ਔਰਤ ਮਨ ਦੀ ਵੇਦਨਾ : ਚੱਪਾ ਕੁ ਮਿੱਟੀ

ਸਾਹਿਤ ਪੰਜਾਬ

ਔਰਤ ਮਨ ਦੀ ਵੇਦਨਾ : ਚੱਪਾ ਕੁ ਮਿੱਟੀ
ਮਨਦੀਪ ਕੌਰ ਭਦੌੜ : ਕਾਵਿ-ਸੰਗ੍ਰਹਿ

ਯੁੱਗਾਂ ਤੋਂ ਔਰਤ ਆਪਣੀ ਹੋਂਦ ਦੀ ਲੜਾਈ ਘਰ ਅਤੇ ਸਮਾਜ—ਦੋਹਾਂ ਪੱਧਰਾਂ ‘ਤੇ ਲੜਦੀ ਆ ਰਹੀ ਹੈ। ਆਪਣੇ ਅਸਤਿਤਵ, ਬਰਾਬਰੀ ਅਤੇ ਸਨਮਾਨ ਲਈ ਉਸ ਦਾ ਸੰਘਰਸ਼ ਅੱਜ ਵੀ ਜਾਰੀ ਹੈ। ਕਦੇ ਉਹ ਆਪਣੇ ਆਪ ਨਾਲ ਸੰਵਾਦ ਕਰਦੀ ਹੈ, ਕਦੇ ਸਮਾਜ ਨਾਲ। ਬਹੁਤ ਵਾਰ ਇਹ ਸੰਵਾਦ ਵਾਦ-ਵਿਵਾਦ ਵਿੱਚ ਬਦਲ ਕੇ ਆਪਣੀ ਅਸਲ ਮੰਜ਼ਿਲ ਤੋਂ ਭਟਕ ਜਾਂਦਾ ਹੈ। ਭਾਵੇਂ ਆਧੁਨਿਕ ਔਰਤ ਘਰ ਦੀ ਚਾਰਦੀਵਾਰੀ ਤੋਂ ਬਾਹਰ ਨਿਕਲ ਆਈ ਹੈ, ਪਰ ਉਸ ਦੀ ਹੋਂਦ ਦੀ ਜੰਗ ਅਜੇ ਵੀ ਖ਼ਤਮ ਨਹੀਂ ਹੋਈ। ਜਦੋਂ ਉਹ ਆਪਣੇ ਮਨ ਨਾਲ ਗੱਲਾਂ ਕਰਦੀ ਹੈ ਤਾਂ ਉਹ ਗੱਲਾਂ ਕਵਿਤਾ ਦਾ ਰੂਪ ਧਾਰ ਲੈਂਦੀਆਂ ਹਨ। ਕਵਿਤਾ ਮਨੁੱਖ ਦੇ ਵਲਵਲਿਆਂ, ਸੰਵੇਦਨਾਵਾਂ ਅਤੇ ਅਧੂਰੇ ਸੁਪਨਿਆਂ ਦਾ ਉਹ ਬਿਰਤਾਂਤ ਹੈ, ਜਿਸ ਲਈ ਉਹ ਸਾਰੀ ਉਮਰ ਸੰਘਰਸ਼ ਕਰਦਾ ਹੈ।
ਆਧੁਨਿਕ ਪੰਜਾਬੀ ਕਵਿਤਾ ਦਾ ਅਧਿਐਨ ਕਰਦਿਆਂ ਇਹ ਮਹਿਸੂਸ ਹੁੰਦਾ ਹੈ ਕਿ ਕੁਝ ਕਵਿਤਰੀਆਂ ਦੀ ਸੁਰ ਮਰਦ-ਪ੍ਰਧਾਨ ਸਮਾਜ ਦੇ ਵਿਰੁੱਧ ਬਹੁਤ ਤਿੱਖੀ ਅਤੇ ਬਗਾਵਤੀ ਹੈ। ਕਈ ਰਚਨਾਵਾਂ ਵਿੱਚ ਰੋਸ, ਰੁਦਨ ਅਤੇ ਦੋਸ਼ਾਰੋਪਣ ਦਾ ਰੰਗ ਵੀ ਪ੍ਰਮੁੱਖ ਹੈ। ਪਰ ਇਹ ਵੀ ਸੱਚ ਹੈ ਕਿ ਜੀਵਨ ਦੀ ਹਰ ਸੱਚਾਈ ਨੂੰ ਇੱਕੋ ਨਜ਼ਰੀਏ ਨਾਲ ਨਹੀਂ ਦੇਖਿਆ ਜਾ ਸਕਦਾ। ਮਨੁੱਖੀ ਰਿਸ਼ਤਿਆਂ ਦੀ ਜਟਿਲਤਾ ਵਿੱਚ ਨਾ ਕੋਈ ਪੂਰੀ ਤਰ੍ਹਾਂ ਦੋਸ਼ੀ ਹੁੰਦਾ ਹੈ ਅਤੇ ਨਾ ਹੀ ਪੂਰੀ ਤਰ੍ਹਾਂ ਦੋਸ਼-ਮੁਕਤ।
ਪੰਜਾਬੀ ਸਾਹਿਤ ਦੇ ਮੁੱਢਲੇ ਦੌਰ ਵਿੱਚ ਔਰਤ ਕਵੀਆਂ ਦੀ ਗਿਣਤੀ ਬਹੁਤ ਘੱਟ ਸੀ। ਪੀਰੋ ਪ੍ਰੇਮਣ ਤੋਂ ਲੈ ਕੇ ਅੰਮ੍ਰਿਤਾ ਪ੍ਰੀਤਮ ਤੱਕ ਇਹ ਲੜੀ ਸੀਮਤ ਰਹੀ, ਪਰ ਅੱਜ ਪੰਜਾਬੀ ਕਵਿਤਾ ਵਿੱਚ ਔਰਤ ਦੀ ਆਵਾਜ਼ ਵਿਸ਼ਾਲ ਅਤੇ ਪ੍ਰਭਾਵਸ਼ਾਲੀ ਰੂਪ ਵਿੱਚ ਸਾਹਮਣੇ ਆਈ ਹੈ। ਇਸ ਨਵੀਂ ਪੀੜ੍ਹੀ ਵਿੱਚ ਮਨਦੀਪ ਕੌਰ ਭਦੌੜ ਆਪਣੀ ਵੱਖਰੀ ਪਛਾਣ ਬਣਾਉਂਦੀ ਨਜ਼ਰ ਆਉਂਦੀ ਹੈ। “ਚੱਪਾ ਕੁ ਮਿੱਟੀ” ਉਸ ਦਾ ਪਹਿਲਾ ਕਾਵਿ-ਸੰਗ੍ਰਹਿ ਹੈ।
ਜਦੋਂ ਮਨਦੀਪ ਕੌਰ ਨੇ ਮੈਨੂੰ ਇਸ ਪੁਸਤਕ ਦਾ ਮੁੱਖਬੰਦ ਲਿਖਣ ਲਈ ਕਿਹਾ ਤਾਂ ਮੈਂ ਸਹਿਜੇ ਹੀ ਸਹਿਮਤੀ ਦੇ ਦਿੱਤੀ। ਇਸ ਦਾ ਇੱਕ ਕਾਰਨ ਇਹ ਵੀ ਸੀ ਕਿ ਉਸ ਦੀਆਂ ਅਨੇਕਾਂ ਕਵਿਤਾਵਾਂ ਮੈਂ ਪਹਿਲਾਂ ਪੜ੍ਹ ਚੁੱਕਾ ਸੀ ਅਤੇ ਉਹਨਾਂ ਵਿੱਚ ਇੱਕ ਵੱਖਰੀ ਸੰਵੇਦਨਾ ਮਹਿਸੂਸ ਕੀਤੀ ਸੀ।
ਸੰਗ੍ਰਹਿ ਦਾ ਧਿਆਨ ਨਾਲ ਅਧਿਐਨ ਕਰਨ ਉਪਰੰਤ ਇਹ ਗੱਲ ਸਪਸ਼ਟ ਹੋਈ ਕਿ ਮਨਦੀਪ ਕੌਰ ਦੀ ਕਵਿਤਾ ਹੋਰ ਸਮਕਾਲੀ ਕਵਿਤਰੀਆਂ ਤੋਂ ਇੱਕ ਵੱਖਰਾ ਰਾਹ ਅਖ਼ਤਿਆਰ ਕਰਦੀ ਹੈ। ਇਹ ਨਾ ਤਾਂ ਕੇਵਲ ਔਰਤ ਦੇ ਰੁਦਨ ਦੀ ਤਰਜਮਾਨੀ ਕਰਦੀ ਹੈ ਅਤੇ ਨਾ ਹੀ ਬਗਾਵਤ ਦਾ ਸ਼ੋਰ ਮਚਾਉਂਦੀ ਹੈ; ਸਗੋਂ ਆਪਣੀ ਹੋਂਦ ਅਤੇ ਅਸਤੀਤਵ ਦਾ ਸ਼ਾਂਤ ਪਰ ਪ੍ਰਭਾਵਸ਼ਾਲੀ ਅਹਿਸਾਸ ਕਰਵਾਉਂਦੀ ਹੈ। ਉਹ ਕਿਸੇ ਨੂੰ ਕਟਹਿਰੇ ਵਿੱਚ ਖੜ੍ਹਾ ਕਰਨ ਦੀ ਬਜਾਏ ਆਪਣੇ ਮਨ ਦੇ ਵਲਵਲਿਆਂ ਨੂੰ ਇਮਾਨਦਾਰੀ ਨਾਲ ਸ਼ਬਦ ਦਿੰਦੀ ਹੈ।
ਉਸ ਦੀਆਂ ਨਿੱਕੀਆਂ, ਸੰਖੇਪ ਅਤੇ ਤਿੱਖੇ ਪ੍ਰਭਾਵ ਵਾਲੀਆਂ ਕਵਿਤਾਵਾਂ ਔਰਤ ਮਨ ਦੀ ਵੇਦਨਾ ਨੂੰ ਬਹੁਤ ਸੰਵੇਦਨਸ਼ੀਲ ਢੰਗ ਨਾਲ ਪੇਸ਼ ਕਰਦੀਆਂ ਹਨ। ਇਨ੍ਹਾਂ ਵਿੱਚ ਨਾ ਸ਼ਬਦਾਂ ਦਾ ਸ਼ੋਰ ਹੈ ਅਤੇ ਨਾ ਹੀ ਭਾਵਨਾਵਾਂ ਦਾ ਚੀਕ-ਚਿਹਾੜਾ। ਸਹਿਜਤਾ, ਸੰਜਮ ਅਤੇ ਸੰਤੁਲਨ ਉਸ ਦੀ ਕਵਿਤਾ ਦੀ ਮੁੱਖ ਪਹਿਚਾਣ ਹਨ। ਉਹ ਸੰਵਾਦ ਨੂੰ ਟਕਰਾਅ ਦੀ ਥਾਂ ਸਮਝ ਅਤੇ ਸਾਂਝ ਦਾ ਮਾਧਿਅਮ ਬਣਾਉਣਾ ਚਾਹੁੰਦੀ ਹੈ।
ਮਨਦੀਪ ਕੌਰ ਦੀ ਸ਼ਾਇਰੀ ਵਿੱਚ ਜੀਵਨ ਦੇ ਅਨੇਕ ਰੰਗ ਮੌਜੂਦ ਹਨ। ਚੱਪਾ ਕੁ ਮਿੱਟੀ ਉਹ ਗੁਲਦਸਤਾ ਹੈ ਜਿਸ ਵਿੱਚੋਂ ਜੀਵਨ ਦੀ ਮਹਿਕ, ਰਿਸ਼ਤਿਆਂ ਦੀ ਖੁਸ਼ਬੂ ਅਤੇ ਮਨੁੱਖੀ ਸੰਵੇਦਨਾਵਾਂ ਦੀ ਗਰਮਾਹਟ ਮਹਿਸੂਸ ਹੁੰਦੀ ਹੈ। ਇਹ ਕਵਿਤਾਵਾਂ ਸਿਰਫ਼ ਸੁੰਦਰਤਾ ਦਾ ਅਨੁਭਵ ਨਹੀਂ ਕਰਵਾਉਂਦੀਆਂ, ਸਗੋਂ ਪਾਠਕ ਦੇ ਮਨ ਵਿੱਚ ਕਈ ਸਵਾਲ ਵੀ ਜਗਾਉਂਦੀਆਂ ਹਨ।
