ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਮਹਿਲਾ ਸਟਾਫ਼ ਨੇ ਲਾਈ ਤੀਆਂ ਤੀਜ ਦੀਆਂ ਦੀ ਵਿਰਾਸਤੀ ਛਹਿਬਰ

ਚੰਡੀਗੜ੍ਹ ਪੰਜਾਬ

ਐਸ.ਏ.ਐਸ ਨਗਰ (ਮੋਹਾਲੀ), 8 ਅਗਸਤ,ਬੋਲੇ ਪੰਜਾਬ ਬਿਊਰੋ :

ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਵਿਕਾਸ ਭਵਨ, ਮੋਹਾਲੀ ਦੇ ਮਹਿਲਾ ਸਟਾਫ਼ ਵੱਲੋਂ ਅੱਜ ਇੱਥੇ ‘ਤੀਆਂ ਤੀਜ ਦੀਆਂ’ ਤਿਉਹਾਰ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ ਗਿਆ।

ਕੁਦਰਤ ਦੀ ਨਿਆਮਤ ਅਤੇ ਸੁਹਾਵਣੇ ਮਾਨਸੂਨ ਦੀ ਆਮਦ ਦੇ ਪ੍ਰਤੀਕ ਇਸ ਤਿਉਹਾਰ ਦੌਰਾਨ ਰਵਾਇਤੀ ਪੰਜਾਬੀ ਪਹਿਰਾਵੇ ਵਿੱਚ ਸਜੀਆਂ ਸਾਰੀਆਂ ਮਹਿਲਾ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਵੱਖ-ਵੱਖ ਪੰਜਾਬੀ ਲੋਕ ਗੀਤਾਂ ਦੀਆਂ ਧੁਨਾਂ ‘ਤੇ ਗਿੱਧੇ ਅਤੇ ਭੰਗੜੇ ਦੀਆਂ ਪੇਸ਼ਕਾਰੀਆਂ ਦਿੱਤੀਆਂ ਗਈਆਂ। ਪ੍ਰੋਗਰਾਮ ਵਿੱਚ ਢੋਲ ਦੀ ਤਾਲ ‘ਤੇ ਵਿਰਾਸਤੀ ਲੋਕ ਗੀਤਾਂ ਅਤੇ ਲੋਕ ਨਾਚਾਂ ਦੀਆਂ ਪੇਸ਼ਕਾਰੀਆਂ ਵੀ ਦਿੱਤੀਆਂ ਗਈਆਂ।

ਪੰਜਾਬੀ ਅਤੇ ਹਿੰਦੀ ਗੀਤਾਂ ‘ਤੇ ਦਿਲ ਖਿੱਚਵੀਆਂ ਨਾਚ ਪੇਸ਼ਕਾਰੀਆਂ ਨੇ ਜਿੱਥੇ ਵੇਖਣ ਵਾਲਿਆਂ ਦਾ ਮਨ ਮੋਹਿਆ, ਉਥੇ ਨਾਲ ਹੀ ਲੋਕ ਗੀਤਾਂ ਨੇ ਸੂਬੇ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਉਜਾਗਰ ਕੀਤਾ।

ਸਮਾਗਮ ਦੌਰਾਨ ਵਿਰਾਸਤੀ ਵਸਤਾਂ ਦੀ ਨੁਮਾਇਸ਼ ਵੀ ਲਗਾਈ ਗਈ, ਜਿਨ੍ਹਾਂ ਵਿੱਚ ਚਰਖੇ, ਲਹਿੰਗੇ, ਫੁਲਕਾਰੀਆਂ, ਪੱਖੀਆਂ, ਪੀਘਾਂ ਝੂਟਦੀਆਂ ਤੇ ਫੁਲਕਾਰੀ ਕੱਢਦੀਆਂ ਸੁਆਣੀਆਂ ਨੂੰ ਬਾਖ਼ੂਬੀ ਦਰਸਾਇਆ ਗਿਆ। ਸੂਬੇ ਦੀਆਂ ਅਮੀਰ ਕਲਾਤਮਕ ਪਰੰਪਰਾਵਾਂ ਨੂੰ ਉਜਾਗਰ ਕਰਦਿਆਂ ਇਨ੍ਹਾਂ ਸੱਭਿਆਚਾਰਕ ਰਵਾਇਤਾਂ ਨੂੰ ਬਹੁਤ ਵਧੀਆ ਢੰਗ ਨਾਲ ਪ੍ਰਦਰਸ਼ਿਤ ਕੀਤਾ ਗਿਆ।

ਸਮਾਗਮ ਵਿੱਚ ਸ਼ਮੂਲੀਅਤ ਕਰਨ ਵਾਲੇ ਸਮੂਹ ਸਟਾਫ਼ ਨੇ ਇਕਸੁਰ ਹੋ ਕੇ ਕਿਹਾ ਕਿ ਅਜਿਹੇ ਸਮਾਗਮ ਸਾਡੇ ਸੂਬੇ ਅਤੇ ਦੇਸ਼ ਦੀਆਂ ਪਰੰਪਰਾਵਾਂ ਅਤੇ ਸੱਭਿਆਚਾਰਕ ਭਿੰਨਤਾਵਾਂ ਨੂੰ ਬਰਕਰਾਰ ਰੱਖਣ ਵਿੱਚ ਤਾਂ ਸਹਾਈ ਹੁੰਦੇ ਹੀ ਹਨ, ਇਸ ਦੇ ਨਾਲ ਹੀ ਇਹ ਰੋਜ਼ਾਨਾ ਦੇ ਦਫ਼ਤਰੀ ਕੰਮਕਾਜ ਪ੍ਰਤੀ ਹੋਰ ਉਤਸ਼ਾਹ ਵੀ ਪੈਦਾ ਕਰਦੇ ਹਨ।

Leave a Reply

Your email address will not be published. Required fields are marked *