ਚੰਡੀਗੜ੍ਹ, 13 ਸਤੰਬਰ ,ਬੋਲੇ ਪੰਜਾਬ ਬਿਊਰੋ;
ਨਸ਼ਿਆਂ ਵਿਰੁੱਧ ਜਾਗਰੂਕਤਾ ਅਤੇ ਵਾਤਾਵਰਣ ਦੀ ਸੰਭਾਲ ਦੇ ਉਦੇਸ਼ ਨਾਲ ਡਾ. ਇੰਦਰਪਾਲ ਸਿੰਘ ਸੰਧੂ, ਸਾਬਕਾ ਡਿਪਟੀ ਡਾਇਰੈਕਟਰ, ਖੇਤੀਬਾੜੀ ਵਿਭਾਗ, ਪੰਜਾਬ ਅਤੇ ਪ੍ਰਧਾਨ, ਸਰਬੱਤ ਦਾ ਭਲਾ ਸੰਸਥਾ, ਸਮਾਣਾ ਦੀ ਅਗਵਾਈ ਹੇਠ ਸਰਬੱਤ ਦਾ ਭਲਾ ਸੰਸਥਾ, ਸਮਾਣਾ ਅਤੇ ਇਨਟੈਗਰੇਟਡ ਰੀਸਰਚ ਐਂਡ ਡਿਵੈਲਪਮੈਂਟ ਫਾਉਂਡੇਸ਼ਨ (ਆਈ. ਆਰ. ਡੀ. ਐਫ.) ਚੰਡੀਗੜ੍ਹ ਵੱਲੋਂ ਵਿਸ਼ਾਲ ਜਾਗਰੂਕਤਾ ਰੈਲੀ ਕਰਵਾਈ ਗਈ। ਰੈਲੀ ਵਿੱਚ ਤਕਰੀਬਨ 100 ਗੱਡੀਆਂ ਦੇ ਕਾਫ਼ਲੇ ਨਾਲ ਸਮਾਣਾ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੋਏ। ਚੱਕ ਅੰਮ੍ਰਿਤਸਰ ਵਿਖੇ ਲਗਭਗ 200 ਲੋਕਾਂ ਦਾ ਇਕੱਠ ਹੋਇਆ।
ਚੱਕ ਅੰਮ੍ਰਿਤਸਰ ਵਿਖੇ ਗੁਰਨਾਮ ਸਿੰਘ ਗਿੱਲ ਅਤੇ ਕਿਸਾਨ ਆਗੂ ਦਲਜੀਤ ਸਿੰਘ ਵੱਲੋਂ ਸਹਿਯੋਗ ਦਿੱਤਾ ਗਿਆ। ਗਿਆਨ ਚੰਦ ਕਟਾਰੀਆ, ਸ਼ਾਮ ਸਿੰਗਲਾ ਅਤੇ ਪ੍ਰਮੋਦ ਸਿੰਗਲਾ ਨੇ ਹਰੀ ਚੰਡੀ ਦੇ ਕੇ ਕਾਫ਼ਲੇ ਨੂੰ ਸਮਾਣਾ ਵੱਲ ਰਵਾਨਾ ਕੀਤਾ। ਰੈਲੀ ਸਮਾਣਾ ਬਾਜ਼ਾਰ, ਗੋਪਾਲ ਭਵਨ, ਕਮਾਸਪੁਰ ਅਤੇ ਜਮਾਲਪੁਰ ਰਾਹੀਂ ਧੈਂਠਲ ਅੱਡਾ ਪਹੁੰਚੀ। ਗੋਪਾਲ ਭਵਨ ਵਿਖੇ ਮਾਸਟਰ ਜਸਬੀਰ ਸਿੰਘ, ਬਲਾਕ ਐਜੂਕੇਸ਼ਨ ਅਫ਼ਸਰ, ਧਰਮਪਾਲ, ਸੁਰਿੰਦਰ ਬਾਂਸਲ ਅਤੇ ਸੰਜੇ ਮੰਤਰੀ, ਐਮ.ਸੀ., ਕਮਾਸਪੁਰ ਵਿਖੇ ਨੰਬਰਦਾਰ ਕਮਲਦੀਪ ਸਿੰਘ ਅਤੇ ਗੁਰਕਿਰਪਾਲ ਸਿੰਘ ਤਤਲਾ, ਅਤੇ ਜਮਾਲਪੁਰ ਵਿਖੇ ਗੁਰਮੁਖ ਸਿੰਘ ਜਮਾਲਪੁਰ ਵੱਲੋਂ ਸਹਿਯੋਗ ਤੇ ਸਵਾਗਤ ਕੀਤਾ ਗਿਆ। ਧੈਂਠਲ ਵਿਖੇ ਸਰਪੰਚ ਭਰਭੂਰ ਸਿੰਘ ਦੀ ਮੌਜੂਦਗੀ ਵਿੱਚ ਰੈਲੀ ਸਮਾਪਤ ਹੋਈ। ਸਮਾਣਾ ਦੀਆਂ ਵੱਖ-ਵੱਖ ਥਾਵਾਂ ’ਤੇ ਹੋਈ ਇਸ ਰੈਲੀ ਵਿੱਚ ਲਗਭਗ 600 ਲੋਕਾਂ ਨੇ ਭਾਗ ਲਿਆ।