ਉਸ ਦੀ ਸ਼ਾਇਰੀ ਨਾ ਕਿਸੇ ਵਿਰੋਧ ਦੀ ਅੰਨ੍ਹੀ ਵਕਾਲਤ ਕਰਦੀ ਹੈ ਅਤੇ ਨਾ ਹੀ ਕਿਸੇ ਪੱਖ ਦਾ ਮਹਿਮਾਮੰਡਨ। ਇਹ ਔਰਤ ਮਨ ਦਾ ਉਹ ਸੰਵਾਦ ਹੈ ਜੋ ਆਪਣੇ ਅਧੂਰੇ ਸੁਪਨਿਆਂ, ਉਮੀਦਾਂ ਅਤੇ ਸੰਘਰਸ਼ਾਂ ਨੂੰ ਸਹਿਜਤਾ ਨਾਲ ਪ੍ਰਗਟ ਕਰਦਾ ਹੈ।
ਮਨਦੀਪ ਕੌਰ ਆਪਣੇ ਆਪ ਨਾਲ ਗੱਲ ਕਰਦੀ ਹੈ ਤਾਂ ਉਹ ਗੱਲ ਨਿੱਜੀ ਨਹੀਂ ਰਹਿੰਦੀ, ਸਾਂਝੇ ਅਨੁਭਵ ਦਾ ਰੂਪ ਧਾਰ ਲੈਂਦੀ ਹੈ। ਉਸ ਨੂੰ ਪਰਿਵਾਰਕ ਅਤੇ ਸਮਾਜਿਕ ਰਿਸ਼ਤਿਆਂ ਦੇ ਫ਼ਰਜ਼ਾਂ ਅਤੇ ਅਧਿਕਾਰਾਂ ਦੀ ਡੂੰਘੀ ਸਮਝ ਹੈ। ਇਸ ਲਈ ਉਸ ਦੀ ਕਵਿਤਾ ਚੁੱਪ ਦੇ ਅਰਥਾਂ ਵਿੱਚੋਂ ਵੀ ਜੀਵਨ ਦਾ ਸੱਚ ਲੱਭਣ ਦੀ ਕੋਸ਼ਿਸ਼ ਕਰਦੀ ਹੈ।
ਇਸ ਸੰਗ੍ਰਹਿ ਵਿੱਚ ਔਰਤ ਮਨ ਦੇ ਅਨੇਕ ਪੱਖ ਉਭਰਦੇ ਹਨ। ਔਰਤ ਦੀ ਅੰਦਰੂਨੀ ਦੁਨੀਆ ਦੀ ਪੂਰੀ ਪੈਮਾਇਸ਼ ਸੰਭਵ ਨਹੀਂ, ਪਰ ਮਨਦੀਪ ਕੌਰ ਉਸ ਦੇ ਕੁਝ ਅਜਿਹੇ ਪਾਸੇ ਸਾਹਮਣੇ ਲਿਆਉਂਦੀ ਹੈ, ਜਿਨ੍ਹਾਂ ਨੂੰ ਅਸੀਂ ਅਕਸਰ ਨਜ਼ਰਅੰਦਾਜ਼ ਕਰ ਦਿੰਦੇ ਹਾਂ। ਉਹ ਯਾਦ ਕਰਵਾਉਂਦੀ ਹੈ ਕਿ ਔਰਤ ਸਿਰਫ਼ ਇੱਕ ਸਰੀਰ ਨਹੀਂ, ਸਗੋਂ ਭਾਵਨਾਵਾਂ, ਵਿਚਾਰਾਂ ਅਤੇ ਸੁਪਨਿਆਂ ਨਾਲ ਭਰਪੂਰ ਇੱਕ ਸੰਪੂਰਨ ਮਨੁੱਖ ਹੈ।
ਉਸ ਦੀ ਕਵਿਤਾ ਵਿੱਚ ਬਰਾਬਰੀ ਦਾ ਅਰਥ ਟਕਰਾਅ ਨਹੀਂ, ਸਗੋਂ ਸਾਂਝ ਅਤੇ ਸਹਿ-ਯਾਤਰਾ ਹੈ। ਉਹ ਸਮਝਦੀ ਹੈ ਕਿ ਔਰਤ ਦੀ ਤਾਕਤ ਉਸ ਦੇ ਆਪਣੇ ਸਵੈ-ਬੋਧ ਅਤੇ ਆਤਮ-ਵਿਸ਼ਵਾਸ ਵਿੱਚ ਹੈ। ਇਸੇ ਕਰਕੇ ਉਸ ਦੀਆਂ ਕਵਿਤਾਵਾਂ ਆਸ, ਸੰਜਮ ਅਤੇ ਸੰਵਾਦ ਦਾ ਰਾਹ ਚੁਣਦੀਆਂ ਹਨ।
