ਅਮਿਤਾਭ ਬੱਚਨ ਦੇ ਪੈਰ ਛੂਹਣ ਨੂੰ ਲੈ ਕੇ ਦਿਲਜੀਤ ਦੋਸਾਂਝ ’ਤੇ ਉੱਠੇ ਸਵਾਲ; ਗੁਰਪਤਵੰਤ ਸਿੰਘ ਪੰਨੂ ਨੇ 1984 ਦੇ ਵਿਵਾਦਿਤ ਬਿਆਨਾਂ ਲਈ ਜਵਾਬਦੇਹੀ ਦੀ ਕੀਤੀ ਮੰਗ
ਨਵੀਂ ਦਿੱਲੀ, 13 ਨਵੰਬਰ,ਬੋਲੇ ਪੰਜਾਬ ਬਿਊਰੋ (ਮਨਪ੍ਰੀਤ ਸਿੰਘ ਖਾਲਸਾ):
ਲਾਸ ਵੇਗਾਸ ਵਿੱਚ ਹੋਏ ਲਾਤੀਨੀ ਗ੍ਰੈਮੀ ਐਵਾਰਡ ਸਮਾਗਮ ਦੌਰਾਨ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੀ ਮੌਜੂਦਗੀ ਨੂੰ ਲੈ ਕੇ ਖਾਲਿਸਤਾਨ ਪੱਖੀ ਕਾਰਕੁਨਾਂ ਵੱਲੋਂ ਵਿਰੋਧ ਕੀਤੇ ਜਾਣ ਦਾ ਦਾਅਵਾ ਸਾਹਮਣੇ ਆਇਆ ਹੈ। ਸੋਸ਼ਲ ਮੀਡੀਆ ’ਤੇ ਸਾਹਮਣੇ ਆਈ ਜਾਣਕਾਰੀ ਅਨੁਸਾਰ ਕੁਝ ਕਾਰਕੁਨਾਂ ਨੇ ਖਾਲਿਸਤਾਨ ਅਤੇ ਅਮਰੀਕਾ ਦੇ ਝੰਡੇ ਲਹਿਰਾਉਂਦਿਆਂ ‘ਖਾਲਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਲਗਾਏ ਅਤੇ ਦਿਲਜੀਤ ਦੋਸਾਂਝ ਨੂੰ ਸਮਾਗਮ ਵਿੱਚ ਮੰਚ ਦੇਣ ’ਤੇ ਸਵਾਲ ਉਠਾਏ। ਹਾਲਾਂਕਿ, ਨਾਅਰੇਬਾਜ਼ੀ ਕਾਰਨ ਦਿਲਜੀਤ ਦੋਸਾਂਝ ਵੱਲੋਂ ਸਟੇਜ ਛੱਡਣ ਦੇ ਦਾਅਵੇ ਦੀ ਅਜੇ ਤੱਕ ਕਿਸੇ ਭਰੋਸੇਯੋਗ ਖ਼ਬਰ ਸਰੋਤ ਤੋਂ ਪੁਸ਼ਟੀ ਨਹੀਂ ਹੋਈ ਪਰ ਜਾਰੀ ਹੋਈ ਵੀਡੀਓ ਵਿਚ ਓਹ ਸਟੇਜ ਛੱਡਦੇ ਨਜ਼ਰ ਆ ਰਹੇ ਸਨ । ਇਸ ਵਿਰੋਧ ਦੇ ਪਿੱਛੇ 1984 ਦੇ ਸਿੱਖ ਕਤਲੇਆਮ ਨਾਲ ਜੁੜਿਆ ਵਿਵਾਦ ਵੀ ਮੁੱਖ ਕਾਰਨ ਦੱਸਿਆ ਜਾ ਰਿਹਾ ਹੈ। ਸਿੱਖਸ ਫਾਰ ਜਸਟਿਸ ਦੇ ਜਨਰਲ ਕੌਂਸਲ ਗੁਰਪਤਵੰਤ ਸਿੰਘ ਪੰਨੂ ਨੇ ਦਿਲਜੀਤ ਦੋਸਾਂਝ ਵੱਲੋਂ ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਦੇ ਪੈਰ ਛੂਹਣ ’ਤੇ ਸਵਾਲ ਉਠਾਉਂਦਿਆਂ ਕਿਹਾ ਕਿ 31 ਅਕਤੂਬਰ 1984 ਨੂੰ ਸਿੱਖਾਂ ਵਿਰੁੱਧ ਹਿੰਸਾ ਨੂੰ ਭੜਕਾਉਣ ਵਾਲੇ ਕਥਿਤ ‘ਖੂਨ ਦਾ ਬਦਲਾ ਖੂਨ’ ਵਾਲੇ ਬਿਆਨ ਲਈ ਅਮਿਤਾਭ ਬੱਚਨ ਦੀ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ। ਪੰਨੂ ਨੇ ਦੋਸ਼ ਲਾਇਆ ਕਿ ਅਜਿਹੇ ਭੜਕਾਊ ਸੱਦਿਆਂ ਨੇ ਨਵੰਬਰ 1984 ਦੌਰਾਨ ਸਿੱਖਾਂ ਵਿਰੁੱਧ ਹੋਈ ਭਿਆਨਕ ਹਿੰਸਾ ਨੂੰ ਹਵਾ ਦਿੱਤੀ। ਉਨ੍ਹਾਂ ਕਿਹਾ ਕਿ 1984 ਦੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਦਾ ਮੁੱਦਾ ਅੱਜ ਵੀ ਜਿਉਂਦਾ ਹੈ ਅਤੇ ਇਸ ਇਤਿਹਾਸਕ ਦੁਖਾਂਤ ਨਾਲ ਜੁੜੇ ਸਵਾਲਾਂ ਨੂੰ ਅੰਤਰਰਾਸ਼ਟਰੀ ਮੰਚਾਂ ’ਤੇ ਵੀ ਉਠਾਇਆ ਜਾਂਦਾ ਰਹੇਗਾ।












