ਗੱਲੀਂ ਜੋਗ ਨ ਹੋਏ!
ਅੱਤ ਤੇ ਅੰਤ ਵਿੱਚ ਬਿੰਦੀ ਤੇ ਟਿੱਪੀ ਦਾ ਹੀ ਫ਼ਰਕ ਹੈ, ਪਰ ਅਰਥਾਂ ਵਿੱਚ ਵੱਡਾ ਅੰਤਰ ਹੈ। ਜਿਹੜਾ ਮਨੁੱਖ ਅੱਤ ਚੁੱਕਦਾ ਹੈ, ਉਸਦਾ ਅੰਤ ਵੀ ਛੇਤੀ ਆਉਂਦਾ ਹੈ। ਇਸੇ ਲਈ ਕਹਾਵਤ ਹੈ—“ਆਪਣਾ ਪੈਸਾ ਹੀ ਖੋਟਾ ਹੋਵੇ ਤਾਂ ਬਾਣੀਏ ਦਾ ਕੀ ਦੋਸ਼?” ਦੂਜਿਆਂ ਨਾਲ਼ ਝਗੜਨ ਤੋਂ ਪਹਿਲਾਂ ਆਪਣੀ ਪੀੜ੍ਹੀ ਹੇਠ ਸੋਟਾ ਫੇਰਨ ਦੀ ਲੋੜ ਹੁੰਦੀ ਹੈ। ਪਰ ਅਸੀਂ ਇਹ ਕੰਮ ਨਹੀਂ ਕਰਦੇ, ਡਰਦੇ ਹਾਂ।
ਅਸੀਂ ਅਕਸਰ ਪਸ਼ੂਆਂ ਵਾਂਗ ਬੇਗਾਨੀਆਂ ਖੁਰਲੀਆਂ ਵਿੱਚ ਮੂੰਹ ਮਾਰਦੇ ਰਹਿੰਦੇ ਹਾਂ ਅਤੇ ਆਪਣੇ ਮੂਹਰੇ ਪਏ ਪੱਠਿਆਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ। ਮਨੁੱਖੀ ਬਿਰਤੀ ਵੀ ਕਈ ਵਾਰ ਤਿੱਤਲੀ ਵਰਗੀ ਹੈ। ਤਿੱਤਲੀ ਇੱਕ ਫੁੱਲ ਤੋਂ ਦੂਜੇ ਫੁੱਲ ਅਤੇ ਦੂਜੇ ਤੋਂ ਤੀਜੇ ਵੱਲ ਜਾਂਦੀ ਹੈ। ਉਹ ਕਿਸੇ ਇੱਕ ਫੁੱਲ ’ਤੇ ਕਬਜ਼ਾ ਨਹੀਂ ਕਰਦੀ; ਰਸ ਲੈਂਦੀ ਹੈ ਤੇ ਅੱਗੇ ਉੱਡ ਜਾਂਦੀ ਹੈ। ਪਰ ਮਨੁੱਖੀ ਸੁਭਾਅ ਅਕਸਰ ਰਸ ਮਾਣਨ ਦੀ ਥਾਂ ਕਬਜ਼ਾ ਕਰਨ ਵੱਲ ਦੌੜਦਾ ਹੈ।
ਗੁਰਬਖ਼ਸ਼ ਸਿੰਘ ਪ੍ਰੀਤਲੜੀ ਦਾ ਕਥਨ ਹੈ—“ਪਿਆਰ ਕਬਜ਼ਾ ਨਹੀਂ, ਪਹਿਚਾਣ ਹੈ।” ਪਰ ਮਨੁੱਖ ਜਾਣ-ਪਛਾਣ ਨੂੰ ਵੀ ਕਬਜ਼ੇ ਦਾ ਰਸਤਾ ਬਣਾ ਲੈਂਦਾ ਹੈ। ਬੇਗਾਨੀ ਜ਼ਮੀਨ ਜਾਂ ਕਿਸੇ ਮਨੁੱਖ ਉੱਤੇ ਜ਼ਬਰਦਸਤੀ ਕਬਜ਼ਾ ਕਰਨਾ ਅਤੇ ਉਸਨੂੰ ਕਾਇਮ ਰੱਖਣਾ ਕੋਈ ਸੌਖਾ ਕੰਮ ਨਹੀਂ। ਕਬਜ਼ਾ ਜਿੰਨਾ ਵੱਡਾ ਹੁੰਦਾ ਹੈ, ਉਸਦੀ ਰਾਖੀ ਦੀ ਚਿੰਤਾ ਵੀ ਓਨੀ ਹੀ ਵੱਡੀ ਹੁੰਦੀ ਹੈ।
ਕੋਈ ਕੰਮ ਆਪਣੇ ਆਪ ਵਿੱਚ ਚੰਗਾ ਜਾਂ ਮਾੜਾ ਨਹੀਂ ਹੁੰਦਾ; ਮਨੁੱਖ ਦੀ ਨੀਅਤ, ਸੋਚ ਅਤੇ ਵਰਤੋਂ ਉਸਨੂੰ ਚੰਗਾ ਜਾਂ ਮਾੜਾ ਬਣਾਉਂਦੀ ਹੈ। ਇਸੇ ਤਰ੍ਹਾਂ ਕਿਤਾਬ ਵੀ ਆਪਣੇ ਆਪ ਵਿੱਚ ਚੰਗੀ ਜਾਂ ਮਾੜੀ ਨਹੀਂ ਹੁੰਦੀ। ਪੜ੍ਹਨ ਵਾਲੇ ਦੀ ਸੋਚ ਉਸ ਵਿੱਚੋਂ ਕੀ ਗ੍ਰਹਿਣ ਕਰਦੀ ਹੈ, ਇਹ ਵੱਡੀ ਗੱਲ ਹੈ। ਮਨੁੱਖ ਸਿਰਫ਼ ਕਿਤਾਬਾਂ ਨਹੀਂ ਪੜ੍ਹਦਾ, ਸਗੋਂ ਕਿਤਾਬਾਂ ਵੀ ਮਨੁੱਖ ਨੂੰ ਪੜ੍ਹਦੀਆਂ ਹਨ।
ਗਿਆਨ ਸਿਰਫ਼ ਡਿਗਰੀਆਂ ਨਾਲ ਨਹੀਂ ਆਉਂਦਾ। ਸਮਾਜ ਦੀ ਸਮਝ ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਨਾਲ਼ ਮੱਥਾ ਲਾਉਣ ਤੋਂ ਪੈਦਾ ਹੁੰਦੀ ਹੈ। ਬਹੁਤਿਆਂ ਕੋਲ ਡਿਗਰੀਆਂ ਹਨ, ਪਰ ਜੀਵਨ ਨੂੰ ਪੜ੍ਹਨ ਦੀ ਸਮਰੱਥਾ ਨਹੀਂ। ਕਈ ਅਨਪੜ੍ਹ ਲੋਕ ਵੀ ਆਪਣੇ ਸਮੇਂ ਦੇ ਵੱਡੇ ਚਿੰਤਕ ਹੁੰਦੇ ਹਨ।
ਇੱਕ ਬਿਜਲੀ ਦੀ ਤਾਰ ਵਿੱਚ ਕਰੰਟ ਹੋਵੇ, ਫਿਰ ਵੀ ਉਹ ਇਕੱਲੀ ਕਿਸੇ ਕੰਮ ਦੀ ਨਹੀਂ ਜਦ ਤੱਕ ਸਰਕਟ ਪੂਰਾ ਨਾ ਹੋਵੇ। ਦੀਵਾ ਵੀ ਇਕੱਲਾ ਚਾਨਣ ਨਹੀਂ ਕਰਦਾ; ਉਸਨੂੰ ਤੇਲ, ਬੱਤੀ ਅਤੇ ਅੱਗ ਦੀ ਲੋੜ ਹੁੰਦੀ ਹੈ। ਇਸੇ ਤਰ੍ਹਾਂ ਮਨੁੱਖ ਕੋਲ ਗਿਆਨ, ਸਾਧਨ ਅਤੇ ਸਮਰੱਥਾ ਹੋਣ ਦੇ ਬਾਵਜੂਦ ਜੇ ਸਮਾਜ ਲਈ ਚਾਨਣ ਕਰਨ ਵਾਲੀ ਸੋਚ ਨਹੀਂ, ਤਾਂ ਇਹ ਸਭ ਕੁਝ ਅਧੂਰਾ ਹੈ। ਦੀਵੇ ਦਾ ਤੇਲ ਤੇ ਬੱਤੀ ਹੀ ਨਹੀਂ, ਬੰਦੇ ਦੀ ਸੋਚ ਵੀ ਬਲਣੀ ਚਾਹੀਦੀ ਹੈ। ਤਦੋਂ ਹੀ ਗਿਆਨ ਦੀ ਰੌਸ਼ਨੀ ਪੈਦਾ ਹੁੰਦੀ ਹੈ।
ਨੀੰਦ ਮਖ਼ਮਲੀ ਬਿਸਤਰਿਆਂ ਉੱਤੇ ਹੀ ਨਹੀਂ ਆਉਂਦੀ; ਸੂਲਾਂ ਉੱਤੇ ਵੀ ਆ ਸਕਦੀ ਹੈ। ਮਾਛੀਵਾੜੇ ਦੇ ਜੰਗਲਾਂ ਵਿੱਚ ਸੂਲਾਂ ਤੇ ਛਵੀਆਂ ਦੀ ਛਾਂ ਹੇਠਾਂ ਸੌਣ ਵਾਲਾ ਅਤੇ ਫਿਰ “ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ” ਕਹਿਣ ਵਾਲਾ ਕੋਈ ਆਮ ਮਨੁੱਖ ਨਹੀਂ ਹੋ ਸਕਦਾ। ਉਹ ਮਨੁੱਖੀ ਹੌਸਲੇ ਦੀ ਉੱਚੀ ਮਿਸਾਲ ਹੈ। ਪਰ ਅੱਜ ਸਾਡੀ ਤ੍ਰਾਸਦੀ ਇਹ ਹੈ ਕਿ ਅਕਲ ਵਾਲੇ ਪਿੱਛੇ ਹਨ ਅਤੇ ਅਕਲਹੀਣ ਅੱਗੇ। ਸ਼ਕਲਾਂ ਤੇ ਅਕਲਾਂ ਵਾਲੇ ਭੁੱਖ-ਨੰਗ ਨਾਲ ਘੁਲ ਰਹੇ ਹਨ ਅਤੇ ਕਈ ਬੇਸਮਝ ਲੋਕ ਸੱਤਾ ਦੇ ਸਿੰਘਾਸਨਾਂ ਉੱਤੇ ਬੈਠੇ ਹਨ।
ਸਵਾਲ ਇਹ ਹੈ ਕਿ ਅਕਲ ਸਾਨੂੰ ਕਦੋਂ ਆਵੇਗੀ? ਅਸੀਂ ਅਜੇ ਵੀ ਆਪਣੀਆਂ ਪੱਗਾਂ, ਪਛਾਣਾਂ ਅਤੇ ਅਤੀਤ ਦੀਆਂ ਕਹਾਣੀਆਂ ਵਿੱਚ ਸਿਰ ਫਸਾ ਕੇ ਆਪਣੀ ਵਰਤਮਾਨ ਲਾਸ਼ ਚੁੱਕੀ ਫਿਰਦੇ ਹਾਂ ਅਤੇ ਆਖਦੇ ਹਾਂ ਕਿ “ਅਸੀਂ ਜਿਉਂਦੇ ਹਾਂ?”