ਕਵਿਤਾ ਲਿਖਣਾ ਸੌਖਾ ਕੰਮ ਨਹੀਂ। ਸੱਚੀ ਕਵਿਤਾ ਉਹੀ ਹੁੰਦੀ ਹੈ ਜੋ ਨਿੱਜੀ ਅਨੁਭਵਾਂ ਤੋਂ ਜਨਮ ਲੈ ਕੇ ਸਮੂਹਕ ਅਨੁਭਵ ਬਣ ਜਾਵੇ। ਮਨਦੀਪ ਕੌਰ ਭਦੌੜ ਦੀਆਂ ਕਵਿਤਾਵਾਂ ਇਸ ਕਸੌਟੀ ‘ਤੇ ਖਰੀਆਂ ਉਤਰਦੀਆਂ ਹਨ। ਇਨ੍ਹਾਂ ਵਿੱਚ ਔਰਤ ਮਨ ਦੀ ਹੂਕ ਹੈ, ਪਰ ਬੇਲੋੜਾ ਸ਼ੋਰ ਨਹੀਂ; ਦਰਦ ਹੈ, ਪਰ ਨਿਰਾਸ਼ਾ ਨਹੀਂ; ਸੰਘਰਸ਼ ਹੈ, ਪਰ ਮਨੁੱਖਤਾ ਤੋਂ ਮੂੰਹ ਮੋੜਨ ਦੀ ਜ਼ਿੱਦ ਨਹੀਂ।
ਚੱਪਾ ਕੁ ਮਿੱਟੀ ਉਹ ਮਿੱਟੀ ਹੈ ਜਿਸ ਵਿੱਚ ਮਨੁੱਖੀ ਸੰਵੇਦਨਾ ਦੀ ਮਹਿਕ ਹੈ। ਇਹ ਉਹ ਮਿੱਟੀ ਹੈ ਜਿਸ ਨਾਲ ਅਜਿਹੀ ਔਰਤ ਦੀ ਮੂਰਤ ਘੜੀ ਜਾ ਸਕਦੀ ਹੈ ਜਿਸ ਦਾ ਸਿਰਫ਼ ਸਤਿਕਾਰ ਹੀ ਨਾ ਕੀਤਾ ਜਾਵੇ, ਸਗੋਂ ਉਸ ਦੀ ਮਨੁੱਖੀ ਹੋਂਦ ਨੂੰ ਵੀ ਪੂਰੇ ਮਾਣ ਨਾਲ ਸਵੀਕਾਰਿਆ ਜਾਵੇ।
ਮੈਨੂੰ ਯਕੀਨ ਹੈ ਕਿ ਮਨਦੀਪ ਕੌਰ ਭਦੌੜ ਦਾ ਇਹ ਪਹਿਲਾ ਕਾਵਿ-ਸੰਗ੍ਰਹਿ ਪੰਜਾਬੀ ਕਵਿਤਾ ਦੇ ਪਾਠਕਾਂ ਵੱਲੋਂ ਨਿੱਘਾ ਸਵਾਗਤ ਪ੍ਰਾਪਤ ਕਰੇਗਾ ਅਤੇ ਉਸ ਦੀ ਸਿਰਜਣਾਤਮਕ ਯਾਤਰਾ ਨੂੰ ਇੱਕ ਮਜ਼ਬੂਤ ਸ਼ੁਰੂਆਤ ਦੇਵੇਗਾ।
— ਡਾ. ਬੁੱਧ ਸਿੰਘ ਨੀਲੋਂ
9464370823

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।