ਤੇਰਾ ਆਉਣਾ ਨੀ… ਸਮੁੰਦਰਾਂ ਦੀ ਛੱਲ ਵਰਗਾ!
ਸਮੁੰਦਰ ਸਿਰਫ਼ ਪਾਣੀ ਦਾ ਅਥਾਹ ਭੰਡਾਰ ਨਹੀਂ, ਉਹ ਕੁਦਰਤ ਦਾ ਸਭ ਤੋਂ ਵੱਡਾ ਦਾਰਸ਼ਨਿਕ ਹੈ। ਉਸ ਦੀ ਹਰ ਛੱਲ ਇੱਕ ਉਪਦੇਸ਼ ਹੈ, ਹਰ ਜਵਾਰ ਇੱਕ ਪ੍ਰਸ਼ਨ ਹੈ ਅਤੇ ਹਰ ਭਾਟਾ ਇੱਕ ਉੱਤਰ। ਜੋ ਸਮੁੰਦਰ ਨੂੰ ਕੇਵਲ ਅੱਖਾਂ ਨਾਲ ਦੇਖਦਾ ਹੈ, ਉਹ ਪਾਣੀ ਦੇਖਦਾ ਹੈ; ਜੋ ਚਿੱਤ ਨਾਲ ਦੇਖਦਾ ਹੈ, ਉਹ ਜੀਵਨ ਦਾ ਸੱਚ ਦੇਖਦਾ ਹੈ।
ਮਨੁੱਖ ਦਾ ਜੀਵਨ ਵੀ ਇੱਕ ਨਦੀ ਵਾਂਗ ਜਨਮ ਲੈਂਦਾ ਹੈ। ਉਹ ਆਪਣੇ ਸਰੋਤ ਤੋਂ ਤੁਰਦਾ ਹੈ, ਅਨੇਕ ਮੋੜਾਂ, ਪੱਥਰਾਂ, ਖੱਡਾਂ ਅਤੇ ਮੈਦਾਨਾਂ ਵਿੱਚੋਂ ਲੰਘਦਾ ਹੋਇਆ ਆਖ਼ਰ ਉਸ ਵਿਸ਼ਾਲਤਾ ਵੱਲ ਵਧਦਾ ਹੈ ਜਿਸ ਨੂੰ ਅਸੀਂ ਸਮੁੰਦਰ ਕਹਿੰਦੇ ਹਾਂ। ਇਹ ਯਾਤਰਾ ਹੀ ਜੀਵਨ ਹੈ। ਮੰਜ਼ਿਲ ਨਹੀਂ, ਸਫ਼ਰ ਹੀ ਮਨੁੱਖ ਦੀ ਅਸਲੀ ਪਛਾਣ ਹੈ।
ਮਨੁੱਖ ਦਾ ਸਭ ਤੋਂ ਵੱਡਾ ਭਰਮ ਇਹ ਹੈ ਕਿ ਉਹ ਹਰ ਸੁੰਦਰ ਪਲ ਨੂੰ ਸਦਾ ਲਈ ਰੋਕ ਲੈਣਾ ਚਾਹੁੰਦਾ ਹੈ। ਪਰ ਕੁਦਰਤ ਦਾ ਪਹਿਲਾ ਨਿਯਮ ਹੈ। ਕੁਝ ਵੀ ਸਥਾਈ ਨਹੀਂ। ਛੱਲਾਂ ਕਿਨਾਰੇ ਨੂੰ ਛੂਹਦੀਆਂ ਹਨ, ਪਰ ਉਹ ਕਿਨਾਰੇ ਉੱਤੇ ਠਹਿਰਦੀਆਂ ਨਹੀਂ। ਹਵਾ ਫੁੱਲਾਂ ਨੂੰ ਮਹਿਕਾਉਂਦੀ ਹੈ, ਪਰ ਮਹਿਕ ਨੂੰ ਬੰਨ੍ਹਦੀ ਨਹੀਂ। ਬੱਦਲ ਵਰਸਦੇ ਹਨ, ਪਰ ਆਪਣੇ ਪਾਣੀ ਨੂੰ ਸੰਭਾਲ ਕੇ ਨਹੀਂ ਰੱਖਦੇ। ਫਿਰ ਮਨੁੱਖ ਹੀ ਕਿਉਂ ਰਿਸ਼ਤਿਆਂ, ਯਾਦਾਂ ਅਤੇ ਅਹਿਸਾਸਾਂ ਨੂੰ ਆਪਣੀ ਮੁੱਠੀ ਵਿੱਚ ਕੈਦ ਕਰਨ ਦੀ ਕੋਸ਼ਿਸ਼ ਕਰਦਾ ਹੈ?
