ਦੇਰ ਰਾਤ ਕਾਰੋਬਾਰੀ ਦੇ ਘਰ ਬਾਹਰ ਚਲਾਈਆਂ ਗੋਲੀਆਂ, ਕਰੋੜ ₹ ਫਿਰੌਤੀ ਦੀ ਹੋਈ ਸੀ ਮੰਗ

ਪੰਜਾਬ

ਸ੍ਰੀ ਗੋਇੰਦਵਾਲ ਸਾਹਿਬ 4 ਅਕਤੂਬਰ ,ਬੋਲੇ ਪੰਜਾਬ ਬਿਊਰੋ;

ਥਾਣਾ ਗੋਇੰਦਵਾਲ ਸਾਹਿਬ ਦੇ ਅਧੀਨ ਆਉਂਦੇ ਖੇਤਰ ਵਿੱਚ ਕਾਰੋਬਾਰੀਆਂ ਕੋਲੋਂ ਫਿਰੌਤੀ ਦੀ ਮੰਗ ਨੂੰ ਲੈ ਕੇ ਗੈਂਗਸਟਰਾਂ ਵੱਲੋਂ ਗੋਲੀਆਂ ਚਲਾਉਣ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ, ਜਿਸ ਦੇ ਚੱਲਦਿਆਂ ਕਸਬਾ ਫਤਿਆਬਾਦ ਅਤੇ ਗੋਇੰਦਵਾਲ ਸਾਹਿਬ ਦੇ ਕਾਰੋਬਾਰੀ ਸਹਿਮ ਦੇ ਮਾਹੌਲ ਵਿੱਚ ਹਨ।

ਅੱਜ ਦੇ ਤਾਜ਼ਾ ਮਾਮਲੇ ਵਿੱਚ ਕਸਬਾ ਗੋਇੰਦਵਾਲ ਸਾਹਿਬ ਦੇ ਇਮੀਗ੍ਰੇਸ਼ਨ ਨਾਲ ਸਬੰਧਤ ਕਾਰੋਬਾਰੀ ਕੋਲੋਂ ਇੱਕ ਕਰੋੜ ਰੁਪਏ ਦੀ ਮੰਗ ਨੂੰ ਲੈ ਕੇ ਬੀਤੀ ਰਾਤ ਉਸ ਦੇ ਘਰ ਬਾਹਰ ਦੋ ਨਕਾਬਪੋਸ਼ ਮੋਟਰਸਾਈਕਲ ਸਵਾਰਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਹਨ।ਪੀੜਤ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਫਿਰੌਤੀ ਦੀ ਮੰਗ ਨੂੰ ਲੈ ਕੇ ਉਸ ਨੂੰ ਗੈਂਗਸਟਰਾਂ ਵੱਲੋਂ ਤੀਜੀ ਵਾਰ ਧਮਕਾਇਆ ਗਿਆ ਹੈ। ਪੀੜਤ ਨੇ ਦੱਸਿਆ ਲੰਘੀ ਰਾਤ ਉਸ ਨੂੰ ਆਪਣੇ ਦਫ਼ਤਰ ਦੇ ਫ਼ੋਨ ਨੰਬਰ ’ਤੇ ਇੱਕ ਕਰੋੜ ਰੁਪਏ ਦੀ ਮੰਗ ਨੂੰ ਲੈ ਕੇ ਧਮਕੀ ਦਿੱਤੀ ਗਈ, ਜਿਸ ਤੋਂ ਬਾਅਦ ਉਸ ਦੇ ਘਰ ਬਾਹਰ ਗੋਲੀਆਂ ਚਲਾਈਆਂ ਗਈਆਂ। ਪੀੜਤ ਰਾਜਵਿੰਦਰ ਨੇ ਦੱਸਿਆ ਕਿ ਉਕਤ ਨਕਾਬਪੋਸ਼ ਮੋਟਰਸਾਈਕਲ ਸਵਾਰਾਂ ਵੱਲੋਂ ਗੋਲੀਆਂ ਚਲਾਉਣ ਸਮੇਂ ਆਪਣੇ ਮੋਬਾਈਲ ਫ਼ੋਨ ’ਤੇ ਵੀਡੀਓ ਵੀ ਬਣਾਈ ਗਈ।ਪੀੜਤ ਨੇ ਦੱਸਿਆ ਕਿ ਇਸ ਘਟਨਾ ਤੋਂ ਪਹਿਲਾਂ ਆਈ ਧਮਕੀ ਦੀ ਸ਼ਿਕਾਇਤ ਥਾਣਾ ਗੋਇੰਦਵਾਲ ਸਾਹਿਬ ਨੂੰ ਦਿੱਤੀ ਗਈ ਸੀ, ਪਰ ਥਾਣੇ ਦੇ ਮੁਨਸ਼ੀ ਵੱਲੋਂ ਮੇਰੀ ਦਰਖ਼ਾਸਤ ਨੂੰ ਕਥਿਤ ਤੌਰ ’ਤੇ ਖ਼ੁਰਦ-ਬੁਰਦ ਕਰ ਦਿੱਤਾ ਗਿਆ, ਜਿਸ ’ਤੇ ਕੋਈ ਕਾਰਵਾਈ ਨਹੀਂ ਹੋਈ। ਰਾਤ ਵਾਪਰੀ ਘਟਨਾ ਸਬੰਧੀ 112 ਹੈਲਪਲਾਈਨ ’ਤੇ ਸ਼ਿਕਾਇਤ ਕੀਤੀ ਗਈ ਸੀ, ਜਿਸ ਤੋਂ ਬਾਅਦ ਦੋ ਪੁਲੀਸ ਮੁਲਾਜ਼ਮ ਮੌਕਾ ਦੇਖ ਕੇ ਸਵੇਰੇ ਆਉਣ ਦਾ ਕਹਿ ਕੇ ਨਹੀਂ ਮੁੜੇ। ਪੀੜਤ ਨੇ ਆਖਿਆ ਕਿ ਗੋਇੰਦਵਾਲ ਪੁਲੀਸ ਨੂੰ ਸੂਚਿਤ ਕੀਤਾ ਗਿਆ ਹੈ, ਜੋ ਹੁਣ ਤੱਕ ਮੌਕਾ ਦੇਖਣ ਨਹੀਂ ਆਈ। ਰਾਜਵਿੰਦਰ ਨੇ ਆਖਿਆ ਕਿ ਗੋਲੀ ਚੱਲਣ ਦੀ ਘਟਨਾ ਤੋਂ ਬਾਅਦ ਉਸ ਦਾ ਪਰਿਵਾਰ ਡਰ ਦੇ ਮਾਹੌਲ ਵਿੱਚ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।