ਇਹਨਾਂ ਸਮਿਆਂ ਵਿੱਚ ਕੀ ਨਹੀਂ ਹੋ ਰਿਹਾ? ਸਭ ਕੁਝ ਅੱਖਾਂ ਸਾਹਮਣੇ ਹੈ, ਪਰ ਲੋਕ ਚੁੱਪ ਹਨ। ਲੁੱਟਣ ਵਾਲੇ ਸਰਗਰਮ ਹਨ ਅਤੇ ਲੁੱਟੇ ਜਾਣ ਵਾਲੇ ਨਰਮ। ਫਿਰ ਵੀ ਉਹ ਆਪਣੇ ਆਪ ਨੂੰ ਸੂਰਮੇ ਆਖਦੇ ਹਨ।
ਉਹ ਅਤੀਤ ਦੇ ਗੌਰਵ ਦੀਆਂ ਗੱਲਾਂ ਕਰਦੇ ਹਨ ਪਰ ਵਰਤਮਾਨ ਵਿੱਚ ਆਪਣੇ ਹੱਕਾਂ ਲਈ ਖੜ੍ਹਨ ਤੋਂ ਡਰਦੇ ਹਨ। ਜੇ ਭਵਿੱਖ ਦੀ ਸੱਚੀ ਚਿੰਤਾ ਹੁੰਦੀ ਤਾਂ ਅਸੀਂ ਮਾਇਆ ਦੇ ਮੋਹ ਵਿੱਚ ਆਪਣਾ ਆਲਾ-ਦੁਆਲਾ ਨਾ ਉਜਾੜਦੇ।
ਅਸੀਂ ਆਪਣੀ ਹਵਾ, ਪਾਣੀ ਤੇ ਧਰਤੀ ਨੂੰ ਗੰਧਲਾ ਕੀਤਾ। ਕੁਦਰਤ ਦੀ ਲੁੱਟ ਕੀਤੀ। ਖੇਤੀ ਨੂੰ ਸੰਕਟ ਵਿੱਚ ਧੱਕਿਆ। ਮਨੁੱਖੀ ਰਿਸ਼ਤਿਆਂ ਨੂੰ ਵੀ ਬਾਜ਼ਾਰ ਦੀ ਵਸਤੂ ਬਣਾਉਣ ਲੱਗ ਪਏ। ਜਦੋਂ ਤੱਕ ਕੁਦਰਤ ਅਤੇ ਸਮਾਜ ਸਾਨੂੰ ਸਹਾਰਾ ਦਿੰਦੇ ਰਹੇ, ਅਸੀਂ ਉਸਦੀ ਕਦਰ ਨਾ ਕੀਤੀ। ਹੁਣ ਜਦੋਂ ਨਤੀਜੇ ਸਾਹਮਣੇ ਆ ਰਹੇ ਹਨ ਤਾਂ ਚੀਕਾਂ ਮਾਰ ਰਹੇ ਹਾਂ।
ਪਰ ਹੁਣ ਸਵਾਲ ਸਿਰਫ਼ ਸਰਕਾਰਾਂ ਦਾ ਨਹੀਂ। ਸਵਾਲ ਸਾਡੀ ਆਪਣੀ ਸੋਚ ਦਾ ਵੀ ਹੈ। ਅਸੀਂ ਕਿਹੜੀਆਂ ਤਾਕਤਾਂ ਨੂੰ ਸੱਤਾ ਦਿੱਤੀ? ਕਿਹੜੇ ਲੋਕਾਂ ਨੂੰ ਆਪਣੀ ਆਵਾਜ਼ ਬਣਾਇਆ? ਕਿਹੜੀਆਂ ਨੀਤੀਆਂ ਨੂੰ ਚੁੱਪਚਾਪ ਸਵੀਕਾਰ ਕੀਤਾ? ਅਤੇ ਜਦੋਂ ਨਤੀਜੇ ਸਾਡੇ ਸਾਹਮਣੇ ਆਏ ਤਾਂ ਜ਼ਿੰਮੇਵਾਰੀ ਕਿਸੇ ਹੋਰ ਦੇ ਸਿਰ ਮੜ੍ਹ ਦਿੱਤੀ।
ਅੱਜ ਪੰਜਾਬ ਦੀ ਸਿਆਸਤ ਵਿੱਚ ਸੱਤਾ, ਸਰਮਾਇਆ ਅਤੇ ਲੋਕ-ਹਿੱਤ ਵਿਚਕਾਰ ਵਧ ਰਿਹਾ ਫ਼ਾਸਲਾ ਗੰਭੀਰ ਚਿੰਤਾ ਦਾ ਵਿਸ਼ਾ ਹੈ। ਵੱਡੀਆਂ ਰਾਜਨੀਤਕ ਖੇਡਾਂ ਨੂੰ ਸਮਝਣ ਲਈ ਸਿਰਫ਼ ਭਾਵਨਾਵਾਂ ਨਹੀਂ, ਸਿਆਸੀ ਸੂਝ ਵੀ ਚਾਹੀਦੀ ਹੈ। ਹਰ ਘਟਨਾ ਨੂੰ ਕਿਸੇ ਇੱਕ “ਡੀਪ ਸਟੇਟ” ਜਾਂ ਇੱਕੋ ਸਾਜ਼ਿਸ਼ ਨਾਲ ਜੋੜ ਦੇਣਾ ਵੀ ਸਮੱਸਿਆ ਦਾ ਹੱਲ ਨਹੀਂ। ਅਸਲ ਸਵਾਲ ਇਹ ਹੈ ਕਿ ਸਾਡੇ ਆਪਣੇ ਫ਼ੈਸਲੇ, ਸਾਡੀਆਂ ਕਮਜ਼ੋਰੀਆਂ ਅਤੇ ਸਾਡੀ ਰਾਜਨੀਤਕ ਬੇਸਮਝੀ ਨੇ ਇਸ ਹਾਲਤ ਨੂੰ ਕਿੰਨਾ ਜਨਮ ਦਿੱਤਾ?