ਵਿਛੋੜਾ ਕੁਦਰਤ ਦਾ ਵਿਰੋਧ ਨਹੀਂ, ਉਸ ਦਾ ਵਿਧਾਨ ਹੈ। ਮਿਲਣਾ ਅਤੇ ਵਿਛੜਨਾ ਵਿਰੋਧੀ ਨਹੀਂ, ਇੱਕੋ ਚੱਕਰ ਦੇ ਦੋ ਪੜਾਅ ਹਨ। ਜਿਵੇਂ ਨਦੀ ਸਮੁੰਦਰ ਵਿੱਚ ਜਾ ਕੇ ਖ਼ਤਮ ਨਹੀਂ ਹੁੰਦੀ, ਸਗੋਂ ਆਪਣੀ ਸੀਮਾ ਤੋਂ ਪਰੇ ਫੈਲ ਜਾਂਦੀ ਹੈ, ਉਸੇ ਤਰ੍ਹਾਂ ਮਨੁੱਖ ਵੀ ਜਦੋਂ ਆਪਣੀ ਹਉਮੈ ਤੋਂ ਮੁਕਤ ਹੁੰਦਾ ਹੈ, ਤਦੋਂ ਹੀ ਉਹ ਵਿਸ਼ਾਲ ਚੇਤਨਾ ਦਾ ਹਿੱਸਾ ਬਣਦਾ ਹੈ।
ਦੁੱਖ ਦਾ ਜਨਮ ਵਿਛੋੜੇ ਤੋਂ ਨਹੀਂ, ਮੋਹ ਤੋਂ ਹੁੰਦਾ ਹੈ। ਜਿੱਥੇ ਮੋਹ ਹੈ, ਉੱਥੇ ਡਰ ਹੈ; ਜਿੱਥੇ ਡਰ ਹੈ, ਉੱਥੇ ਬੇਚੈਨੀ ਹੈ। ਜਿਹੜਾ ਮਨੁੱਖ ਛੱਲ ਨੂੰ ਆਪਣੀ ਮਲਕੀਅਤ ਸਮਝਦਾ ਹੈ, ਉਹ ਹਰ ਵਾਪਸ ਮੁੜਦੀ ਲਹਿਰ ਨਾਲ ਟੁੱਟਦਾ ਹੈ। ਪਰ ਜਿਹੜਾ ਸਮਝ ਲੈਂਦਾ ਹੈ ਕਿ ਛੱਲ ਦਾ ਸੁਭਾਅ ਆਉਣਾ ਅਤੇ ਜਾਣਾ ਹੈ, ਉਹ ਹਰ ਵਿਛੋੜੇ ਵਿੱਚ ਵੀ ਇੱਕ ਨਵਾਂ ਮਿਲਾਪ ਦੇਖ ਲੈਂਦਾ ਹੈ।
ਅਸੀਂ ਅਕਸਰ ਕਹਿੰਦੇ ਹਾਂ ਕਿ ਦਰਿਆ ਸਮੁੰਦਰ ਵਿੱਚ ਜਾ ਕੇ ਮਰ ਜਾਂਦਾ ਹੈ। ਇਹ ਦ੍ਰਿਸ਼ਟੀ ਦਾ ਭਰਮ ਹੈ। ਕੁਦਰਤ ਵਿੱਚ ਕੁਝ ਵੀ ਨਹੀਂ ਮਰਦਾ, ਸਿਰਫ਼ ਰੂਪ ਬਦਲਦਾ ਹੈ। ਬੂੰਦ ਭਾਫ਼ ਬਣਦੀ ਹੈ, ਬੱਦਲ ਬਣਦੀ ਹੈ, ਮੀਂਹ ਬਣਦੀ ਹੈ, ਨਦੀ ਬਣਦੀ ਹੈ ਅਤੇ ਫਿਰ ਸਮੁੰਦਰ। ਜੀਵਨ ਦਾ ਅਰਥ ਵੀ ਇਹੀ ਹੈ—ਰੂਪ ਬਦਲਣਾ, ਪਰ ਵਹਾਅ ਨਾ ਛੱਡਣਾ।
