ਮੁੰਬਈ, 21 ਜੂਨ, ਬੋਲੇ ਪੰਜਾਬ ਬਿਓਰੋ:
ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (ਆਈ.ਆਈ.ਟੀ.) ਬੰਬੇ ਨੇ ਭਗਵਾਨ ਰਾਮ ਦਾ ਕਥਿਤ ਤੌਰ ’ਤੇ ਮਜ਼ਾਕ ਉਡਾਉਣ ਵਾਲੇ ਅਤੇ ‘ਰਾਮਾਇਣ’ ਦੀ ਗ਼ਲਤ ਢੰਗ ਨਾਲ ਪੇਸ਼ ਕਰਨ ਵਾਲੇ ਨਾਟਕ ਦਾ ਮੰਚਨ ਕਰਨ ਲਈ ਅੱਠ ਵਿਦਿਆਰਥੀਆਂ ’ਤੇ 1.2 ਲੱਖ ਰੁਪਏ ਤਕ ਦਾ ਜੁਰਮਾਨਾ ਲਗਾਇਆ ਹੈ। ਇਨ੍ਹਾਂ ਵਿਦਿਆਰਥੀਆਂ ਦੇ ਇਕ ਸਾਥੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿਤੀ।
ਇਨ੍ਹਾਂ ਵਿਦਿਆਰਥੀਆਂ ਨੇ ਸਟੇਜਿੰਗ ਆਰਟਸ ਫੈਸਟੀਵਲ (ਪੀਏਐਫ਼) ਦੇ ਹਿੱਸੇ ਵਜੋਂ ਇਸ ਸਾਲ 31 ਮਾਰਚ ਨੂੰ ‘ਰਾਹੋਵਨ’ ਨਾਮਕ ਨਾਟਕ ਦਾ ਮੰਚਨ ਕੀਤਾ ਸੀ। ਇੰਸਟੀਚਿਊਟ ਦੀ ਪੋਸਟ ਗ੍ਰੈਜੂਏਟ ਕਲਾਸ ਦੇ ਇਕ ਵਿਦਿਆਰਥੀ ਨੇ ਕਿਹਾ,“ਜਿਸ ਨਾਟਕ ਦਾ ਮੰਚਨ ਕੀਤਾ ਗਿਆ ਸੀ, ਉਸ ਵਿਚ ਭਗਵਾਨ ਰਾਮ ਦਾ ਮਜ਼ਾਕ ਉਡਾਇਆ ਗਿਆ ਸੀ ਅਤੇ ਰਾਮਾਇਣ ਨੂੰ ਅਸ਼ਲੀਲ ਅਤੇ ਅਪਮਾਨਜਨਕ ਢੰਗ ਨਾਲ ਪੇਸ਼ ਕੀਤਾ ਗਿਆ ਸੀ।
ਇਹ ਵਿਦਿਆਰਥੀ, ਵਿਦਿਆਰਥੀਆਂ ਦੇ ਉਸ ਸਮੂਹ ਦਾ ਹਿੱਸਾ ਹਨ, ਜਿਸ ਨੇ ਨਾਟਕ ਵਿਰੁਧ ਪ੍ਰਸ਼ਾਸਨ ਨੂੰ ਸ਼ਿਕਾਇਤ ਕੀਤੀ ਸੀ। ਆਈਆਈਟੀ (ਬੰਬੇ) ਵਿਖੇ ‘ਅੰਬੇਦਕਰ ਪੇਰੀਆਰ ਫੂਲੇ ਸਟੱਡੀ ਸਰਕਲ (ਏਪੀਪੀਐਸਸੀ)’ ਸੰਸਥਾ ਨਾਲ ਜੁੜੇ ਇਕ ਹੋਰ ਵਿਦਿਆਰਥੀ ਨੇ ਵੀ ਪੁਸ਼ਟੀ ਕੀਤੀ ਕਿ ਵਿਦਿਆਰਥੀਆਂ ਨੂੰ ਇਸ ਨਾਟਕ ਦਾ ਮੰਚਨ ਕਰਨ ਲਈ ਜੁਰਮਾਨਾ ਕੀਤਾ ਗਿਆ।
