ਪ੍ਰਣਵੀ ਨੇ ਗੋਲਫ ‘ਚ ਸੋਨ ਤਗ਼ਮਾ ਜਿੱਤ ਕੇ ਇਤਿਹਾਸ ਰਚਿਆ

ਸੰਸਾਰ ਖੇਡਾਂ ਪੰਜਾਬ

ਨਾਗੋਆ 4 ਅਕਤੂਬਰ ,ਬੋਲੇ ਪੰਜਾਬ ਬਿਊਰੋ;

ਪ੍ਰਣਵੀ ਉਰਸ ਨੇ ਅੱਜ ਏਸ਼ਿਆਈ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਗੋਲਫਰ ਬਣ ਕੇ ਇਤਿਹਾਸ ਸਿਰਜ ਦਿੱਤਾ। ਉਸ ਨੇ ਰਾਤ ਭਰ ਨਾ ਸੌਣ ਕਾਰਨ ਹੋਈ ਥਕਾਵਟ ਨੂੰ ਦੂਰ ਕਰਦਿਆਂ ਮਾਮੂਲੀ ਜਿਹੀ ਇੱਕ-ਸਟਰੋਕ ਦੀ ਲੀਡ ਬਣਾ ਕੇ ਰੱਖੀ। ਇਸ ਨਾਲ ਦੇਸ਼ ਨੂੰ ਟੀਮ ਸਿਲਵਰ ਜਿੱਤਣ ਵਿੱਚ ਵੀ ਮਦਦ ਮਿਲੀ ਅਤੇ 44 ਸਾਲਾਂ ਵਿੱਚ ਇਸ ਮੁਕਾਬਲੇ ਦਾ ਆਪਣਾ ਸਭ ਤੋਂ ਵਧੀਆ ਪ੍ਰਦਰਸ਼ਨ ਪੂਰਾ ਕੀਤਾ।