ਮਨੁੱਖ ਦੀ “ਮੈਂ” ਉਸ ਚੱਟਾਨ ਵਰਗੀ ਹੈ ਜੋ ਨਦੀ ਦਾ ਰਾਹ ਰੋਕਦੀ ਹੈ। ਜਿੰਨੀ ਵੱਡੀ ਹਉਮੈ, ਉੱਨਾ ਹੀ ਛੋਟਾ ਵਹਾਅ। ਜਦੋਂ “ਮੈਂ” ਪਿਘਲਦੀ ਹੈ, ਤਦੋਂ “ਅਸੀਂ” ਜਨਮ ਲੈਂਦੇ ਹਾਂ। ਉਸੇ ਵੇਲੇ ਰਿਸ਼ਤੇ ਸੌਦੇ ਨਹੀਂ ਰਹਿੰਦੇ, ਸਾਧਨਾ ਬਣ ਜਾਂਦੇ ਹਨ।
ਅੱਜ ਸੰਕਟ ਸਿਰਫ਼ ਦਰਿਆਵਾਂ ਦੇ ਸੁੱਕਣ ਦਾ ਨਹੀਂ, ਮਨੁੱਖ ਦੇ ਅੰਦਰਲੀ ਕਰੁਣਾ ਦੇ ਸੁੱਕਣ ਦਾ ਹੈ। ਪਾਣੀ ਪਹਿਲਾਂ ਗੰਦਲਾ ਨਹੀਂ ਹੋਇਆ ਸੀ, ਮਨੁੱਖ ਦੀ ਨੀਅਤ ਗੰਦਲੀ ਹੋਈ ਸੀ। ਨਦੀਆਂ ਨੇ ਪਹਿਲਾਂ ਆਪਣਾ ਰਾਹ ਨਹੀਂ ਗੁਆਇਆ ਸੀ, ਮਨੁੱਖ ਨੇ ਆਪਣਾ ਵਿਵੇਕ ਗੁਆਇਆ ਸੀ। ਜਦੋਂ ਮਨੁੱਖ ਆਪਣਾ ਅੰਦਰਲਾ ਸਮੁੰਦਰ ਸੁੱਕਾ ਲੈਂਦਾ ਹੈ, ਤਦੋਂ ਬਾਹਰਲੇ ਸਮੁੰਦਰ ਵੀ ਖਾਰੇ ਲੱਗਣ ਲੱਗ ਪੈਂਦੇ ਹਨ।
ਦਾਰਸ਼ਨਿਕਤਾ ਸਾਨੂੰ ਸਿਖਾਉਂਦੀ ਹੈ ਕਿ ਜੀਵਨ ਨੂੰ ਫੜਨਾ ਨਹੀਂ, ਜੀਣਾ ਹੈ; ਰਿਸ਼ਤਿਆਂ ਨੂੰ ਆਪਣਾ ਬਣਾਉਣਾ ਨਹੀਂ, ਉਨ੍ਹਾਂ ਦਾ ਸਤਿਕਾਰ ਕਰਨਾ ਹੈ; ਯਾਦਾਂ ਨੂੰ ਕੈਦ ਨਹੀਂ ਕਰਨਾ, ਉਨ੍ਹਾਂ ਦਾ ਧੰਨਵਾਦ ਕਰਨਾ ਹੈ। ਜੋ ਵਗਣਾ ਸਿੱਖ ਜਾਂਦਾ ਹੈ, ਉਹੀ ਮੁਕਤ ਹੁੰਦਾ ਹੈ। ਜੋ ਰੁਕਣਾ ਚਾਹੁੰਦਾ ਹੈ, ਉਹ ਆਪਣੇ ਹੀ ਬਣਾਏ ਹੋਏ ਬੰਧਨਾਂ ਦਾ ਕੈਦੀ ਬਣ ਜਾਂਦਾ ਹੈ।
