਾਂ ਦੇ ਆਲੇ-ਦੁਆਲੇ ਵੀ ਤਾਂਡਵ ਕਰ ਰਹੀ ਹੈ। ਲੋਕਾਂ ਨੂੰ ਭਾਣਾ ਮੰਨਣ ਦਾ ਉਪਦੇਸ਼ ਦੇਣ ਵਾਲੇ ਆਪ ਭਾਣੇ ਤੋਂ ਬਾਹਰ ਖੜ੍ਹੇ ਹੋ ਕੇ ਲੋਕਾਂ ਦੀ ਮਿਹਨਤ ਦਾ ਹਿਸਾਬ ਲਾ ਰਹੇ ਹਨ। ਸਰਬੱਤ ਦੇ ਭਲੇ ਦਾ ਜਾਪ ਕਰਨ ਵਾਲਿਆਂ ਵਿੱਚੋਂ ਬਹੁਤ ਸਾਰੇ ਸਰਬੱਤ ਦੀ ਭੁੱਖ ਨੂੰ ਆਪਣਾ ਕਾਰੋਬਾਰ ਬਣਾ ਬੈਠੇ ਹਨ।
ਸੱਚ ਇਹ ਹੈ ਕਿ ਕਈ ਲੋਕਾਂ ਦਾ ਢਿੱਡ ਭਰ ਜਾਂਦਾ ਹੈ, ਪਰ ਰੂਹ ਨਹੀਂ ਭਰਦੀ। ਜਿਹੜਾ ਮਨੁੱਖ ਰੂਹ ਦੀ ਤ੍ਰਿਪਤੀ ਹਾਸਲ ਕਰ ਲੈਂਦਾ ਹੈ, ਉਹ ਜੀਊਂਦਾ ਹੀ ਅਮਰ ਹੋ ਜਾਂਦਾ ਹੈ। ਪਰ ਜਿਸਦੀ ਰੂਹ ਖਾਲੀ ਰਹਿੰਦੀ ਹੈ, ਉਹ ਭਟਕਣ ਦੇ ਚੱਕਰਵਿਊ ਵਿੱਚ ਫਸਿਆ ਰਹਿੰਦਾ ਹੈ। ਇਸ ਚੱਕਰਵਿਊ ਵਿੱਚੋਂ ਬਾਹਰ ਨਿਕਲਣ ਲਈ ਜ਼ੋਰ ਨਹੀਂ, ਜੁਗਤ ਦੀ ਲੋੜ ਹੁੰਦੀ ਹੈ। ਤਾਕਤ ਬਹੁਤ ਵਾਰ ਤਬਾਹੀ ਦਾ ਕਾਰਨ ਬਣਦੀ ਹੈ, ਪਰ ਸਿਆਣਪ ਰਸਤਾ ਦਿਖਾਉਂਦੀ ਹੈ।
ਇਤਿਹਾਸ ਦੱਸਦਾ ਹੈ ਕਿ ਸਮੁੰਦਰ ਵਿੱਚੋਂ ਮਗਰਮੱਛ ਘੱਟ ਫੜੇ ਜਾਂਦੇ ਹਨ, ਛੋਟੀਆਂ ਮੱਛੀਆਂ ਵੱਧ ਫੜੀਆਂ ਜਾਂਦੀਆਂ ਹਨ। ਵੱਡੇ ਲੁਟੇਰੇ ਬਚ ਜਾਂਦੇ ਹਨ ਅਤੇ ਛੋਟੇ ਲੋਕ ਸਜ਼ਾਵਾਂ ਭੁਗਤਦੇ ਹਨ। ਇਹੀ ਹਾਲ ਸਮਾਜ ਦਾ ਹੈ। ਜਦੋਂ ਕੋਈ ਵੱਡਾ ਗਬਨ ਹੁੰਦਾ ਹੈ, ਕੋਈ ਵੱਡੀ ਲੁੱਟ ਹੁੰਦੀ ਹੈ ਜਾਂ ਕੋਈ ਵੱਡਾ ਧੋਖਾ ਹੁੰਦਾ ਹੈ, ਤਾਂ ਕੁਰਬਾਨੀ ਆਮ ਲੋਕਾਂ ਦੀ ਹੀ ਦਿੱਤੀ ਜਾਂਦੀ ਹੈ।
ਸ਼ਿਕਾਰੀ, ਵਪਾਰੀ, ਪੁਜਾਰੀ, ਲਿਖਾਰੀ ਅਤੇ ਅਧਿਕਾਰੀ ਜਦੋਂ ਇੱਕੋ ਮੇਜ਼ ਉੱਤੇ ਬੈਠ ਕੇ ਖੇਡ ਖੇਡਣ ਲੱਗ ਪੈਣ ਤਾਂ ਲੋਕਤੰਤਰ ਕਮਜ਼ੋਰ ਹੋ ਜਾਂਦਾ ਹੈ ਅਤੇ ਲੋਕ ਮੋਹਰੇ ਬਣ ਜਾਂਦੇ ਹਨ। ਫਿਰ ਸੱਚ ਨੂੰ ਝੂਠ ਅਤੇ ਝੂਠ ਨੂੰ ਸੱਚ ਸਾਬਤ ਕਰਨ ਦੀਆਂ ਫੈਕਟਰੀਆਂ ਚੱਲਦੀਆਂ ਹਨ। ਲੋਕਾਂ ਦੀ ਭੁੱਖ ਨੂੰ ਕਿਸਮਤ ਅਤੇ ਉਹਨਾਂ ਦੀ ਲੁੱਟ ਨੂੰ ਰੱਬ ਦਾ ਭਾਣਾ ਕਹਿ ਕੇ ਪੇਸ਼ ਕੀਤਾ ਜਾਂਦਾ ਹੈ।
ਪਰ ਸਵਾਲ ਇਹ ਨਹੀਂ ਕਿ ਭੁੱਖ ਕਿਉਂ ਹੈ।
ਸਵਾਲ ਇਹ ਹੈ ਕਿ ਭੁੱਖ ਪੈਦਾ ਕੌਣ ਕਰ ਰਿਹਾ ਹੈ?