ਮੈਸੂਰ ਦੀ ਰਹਿਣ ਵਾਲੀ 23 ਸਾਲਾ ਖਿਡਾਰਨ ਨੇ ਤੀਜੇ ਹੋਲ ’ਤੇ ਭਿਆਨਕ ਤੀਹਰੀ ਬੋਗੀ ਤੋਂ ਉੱਭਰਨ ਲਈ ਤਿੰਨ ਬਰਡੀਜ਼ ਲਾਈਆਂ, ਜਿਸ ਨਾਲ ਉਸ ਦੀ ਰਾਤੋ-ਰਾਤ ਦੀ ਤਿੰਨ ਸਟਰੋਕ ਦੀ ਲੀਡ ਖ਼ਤਮ ਹੋ ਗਈ ਸੀ। ਆਖ਼ਰੀ ਗੇੜ ਵਿੱਚ ਈਵਨ-ਪਾਰ 70 ਦੇ ਸਕੋਰ ਨਾਲ ਉਸ ਨੇ ਚਾਰ ਦਿਨਾਂ ਲਈ ਕੁੱਲ 15-ਅੰਡਰ 265 ਦੇ ਸਕੋਰ ਨਾਲ ਸਮਾਪਤੀ ਕੀਤੀ, ਜੋ ਬਾਕੀ ਖਿਡਾਰੀਆਂ ਤੋਂ ਇੱਕ ਸਟਰੋਕ ਅੱਗੇ ਸੀ। ਚੀਨ ਦੀ ਯਿਨ ਰੂਨਿੰਗ (67) ਨੇ ਚਾਂਦੀ ਦਾ ਤਗ਼ਮਾ ਜਿੱਤਿਆ ਅਤੇ ਸਿੰਗਾਪੁਰ ਦੀ ਸ਼ੈਨਨ ਟਾਨ (68) ਨੇ ਪਲੇਆਫ ਤੋਂ ਬਾਅਦ ਕਾਂਸੀ ਦਾ ਤਗ਼ਮਾ ਜਿੱਤਿਆ ਕਿਉਂਕਿ ਦੋਵਾਂ ਦਾ ਸਮੁੱਚਾ ਸਕੋਰ 266 ਰਿਹਾ, ਜੋ ਚੋਟੀ ਦੀਆਂ ਤਿੰਨਾਂ ਖਿਡਾਰਨਾਂ ਲਈ ਬਹੁਤ ਤਣਾਅਪੂਰਨ ਅੰਤ ਸੀ। ਇਸ ਇਤਿਹਾਸਕ ਜਿੱਤ ਤੋਂ ਬਾਅਦ ਖ਼ੁਸ਼ੀ ’ਚ ਖੀਵੀ ਪ੍ਰਣਵੀ ਨੇ ਕਿਹਾ, ‘‘ਮੈਨੂੰ ਸਭ ਤੋਂ ਪਹਿਲਾਂ ਕੁਝ ਕਰਨ ਵਾਲੀ ਬਣਨਾ ਪਸੰਦ ਹੈ। ਲੋਕ ਹੋਰ ਵੀ ਅੱਗੇ ਆਉਣਗੇ ਪਰ ਪਹਿਲਾ ਮੁਕਾਮ ਹਮੇਸ਼ਾ ਪਹਿਲਾ ਹੀ ਰਹਿੰਦਾ ਹੈ।’’ਪ੍ਰਣਵੀ ਦੇ ਇਸ ਪ੍ਰਦਰਸ਼ਨ ਵਿੱਚ ਆਖ਼ਰੀ ਗੇੜ ’ਚ 6ਵੇਂ, 10ਵੇਂ ਅਤੇ 13ਵੇਂ ਹੋਲ ’ਤੇ ਲਾਈਆਂ ਗਈਆਂ ਬਰਡੀਜ਼ ਵੀ ਸ਼ਾਮਲ ਸਨ, ਜਿਸ ਨੇ ਭਾਰਤ ਨੂੰ ਟੀਮ ਸਿਲਵਰ ਦਿਵਾਉਣ ਵਿੱਚ ਵੀ ਅਹਿਮ ਭੂਮਿਕਾ ਨਿਭਾਈ। ਟੀਮ ਦੀਆਂ ਹੋਰ ਮੈਂਬਰਾਂ ਆਦਿਤੀ ਅਸ਼ੋਕ (ਆਖ਼ਰੀ ਗੇੜ ’ਚ 67) ਅਤੇ ਦੀਕਸ਼ਾ ਡਾਗਰ (ਆਖ਼ਰੀ ਗੇੜ ਵਿੱਚ 77) ਸਨ। ਆਦਿਤੀ ਅਸ਼ੋਕ ਨੇ ਆਖਰੀ ਗੇੜ ਵਿੱਚ 67 ਦਾ ਸਕੋਰ ਬਣਾਇਆ, ਜਿਸ ਵਿੱਚ ਬੈਕ ਨਾਈਨ (ਪਿਛਲੇ ਨੌਂ ਹੋਲਾਂ) ਵਿੱਚ ਲਗਾਤਾਰ ਛੇ ਬਰਡੀਜ਼ ਸ਼ਾਮਲ ਸਨ। ਉਹ 14ਵੇਂ ਸਥਾਨ ’ਤੇ ਰਹੀ ਜਦੋਂ ਕਿ ਦੀਕਸ਼ਾ ਡਾਗਰ ਟੀ-23 (ਸਾਂਝੇ ਤੌਰ ’ਤੇ 23ਵੇਂ) ਸਥਾਨ ’ਤੇ ਰਹੀ।ਟੀਮ ਮੁਕਾਬਲੇ ਵਿੱਚ, 538 ਦੇ ਕੁੱਲ ਸਕੋਰ ਨਾਲ ਚੀਨ ਪਹਿਲੇ, 546 ਨਾਲ ਭਾਰਤ ਦੂਜੇ ਅਤੇ ਚੀਨੀ ਤੈਪਈ (560) ਤੀਜੇ ਸਥਾਨ ’ਤੇ ਰਿਹਾ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।