ਸ਼ਾਇਦ ਇਸੇ ਲਈ ਸਮੁੰਦਰ ਹਰ ਛੱਲ ਨਾਲ ਇੱਕੋ ਸੰਦੇਸ਼ ਦਿੰਦਾ ਹੈ, ਆ, ਛੂਹ, ਮਹਿਸੂਸ ਕਰ ਅਤੇ ਫਿਰ ਅੱਗੇ ਵਧ। ਇਹੀ ਸ੍ਰਿਸ਼ਟੀ ਦਾ ਨਿਯਮ ਹੈ। ਇਹੀ ਜੀਵਨ ਦਾ ਧਰਮ ਹੈ।
ਅੱਜ ਜਦੋਂ ਮਨੁੱਖ ਹਰ ਚੀਜ਼ ਦਾ ਮੁੱਲ ਲਗਾਉਣ ਲੱਗ ਪਿਆ ਹੈ, ਤਦੋਂ ਸਮੁੰਦਰ ਦੀ ਛੱਲ ਸਾਨੂੰ ਯਾਦ ਦਿਵਾਉਂਦੀ ਹੈ ਕਿ ਸਭ ਤੋਂ ਕੀਮਤੀ ਚੀਜ਼ਾਂ ਕਦੇ ਵਿਕਦੀਆਂ ਨਹੀਂ—ਪਿਆਰ, ਕਰੁਣਾ, ਵਿਸ਼ਵਾਸ ਅਤੇ ਵਹਾਅ। ਇਹ ਸਿਰਫ਼ ਜੀਏ ਜਾਂਦੇ ਹਨ।
ਅਤੇ ਫਿਰ ਕਿਸੇ ਦੂਰਲੇ ਕਿਨਾਰੇ ਤੋਂ ਇੱਕ ਆਵਾਜ਼ ਆਉਂਦੀ ਹੈ—
“ਤੇਰਾ ਆਉਣਾ ਨੀ… ਸਮੁੰਦਰਾਂ ਦੀ ਛੱਲ ਵਰਗਾ।
ਤੈਨੂੰ ਰੁੱਸੇ ਨੂੰ ਮਨਾ ਲੂੰ ਚੰਨ ਮੇਰਿਆ।”
ਇਹ ਕੇਵਲ ਪ੍ਰੇਮ ਦਾ ਗੀਤ ਨਹੀਂ, ਸਗੋਂ ਜੀਵਨ ਦਾ ਦਰਸ਼ਨ ਹੈ। ਕੁਝ ਲੋਕ ਸਾਡੀ ਜ਼ਿੰਦਗੀ ਵਿੱਚ ਛੱਲਾਂ ਵਾਂਗ ਆਉਂਦੇ ਹਨ, ਸਾਨੂੰ ਭਿਓ ਕੇ, ਬਦਲ ਕੇ, ਵਿਸ਼ਾਲ ਬਣਾ ਕੇ ਅੱਗੇ ਲੰਘ ਜਾਂਦੇ ਹਨ। ਉਨ੍ਹਾਂ ਨੂੰ ਰੋਕਣਾ ਨਹੀਂ, ਉਨ੍ਹਾਂ ਦੇ ਆਉਣ ਲਈ ਕ੍ਰਿਤੱਗ ਹੋਣਾ ਹੀ ਜੀਵਨ ਦੀ ਪਰਿਪੱਕਤਾ ਹੈ।
“ਜੋ ਛੱਲ ਨੂੰ ਫੜਨ ਨਿਕਲਦਾ ਹੈ, ਉਹ ਖਾਲੀ ਹੱਥ ਮੁੜਦਾ ਹੈ; ਜੋ ਛੱਲ ਦੇ ਸਪਰਸ਼ ਨੂੰ ਸਮਝ ਲੈਂਦਾ ਹੈ, ਉਹ ਸਾਰਾ ਸਮੁੰਦਰ ਆਪਣੇ ਅੰਦਰ ਵਸਾ ਲੈਂਦਾ ਹੈ।”
++
— ਬੁੱਧ ਸਿੰਘ ਨੀਲੋਂ
9464370823












