ਸੰਗਰੂਰ 3 ਅਕਤੂਬਰ ,ਬੋਲੇ ਪੰਜਾਬ ਬਿਊਰੋ;
ਪੁਲੀਸ ਵੱਲੋਂ ਜਬਰੀ ਹਿਰਾਸਤ ਵਿੱਚ ਲੈਣ ਕਾਰਨ ਪਿੰਡ ਕਨੋਈ ਦੇ ਦਲਿਤ ਪਰਿਵਾਰ ਨੂੰ ਭਾਵੇਂ ਆਪਣੇ 23 ਸਾਲਾ ਪੁੱਤਰ ਸਨਮਦੀਪ ਸਿੰਘ ਦੇ ਅੰਤਿਮ ਦਰਸ਼ਨ ਨਸੀਬ ਨਹੀਂ ਹੋਏ ਪਰ ਮਾਂ ਅਤੇ ਬਿਰਧ ਦਾਦਾ-ਦਾਦੀ ਸਣੇ ਪਰਿਵਾਰ ਨੂੰ ਜੇਲ੍ਹ ਦੇ ਦਰਸ਼ਨ ਜ਼ਰੂਰ ਕਰਵਾ ਦਿੱਤੇ ਹਨ। ਖੁ਼ਦਕੁਸ਼ੀ ਕਰਨ ਵਾਲੇ ਸਨਮਦੀਪ ਸਿੰਘ ਨੂੰ ਆਪਣੇ ਜੱਦੀ ਪਿੰਡ ਕਨੋਈ ’ਚ ਸਸਕਾਰ ਲਈ ਥਾਂ ਨਸੀਬ ਨਹੀਂ ਹੋਈ ਅਤੇ ਨਾ ਹੀ ਅਰਥੀ ਨੂੰ ਆਪਣਿਆਂ ਦਾ ਮੋਢਾ ਮਿਲਿਆ।
ਭਾਵੇਂ ਅੱਜ ਵੀ ਮ੍ਰਿਤਕ ਦੇ ਰਿਸ਼ਤੇਦਾਰਾਂ ਨੂੰ ਇਹ ਖ਼ਦਸ਼ਾ ਸੀ ਕਿ ਅੱਜ ਉਸ ਦੇ ਫੁੱਲ ਵੀ ਨਸੀਬ ਨਹੀਂ ਹੋਣਗੇ ਕਿਉਂਕਿ ਸ਼ਮਸ਼ਾਨਘਾਟ ’ਚ ਅੰਗੀਠੇ ਉਪਰ ਪੁਲੀਸ ਦਾ ਪਹਿਰਾ ਸੀ। ਇਸ ਤੋਂ ਇਲਾਵਾ ਅੱਜ ਰਿਸ਼ਤੇਦਾਰਾਂ ਨੂੰ ਇਹ ਵੀ ਖ਼ਬਰ ਨਹੀਂ ਸੀ ਕਿ ਸਨਮਦੀਪ ਦੇ ਮਾਪਿਆਂ, ਦਾਦੀ-ਦਾਦੀ ਅਤੇ ਹੋਰ ਪਰਿਵਾਰਕ ਮੈਂਬਰ ਪੁਲੀਸ ਨੇ ਕਿਹੜੇ ਥਾਣੇ ਵਿੱਚ ਰੱਖੇ ਹਨ। ਮ੍ਰਿਤਕ ਦੇ ਮਾਮਾ ਸੰਦੀਪ ਸਿੰਘ ਨੇ ਦੁਪਹਿਰ ਸਮੇਂ ਦੱਸਿਆ ਸੀ ਕਿ ਉਹ ਵੱਖ-ਵੱਖ ਥਾਣਿਆਂ ਵਿੱਚ ਜਾ ਕੇ ਆਇਆ ਪਰ ਕੋਈ ਪਤਾ ਨਹੀਂ ਲੱਗਿਆ। ਆਖ਼ਰਕਾਰ ਸ਼ਾਮ ਕਰੀਬ ਚਾਰ ਵਜੇ ਮ੍ਰਿਤਕ ਦੀ ਮਾਂ, ਦਾਦਾ-ਦਾਦੀ, ਭੈਣ, ਮਾਮੇ ਦੀਆਂ ਕੁੜੀਆਂ ਸਣੇ ਪਰਿਵਾਰ ਦੇ ਕਰੀਬ ਦਸ ਜਣਿਆਂ ਨੂੰ ਜ਼ਿਲ੍ਹਾ ਜੇਲ੍ਹ ਸੰਗਰੂਰ ਤੋਂ ਰਿਹਾਅ ਕੀਤਾ ਗਿਆ ਜਿਨ੍ਹਾਂ ਨੂੰ ਕਾਂਗਰਸੀ ਆਗੂ ਰਾਜਿੰਦਰ ਸਿੰਘ ਰਾਜਾ ਬੀਰਕਲਾਂ ਲੈਣ ਪੁੱਜਿਆ ਸੀ। ਇਸ ਮਗਰੋਂ ਪੀੜਤ ਪਰਿਵਾਰ ਸ਼ਮਸ਼ਾਨਘਾਟ ਪੁੱਜਿਆ ਜਿਥੇ ਪਰਿਵਾਰ ਨੂੰ ਮਿਲਣ ਲਈ ਸਾਬਕਾ ਕੈਬਨਿਟ ਮੰਤਰੀ ਤੇ ਕਾਂਗਰਸੀ ਆਗੂ ਡਾ. ਰਾਜ ਕੁਮਾਰ ਵੇਰਕਾ ਵੀ ਪੁੱਜੇ। ਇਸ ਦੌਰਾਨ ਪਰਿਵਾਰ ਫੁੱਲ ਚੁਗਣ ਮਗਰੋਂ ਅਸਥੀਆਂ ਲੈ ਕੇ ਪਿੰਡ ਰਵਾਨਾ ਹੋ ਗਿਆ। ਡੀ ਐੱਸ ਪੀ ਸੰਗਰੂਰ ਨੇ ਅਮਨ-ਕਾਨੂੰਨ ਦੀ ਸਥਿਤੀ ਦੇ ਮੱਦੇਨਜ਼ਰ ਹਿਰਾਸਤ ’ਚ ਲਏ ਸਾਰੇ ਪਰਿਵਾਰਕ ਮੈਂਬਰਾਂ ਦੇ ਜ਼ਮਾਨਤ ’ਤੇ ਰਿਹਾਅ ਹੋਣ ਦੀ ਪੁਸ਼ਟੀ ਕੀਤੀ ਹੈ।ਸ਼ਮਸ਼ਾਨਘਾਟ ’ਚ ਮੀਡੀਆ ਨਾਲ ਗੱਲਬਾਤ ਕਰਦਿਆਂ ਕੌਮੀ ਐੱਸ ਸੀ ਕਮਿਸ਼ਨ ਦੇ ਸਾਬਕਾ ਉਪ ਚੇਅਰਮੈਨ ਤੇ ਕਾਂਗਰਸੀ ਆਗੂ ਡਾ. ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਮੁੱਖ ਮੰਤਰੀ ਦੇ ਜ਼ਿਲ੍ਹੇ ਵਿੱਚ ਦਲਿਤਾਂ ਖ਼ਿਲਾਫ਼ ਇਹ ਤੀਜੀ ਘਟਨਾ ਹੈ। ਉਹ ਉਸ ਮਾਂ ਨੂੰ ਮਿਲੇ ਹਨ, ਜਿਸ ਨੂੰ ਆਪਣੇ ਪੁੱਤ ਦੇ ਸਸਕਾਰ ਦੀ ਇਜਾਜ਼ਤ ਨਹੀਂ ਦਿੱਤੀ ਗਈ। ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਅੱਗੇ ਆਏ ਕਾਂਗਰਸ ਆਗੂ ਰਾਜਿੰਦਰ ਦੀਪਾ ਨਾਲ ਧੱਕੇਸ਼ਾਹੀ ਕਰਦਿਆਂ ਕੇਸ ਦਰਜ ਕਰ ਦਿੱਤਾ ਅਤੇ ਇਸ ਜੇਲ੍ਹ ’ਚੋਂ ਕਿਤੇ ਹੋਰ ਤਬਦੀਲ ਕਰ ਦਿੱਤਾ। ਡਾ. ਵੇਰਕਾ ਨੇ ਮੁੱਖ ਮੰਤਰੀ ਨੂੰ ਚੁਣੌਤੀ ਦਿੰਦਿਆਂ ਕਿਹਾ, ‘‘ਭਾਵੇਂ ਕਾਲੇ ਪਾਣੀ ਭੇਜ ਦਿਓ ਪਰ ਅਸੀਂ ਡਰਨ ਵਾਲੇ ਨਹੀਂਂ।’’ ਉਨ੍ਹਾਂ ਕਿਹਾ ਕਿ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਹਰ ਤਰ੍ਹਾਂ ਦੀ ਕੋਸ਼ਿਸ਼ ਕੀਤੀ ਜਾਵੇਗੀ।












