ਅਸਮਾਨੀ ਬਿਜਲੀ ਡਿੱਗਣ ਕਾਰਨ 8 ਲੋਕਾਂ ਦੀ ਮੌਤ
ਨਵੀਂ ਦਿੱਲੀ, 8 ਅਗਸਤ,ਬੋਲੇ ਪੰਜਾਬ ਬਿਊਰੋ :
ਦੇਸ਼ ਦੇ ਲਗਭਗ ਸਾਰੇ ਰਾਜਾਂ ਵਿੱਚ ਬਰਸਾਤ ਦਾ ਦੌਰ ਜਾਰੀ ਹੈ। ਬਿਹਾਰ ‘ਚ ਪਿਛਲੇ 24 ਘੰਟਿਆਂ ‘ਚ ਅਸਮਾਨੀ ਬਿਜਲੀ ਡਿੱਗਣ ਕਾਰਨ 8 ਲੋਕਾਂ ਦੀ ਮੌਤ ਹੋ ਗਈ ਹੈ। ਗੰਗਾ, ਬਾਗਮਤੀ ਅਤੇ ਕੋਸੀ ਨਦੀਆਂ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀਆਂ ਹਨ। ਕਟਿਹਾਰ ਦੇ ਬਰਾਰੀ ‘ਚ ਸੁਖਾਈ ਘਾਟ ਤੋਂ ਮਾਤਲੁਧਰ ਵਿਚਕਾਰ 5 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਪੁਲ ਦਾ ਪਿੱਲਰ ਅਤੇ ਪੁਲ ਬੌਕਸ ਗੰਗਾ ‘ਚ ਡੁੱਬ ਗਿਆ।
ਹਿਮਾਚਲ ਪ੍ਰਦੇਸ਼ ‘ਚ ਮੰਡੀ ਦੇ 9 ਮੀਲ ਨੇੜੇ ਤੜਕੇ 3 ਵਜੇ ਚੰਡੀਗੜ੍ਹ-ਮਨਾਲੀ ਨੈਸ਼ਨਲ ਹਾਈਵੇ ‘ਤੇ ਜ਼ਮੀਨ ਖਿਸਕ ਗਈ। ਇੱਕ ਟਰੱਕ ਅਤੇ ਇੱਕ ਪਿਕਅੱਪ ਮਲਬੇ ਵਿੱਚ ਫਸ ਗਏ। ਦੋਵਾਂ ਵਾਹਨਾਂ ਦੇ ਚਾਲਕ ਆਪਣੀ ਜਾਨ ਬਚਾਉਣ ਲਈ ਭੱਜੇ। ਸੂਬੇ ‘ਚ ਪਿਛਲੇ 24 ਘੰਟਿਆਂ ਦੌਰਾਨ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਕਾਰਨ ਚੰਡੀਗੜ੍ਹ-ਮਨਾਲੀ ਹਾਈਵੇਅ ਸਮੇਤ 214 ਸੜਕਾਂ ਬੰਦ ਹਨ।