ਅਮ੍ਰਿਤਸਰ 3 ਅਕਤੂਬਰ ,ਬੋਲੇ ਪੰਜਾਬ ਬਿਊਰੋ;
ਦਿੱਲੀ ਤੋਂ ਭਾਜਪਾ ਦੇ ਸੰਸਦ ਮੈਂਬਰ ਰਾਮਵੀਰ ਸਿੰਘ ਬਿਧੂੜੀ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਖਿਮਾ ਜਾਚਨਾ ਕਰਨ ਪੁੱਜੇ। ਉਹ ਕੁਝ ਮਹੀਨੇ ਪਹਿਲਾਂ ਦਿੱਲੀ ਸਿੱਖ ਕਤਲੇਆਮ ਦੇ ਦੋਸ਼ੀ ਕਰਾਰ ਦਿੱਤੇ ਕਾਂਗਰਸੀ ਆਗੂ ਸੱਜਣ ਕੁਮਾਰ ਦੇ ਘਰ ਅਫ਼ਸੋਸ ਲਈ ਗਏ ਸਨ। ਉਹਨਾਂ ਨੇ ਖਿਮਾ ਯਾਚਨਾ ਵਾਸਤੇ ਗੁਰੂ ਘਰ ਵਿੱਚ ਕੜਾਹ ਪ੍ਰਸਾਦ ਦੀ ਦੇਗ ਕਰਵਾਈ।
ਇਸ ਤੋਂ ਪਹਿਲਾਂ ਸ੍ਰੀ ਬਿਧੂੜੀ ਵੱਲੋਂ 5 ਸਤੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਲਿਖਤੀ ਰੂਪ ਵਿੱਚ ਖਿਮਾ ਜਾਚਨਾ ਸਬੰਧੀ ਪੱਤਰ ਭੇਜਿਆ ਗਿਆ ਸੀ ਜਿਸ ਤੋ ਬਾਅਦ ਅੱਜ ਸ੍ਰੀ ਬਿਧੂੜੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਿੱਜੀ ਰੂਪ ਵਿੱਚ ਨਤਮਸਤਕ ਹੋ ਕੇ ਗੁਰੂ ਸਾਹਿਬ ਪਾਸੋਂ ਖਿਮਾ ਜਾਚਨਾ ਕੀਤੀ ਹੈ।ਇਸ ਉਪਰੰਤ ਉਹ ਸਕੱਤਰੇਤ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਮਿਲੇ ਤੇ ਆਪਣਾ ਖਿਮਾ ਜਾਚਨਾ ਪੱਤਰ ਸੌਂਪਿਆ ਤੇ ਪੱਖ ਰੱਖਿਆ। ਉਹਨਾਂ ਦੱਸਿਆ ਕਿ ਉਹ ਆਪਣੇ ਕੁਝ ਸੰਸਦ ਮੈਂਬਰ ਸਾਥੀਆਂ ਦੇ ਕਹਿਣ ’ਤੇ ਉਸ ਦੇ ਘਰ ਅਫਸੋਸ ਪ੍ਰਗਟ ਕਰਨ ਲਈ ਗਏ ਸਨ ਜਦੋਂ ਕਿ ਉਹ ਸਿੱਖ ਕਤਲੇਆਮ ਕਾਰਨ ਉਸ ਦੇ ਸਖਤ ਵਿਰੋਧੀ ਰਹੇ ਸਨ।ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਸੰਸਦ ਮੈਂਬਰ ਰਾਮਵੀਰ ਸਿੰਘ ਬਿਧੂੜੀ ਨੇ ਆਪਣੀ ਗਲਤੀ ਦਾ ਅਹਿਸਾਸ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਖਿਮਾ ਜਾਚਨਾ ਕੀਤੀ ਹੈ।
ਆਪਣੀ ਖਿਮਾ ਜਾਚਨਾ ਵਿੱਚ ਸ੍ਰੀ ਬਿਧੂੜੀ ਨੇ ਕਿਹਾ ਕਿ ਉਹ ਹਮੇਸ਼ਾ ਸੱਜਣ ਕੁਮਾਰ ਦੇ ਵਿਰੋਧ ਵਿੱਚ ਸਿੱਖ ਕਤਲੇਆਮ ਦੇ ਦੋਸ਼ੀ ਹੋਣ ਕਰ ਕੇ ਬੋਲਦੇ ਰਹੇ ਹਨ। ਉਨ੍ਹਾਂ ਮੰਨਿਆ ਕਿ ਅਜਿਹੇ ਬੰਦੇ ਦੇ ਅਫ਼ਸੋਸ ਉੱਤੇ ਜਾਣਾ ਵੀ ਪਾਪ ਹੈ ਜਿਸ ਨੇ ਸਿੱਖ ਕਤਲੇਆਮ ਵਿੱਚ ਹਿੱਸਾ ਪਾਇਆ ਹੋਵੇ।
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਹੋਰ ਵੀ ਕਈ ਸਿਆਸੀ ਆਗੂ ਖ਼ਾਸਕਰ ਕਾਂਗਰਸ ਪਾਰਟੀ ਨਾਲ ਸਬੰਧਤ ਉੱਥੇ ਗਏ ਸਨ, ਉਨ੍ਹਾਂ ਨੂੰ ਵੀ ਸ੍ਰੀ ਬਿਧੂੜੀ ਦੀ ਖਿਮਾ ਜਾਚਨਾ ਤੋਂ ਸੇਧ ਲੈਣੀ ਚਾਹੀਦੀ ਹੈ ਅਤੇ ਸਿੱਖ ਕੌਮ ਪਾਸੋਂ ਮੁਆਫ਼ੀ ਮੰਗਣੀ ਚਾਹੀਦੀ ਹੈ।ਇਸ ਮੌਕੇ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੀ ਹਾਜ਼ਰ ਸਨ।












