ਸੁਲਤਾਨਪੁਰ ਲੋਧੀ 4 ਅਕਤੂਬਰ ,ਬੋਲੇ ਪੰਜਾਬ ਬਿਊਰੋ;
ਓਮਾਨ ਦੇ ਮਸਕਟ ਵਿੱਚ ਫਸੀਆਂ ਜਲੰਧਰ ਅਤੇ ਕਪੂਰਥਲਾ ਜ਼ਿਲ੍ਹਿਆਂ ਦੀਆਂ ਦੋ ਲੜਕੀਆਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨ ਸਦਕਾ ਸੁਰੱਖਿਅਤ ਭਾਰਤ ਪੁੱਜ ਗਈਆਂ ਹਨ। ਪਰਿਵਾਰਾਂ ਅਨੁਸਾਰ ਦੋਵਾਂ ਨੂੰ ਚੰਗੀ ਨੌਕਰੀ ਅਤੇ ਵਧੀਆ ਤਨਖ਼ਾਹ ਦਾ ਭਰੋਸਾ ਦੇ ਕੇ ਓਮਾਨ ਭੇਜਿਆ ਗਿਆ ਸੀ ਪਰ ਉੱਥੇ ਪਹੁੰਚਣ ਮਗਰੋਂ ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਨਿਰਮਲ ਕੁਟੀਆ ਵਿੱਚ ਆਪਣੇ ਪਰਿਵਾਰਾਂ ਨਾਲ ਪੁੱਜੀਆਂ ਦੋਵੇਂ ਲੜਕੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਮੁੰਬਈ ਹਵਾਈ ਅੱਡੇ ਰਾਹੀਂ ਓਮਾਨ ਭੇਜਿਆ ਗਿਆ ਸੀ। ਜਲੰਧਰ ਜ਼ਿਲ੍ਹੇ ਦੀ ਲੜਕੀ ਅਨੁਸਾਰ ਉਸ ਨੂੰ ਬਿਊਟੀ ਪਾਰਲਰ ਵਿੱਚ ਕੰਮ ਦੇਣ ਅਤੇ 25 ਤੋਂ 30 ਹਜ਼ਾਰ ਰੁਪਏ ਮਹੀਨਾ ਤਨਖ਼ਾਹ ਦਾ ਭਰੋਸਾ ਦਿੱਤਾ ਗਿਆ ਸੀ ਪਰ ਉੱਥੇ ਪਹੁੰਚਣ ਮਗਰੋਂ ਉਸ ਨੂੰ ਹੋਰ ਕੰਮਾਂ ਵੱਲ ਧੱਕਣ ਦੀ ਕੋਸ਼ਿਸ਼ ਕੀਤੀ ਗਈ। ਪਰਿਵਾਰ ਨੇ ਪਾਸਪੋਰਟ ਖੋਹਣ, ਕੁੱਟਮਾਰ ਅਤੇ ਧਮਕੀਆਂ ਦੇਣ ਦੇ ਦੋਸ਼ ਵੀ ਲਾਏ। ਪਰਿਵਾਰ ਨੇ ਦੱਸਿਆ ਕਿ ਧੀ ਦੀ ਸਲਾਮਤੀ ਲਈ ਉਨ੍ਹਾਂ ਨੂੰ ਮੋਟਰਸਾਈਕਲ ਵੇਚਣਾ ਪਿਆ। ਬੀਤੀ 1 ਜੁਲਾਈ ਨੂੰ ਸੰਤ ਸੀਚੇਵਾਲ ਕੋਲ ਮਦਦ ਲਈ ਪਹੁੰਚ ਕਰਨ ਮਗਰੋਂ ਲੜਕੀ ਭਾਰਤ ਪਰਤੀ।
ਕਪੂਰਥਲਾ ਜ਼ਿਲ੍ਹੇ ਦੀ ਦੂਜੀ ਲੜਕੀ ਦੇ ਪਰਿਵਾਰ ਅਨੁਸਾਰ ਉਸ ਨੂੰ ਘਰੇਲੂ ਕੰਮ ਲਈ ਓਮਾਨ ਭੇਜਿਆ ਗਿਆ ਸੀ। ਕੁਝ ਸਮੇਂ ਬਾਅਦ ਉਸ ਦੀ ਸਿਹਤ ਵਿਗੜ ਗਈ ਅਤੇ ਪਰਿਵਾਰ ਨੇ ਇਲਾਜ ਨਾ ਮਿਲਣ ਦੇ ਦੋਸ਼ ਲਾਏ। ਲੜਕੀ ਦੀ ਵਾਪਸੀ ਲਈ ਇੱਕ ਲੱਖ ਰੁਪਏ ਦੀ ਮੰਗ ਕੀਤੇ ਜਾਣ ’ਤੇ ਪਰਿਵਾਰ ਨੇ ਘਰ ਗਹਿਣੇ ਰੱਖ ਕੇ ਪੈਸਿਆਂ ਦਾ ਪ੍ਰਬੰਧ ਕੀਤਾ। ਸੰਤ ਸੀਚੇਵਾਲ ਕੋਲ ਪਹੁੰਚ ਕਰਨ ਤੋਂ ਬਾਅਦ ਲੜਕੀ ਸੁਰੱਖਿਅਤ ਪਰਤੀ। ਦੋਵਾਂ ਲੜਕੀਆਂ ਨੇ ਦਾਅਵਾ ਕੀਤਾ ਕਿ ਮਸਕਟ ਵਿੱਚ ਕਰੀਬ 130 ਹੋਰ ਲੜਕੀਆਂ ਫਸੀਆਂ ਹੋਈਆਂ ਹਨ।ਸੰਤ ਸੀਚੇਵਾਲ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਨੌਕਰੀ ਦੇ ਨਾਂ ’ਤੇ ਮਨੁੱਖੀ ਤਸਕਰੀ ਅਤੇ ਸ਼ੋਸ਼ਣ ਦੇ ਮਾਮਲੇ ਚਿੰਤਾਜਨਕ ਹਨ। ਉਨ੍ਹਾਂ ਲੋਕਾਂ ਨੂੰ ਵਿਦੇਸ਼ ਜਾਣ ਤੋਂ ਪਹਿਲਾਂ ਏਜੰਟ, ਵੀਜ਼ਾ, ਨੌਕਰੀ ਅਤੇ ਕੰਮ ਦੇ ਸਥਾਨ ਦੀ ਪੜਤਾਲ ਕਰਨ ਦੀ ਅਪੀਲ ਕੀਤੀ।