ਇਸ ਮੌਕੇ ਹਰਪ੍ਰੀਤ ਕੁੱਕਾ, ਐਮ.ਸੀ., ਪਰਮਿੰਦਰ ਸਿੰਘ ਸਮਾਣਾ, ਪਰਮਜੀਤ ਸਿੰਘ, ਰਾਮਨਦੀਪ ਸਿੰਘ, ਸੁਰਿੰਦਰ ਵਡਵਾ, ਹਰੀ ਚੰਦੀ ਅਤੇ ਗਿਆਨ ਚੰਦ ਕਟਾਰੀਆ ਸਮੇਤ ਹੋਰ ਸ਼ਖ਼ਸੀਅਤਾਂ ਮੌਜੂਦ ਰਹੀਆਂ।
ਡਾ. ਸੰਧੂ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਲੜਾਈ ਸਮੁੱਚੇ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ ਅਤੇ ਨੌਜਵਾਨਾਂ ਨੂੰ ਸਿੱਖਿਆ, ਖੇਡਾਂ, ਹੁਨਰ ਵਿਕਾਸ ਤੇ ਰੁਜ਼ਗਾਰ ਨਾਲ ਜੋੜਨਾ ਜ਼ਰੂਰੀ ਹੈ। ਉਨ੍ਹਾਂ ਰੁੱਖ ਲਗਾਉਣ ਤੇ ਬਚਾਉਣ, ਪਾਣੀ ਦੀ ਸੰਭਾਲ, ਸਫ਼ਾਈ ਅਤੇ ਪ੍ਰਦੂਸ਼ਣ ਘਟਾਉਣ ਦੀ ਅਪੀਲ ਕੀਤੀ।
ਆਈ. ਆਰ. ਡੀ. ਐਫ ਦੇ ਡਾਇਰੈਕਟਰ ਮਿਸ ਚੰਦਰ ਕਲਾ ਨੇ ਕਿਹਾ ਕਿ ਪੰਜਾਬ ਅੱਜ ਇੱਕ ਅਹਿਮ ਮੋੜ ’ਤੇ ਖੜ੍ਹਾ ਹੈ ਅਤੇ ਨਸ਼ਿਆਂ ਤੇ ਵਾਤਾਵਰਣ ਵਰਗੇ ਮੁੱਦਿਆਂ ਵਿਰੁੱਧ ਸਾਂਝਾ ਫ਼ੈਸਲਾ ਲੈਣ ਦਾ ਇਹ ਸਹੀ ਸਮਾਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਭਵਿੱਖ ਲਈ ਲੋਕਾਂ ਦੀ ਸਰਗਰਮ ਭਾਗੀਦਾਰੀ ਨੂੰ ਬਹੁਤ ਹੀ ਜਰੂਰੀ ਹੈ। ਰੈਲੀ ਦੌਰਾਨ “ਨਸ਼ਾ-ਮੁਕਤ ਪੰਜਾਬ, ਹਰਿਆ-ਭਰਿਆ ਪੰਜਾਬ, ਸਾਫ਼-ਸੁਥਰਾ ਪੰਜਾਬ ਅਤੇ ਸਿਹਤਮੰਦ ਪੰਜਾਬ” ਦੇ ਨਾਅਰੇ ਲਗਾਏ ਗਏ ਅਤੇ ਨੌਜਵਾਨਾਂ ਤੇ ਵਾਤਾਵਰਣ ਦੀ ਰੱਖਿਆ ਦਾ ਸੰਕਲਪ ਲਿਆ ਗਿਆ।
“ਆਪਣੇ ਨੌਜਵਾਨ ਬਚਾਈਏ। ਵਾਤਾਵਰਣ ਬਚਾਈਏ। ਪੰਜਾਬ ਬਚਾਈਏ।”
ਪ੍ਰਬੰਧਕਾਂ ਨੇ ਕਿਹਾ ਕਿ ਇਹ ਲਗਾਤਾਰ ਚੱਲਣ ਵਾਲੀ ਲੋਕ-ਅਧਾਰਿਤ ਮੁਹਿੰਮ ਦੀ ਸ਼ੁਰੂਆਤ ਹੈ ਅਤੇ ਹਰ ਵਰਗ ਨੂੰ ਇਸ ਨਾਲ ਜੁੜਨ ਦੀ ਅਪੀਲ ਕੀਤੀ।