ਜਿਨ੍ਹਾਂ ਨੇ ਸੱਤਾ ਹਾਸਲ ਕਰਨ ਲਈ ਆਪਣੇ ਹੱਥੀਂ ਕੰਡੇ ਬੀਜੇ, ਅੱਜ ਉਹੀ ਕੰਡੇ ਚੁੱਭ ਰਹੇ ਹਨ। ਪਰ ਅਫ਼ਸੋਸ ਹੈ ਕਿ ਕਈ ਸਿਆਸੀ ਆਗੂ ਅਜੇ ਵੀ ਤਮਾਸ਼ਾ ਦੇਖ ਰਹੇ ਹਨ। ਆਪਣੇ ਘਰ ਭਰ ਲਏ, ਪਰ ਲੋਕਾਂ ਦੇ ਘਰ ਖਾਲੀ ਹੋ ਗਏ।
ਹੁਣ ਕਿਸੇ ਨੂੰ ਤਾਂ ਇਹ ਕਹਿਣਾ ਪਵੇਗਾ ਕਿ ਸੱਤਾ ਲੋਕਾਂ ਦੀ ਮਾਲਕੀ ਹੈ, ਕਿਸੇ ਪਰਿਵਾਰ, ਪਾਰਟੀ ਜਾਂ ਆਗੂ ਦੀ ਜਗੀਰ ਨਹੀਂ। ਜਿਹੜੀ ਸਿਆਸਤ ਲੋਕਾਂ ਦੀ ਆਰਥਿਕਤਾ, ਵਾਤਾਵਰਨ, ਰੁਜ਼ਗਾਰ, ਸਿੱਖਿਆ ਅਤੇ ਸਮਾਜਿਕ ਹੋਂਦ ਨੂੰ ਕਮਜ਼ੋਰ ਕਰੇ, ਉਸ ’ਤੇ ਸਵਾਲ ਕਰਨਾ ਲੋਕਤੰਤਰ ਦਾ ਫ਼ਰਜ਼ ਹੈ।
ਗੱਲਾਂ ਨਾਲ਼ ਜੋਗ ਨਹੀਂ ਹੁੰਦਾ।
ਚਾਨਣ ਲਈ ਦੀਵਾ ਬਲਣਾ ਪੈਂਦਾ ਹੈ।
ਬਦਲਾਅ ਲਈ ਸੋਚ ਬਦਲਣੀ ਪੈਂਦੀ ਹੈ।
ਤੇ ਸਮਾਜ ਬਚਾਉਣ ਲਈ ਆਪੋ ਆਪਣੀ ਪੀੜ੍ਹੀ ਹੇਠਾਂ ਸੋਟਾ ਪਹਿਲਾਂ ਆਪ ਫੇਰਨਾ ਪੈਂਦਾ ਹੈ।
+++
ਬੁੱਧ ਸਿੰਘ ਨੀਲੋਂ
9464370823












