ਸੁਨਾਮ 3 ਅਕਤੂਬਰ ,ਬੋਲੇ ਪੰਜਾਬ ਬਿਊਰੋ;
ਪ੍ਰੀਤ ਨਗਰ (ਮੋਹਣਾ ਪੌੜੀਆਂ) ਦੇ ਨੌਜਵਾਨ ਦੀ ਬੀਤੀ ਰਾਤ ਨਸ਼ੇ ਦੀ ਓਵਰਡੋਜ਼ (ਚਿੱਟੇ) ਕਾਰਨ ਮੌਤ ਹੋ ਗਈ। 26 ਸਾਲ ਦਾ ਨੌਜਵਾਨ ਕਮਲਪ੍ਰੀਤ ਸਿੰਘ ਨਸ਼ੇ ਦਾ ਆਦੀ ਸੀ। ਬੀਤੀ ਰਾਤ ਜਦੋਂ ਉਹ ਆਪਣੇ ਪਿਤਾ ਦੀ ਦੁਕਾਨ ਤੋਂ ਸਮੇਂ ਸਿਰ ਘਰ ਨਾ ਪਹੁੰਚਿਆ ਤਾਂ ਉਸ ਦੀ ਮਾਂ ਅਤੇ ਭੈਣ ਨੇ ਦੁਕਾਨ ’ਤੇ ਆ ਕੇ ਦੇਖਿਆ ਤਾਂ ਉਹ ਬੇਸੁੱਧ ਪਿਆ ਸੀ। ਉਸ ਦਾ ਪਿਤਾ ਆਪਣੇ ਕੰਮਕਾਜ ਦੇ ਸਿਲਸਿਲੇ ਵਿਚ ਬਾਹਰ ਗਿਆ ਹੋਇਆ ਸੀ, ਜਦੋਂ ਪਰਿਵਾਰ ਵਲੋਂ ਉਸ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਵਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਇਸ ਮੌਕੇ ਪ੍ਰੀਤ ਨਗਰ ਦੇ ਨੌਜਵਾਨਾਂ ਨੇ ਵੀਡੀਓ ਵਾਇਰਲ ਕਰਕੇ ਸਰਕਾਰ ਤੋਂ ਮੰਗ ਕੀਤੀ ਕਿ ਨਸ਼ਿਆਂ ਨੂੰ ਠੱਲ੍ਹ ਪਾਈ ਜਾਵੇ ਕਿਉਂਕਿ ਮ੍ਰਿਤਕ ਦਾ ਛੋਟਾ ਭਰਾ ਵੀ ਕੁਝ ਮਹੀਨੇ ਪਹਿਲਾਂ ਨਸ਼ੇ ਦੀ ਭੇਟ ਚੜ੍ਹ ਚੁੱਕਿਆ ਹੈ ਅਤੇ ਸੁਨਾਮ ਵਿਚ ਚਿੱਟੇ ਦਾ ਕੰਮ ਆਮ ਹੈ। ਪੁਲੀਸ ਥਾਣਾ ਸ਼ਹਿਰੀ ਸੁਨਾਮ ਦੇ ਐੱਸ ਐੱਚ ਓ ਇੰਸਪੈਕਟਰ ਬਲਵੰਤ ਸਿੰਘ ਨੇ ਕਿਹਾ ਕਿ ਨਸ਼ਾ ਸਪਲਾਈ ਕਰਨ ਦੇ ਦੋਸ਼ ਵਿਚ ਮ੍ਰਿਤਕ ਦੇ ਪਿਤਾ ਦੇ ਬਿਆਨਾਂ ’ਤੇ ਰਾਜਵਿੰਦਰ ਕੌਰ ਅਤੇ ਉਸ ਦੇ ਪੁੱਤਰ ਹਰਮਨ ਸਿੰਘ ਉਰਫ ਨਿਪਾਲੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਖ਼ਿਲਾਫ਼ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।