ਸਵਾਲ ਇਹ ਨਹੀਂ ਕਿ ਲੋਕ ਦੁਖੀ ਕਿਉਂ ਹਨ।
ਸਵਾਲ ਇਹ ਹੈ ਕਿ ਲੋਕਾਂ ਦੇ ਦੁੱਖਾਂ ਤੋਂ ਮੁਨਾਫ਼ਾ ਕੌਣ ਕਮਾ ਰਿਹਾ ਹੈ?
ਸਵਾਲ ਇਹ ਨਹੀਂ ਕਿ ਮਗਰਮੱਛ ਕਿੱਥੇ ਹਨ?
ਸਵਾਲ ਇਹ ਹੈ ਕਿ ਅਸੀਂ ਉਹਨਾਂ ਨੂੰ ਪਛਾਣਨਾ ਕਿਉਂ ਨਹੀਂ ਚਾਹੁੰਦੇ?
ਜਦੋਂ ਤੱਕ ਲੋਕ ਆਪਣੀ ਲੁੱਟ ਨੂੰ ਕਿਸਮਤ ਅਤੇ ਆਪਣੇ ਦੁੱਖ ਨੂੰ ਰੱਬ ਦਾ ਭਾਣਾ ਸਮਝਦੇ ਰਹਿਣਗੇ, ਉਦੋਂ ਤੱਕ ਮਗਰਮੱਛ ਸਮੁੰਦਰ ਦੇ ਰਾਜੇ ਬਣੇ ਰਹਿਣਗੇ। ਪਰ ਜਿਸ ਦਿਨ ਭੁੱਖੇ ਨੂੰ ਆਪਣੀ ਭੁੱਖ ਦਾ ਕਾਰਨ ਸਮਝ ਆ ਗਿਆ, ਉਸ ਦਿਨ ਚੱਕਰਵਿਊ ਟੁੱਟੇਗਾ। ਭਰਮ ਟੁੱਟਣਗੇ। ਨਕਾਬ ਉਤਰਣਗੇ। ਤਖ਼ਤ ਹਿੱਲਣਗੇ।
ਇਤਿਹਾਸ ਗਵਾਹ ਹੈ ਕਿ ਜਦੋਂ ਲੋਕ ਜਾਗਦੇ ਹਨ ਤਾਂ ਸਮਰਾਜ ਡਿੱਗਦੇ ਹਨ। ਜਦੋਂ ਲੋਕ ਸੋਚਦੇ ਹਨ ਤਾਂ ਝੂਠ ਬੇਨਕਾਬ ਹੁੰਦਾ ਹੈ। ਜਦੋਂ ਲੋਕ ਇਕੱਠੇ ਹੁੰਦੇ ਹਨ ਤਾਂ ਮਗਰਮੱਛ ਵੀ ਪਾਣੀ ਛੱਡ ਕੇ ਭੱਜਦੇ ਹਨ।
ਅੱਜ ਲੋੜ ਚਿੰਤਾ ਕਰਨ ਦੀ ਨਹੀਂ, ਚਿੰਤਨ ਕਰਨ ਦੀ ਹੈ। ਲੋੜ ਤਮਾਸ਼ਾ ਦੇਖਣ ਦੀ ਨਹੀਂ, ਤਮਾਸ਼ੇ ਦੇ ਪਿੱਛੇ ਲੁਕੇ ਖਿਡਾਰੀਆਂ ਨੂੰ ਪਛਾਣਨ ਦੀ ਹੈ। ਲੋੜ ਭੀੜ ਬਣਨ ਦੀ ਨਹੀਂ, ਜਾਗਰੂਕ ਸਮਾਜ ਬਣਨ ਦੀ ਹੈ।
ਨਹੀਂ ਤਾਂ ਭੁੱਖ ਦਾ ਇਹ ਤਾਂਡਵ ਜਾਰੀ ਰਹੇਗਾ। ਚੁੱਲ੍ਹੇ ਵੀ ਸੜਣਗੇ, ਦਿਲ ਵੀ ਸੜਣਗੇ ਅਤੇ ਲੋਕ ਆਪਣੇ ਹੀ ਦੁੱਖਾਂ ਦਾ ਕੀਰਤਨ ਕਰਦੇ ਰਹਿਣਗੇ।
ਹੁਣ ਤੁਸੀਂ ਫ਼ੈਸਲਾ ਕਰਨਾ ਹੈ, ਤਮਾਸ਼ਾ ਦੇਖਣਾ ਹੈ ਜਾਂ ਮਗਰਮੱਛਾਂ ਦੀ ਪਛਾਣ ਕਰਕੇ ਉਹਨਾਂ ਦੇ ਵਿਰੁੱਧ ਖੜ੍ਹਨਾ ਹੈ।
— ਬੁੱਧ ਸਿੰਘ ਨੀਲੋਂ
9464370823

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।