ਡੀ. ਟੀ . ਐਫ ਵੱਲੋਂ ਇੱਕੋ ਕੈਂਪਸ ਵਿੱਚ ਚੱਲ ਰਹੇ ਪ੍ਰਾਇਮਰੀ ਅਤੇ ਅਪਰ ਪ੍ਰਾਇਮਰੀ ਸਕੂਲਾਂ ਦੀ ਮਰਜਿੰਗ ਦਾ ਵਿਰੋਧ
ਫ਼ਤਿਹਗੜ੍ਹ ਸਾਹਿਬ,8 ਅਗਸਤ ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ):
ਪੰਜਾਬ ਸਰਕਾਰ ਸਿੱਖਿਆ ਵਿਭਾਗ ਵੱਲੋਂ ਕੇਂਦਰ ਸਰਕਾਰ ਦੇ ਹੁਕਮਾਂ ਤੇ ਚਲਦਿਆਂ ਜਿਲਾ ਫਤਹਿਗੜ ਸਾਹਿਬ ਵਿਚਲੇ ਇੱਕ ਹੀ ਚਾਰਦਿਵਾਰੀ ਦੇ ਅੰਦਰ ਚਲਦੇ ਪ੍ਰਾਇਮਰੀ ਅਤੇ ਅਪਰ ਪ੍ਰਾਇਮਰੀ ਸਕੂਲਾਂ ਨੁੰ ਮਰਜ ਕਰਨ ਦੀ ਤਜਵੀਜ ਲਈ ਸਰਵੇ ਕਰਨਾ ਸ਼ੁਰੂ ਕੀਤਾ ਹੈ, ਇਸ ਸਰਵੇ ਲਈ ਜਿਲਾ ਫਤਹਿਗੜ੍ਹ ਸਾਹਿਬ ਨੂੰ ਪਾਇਲਟ ਜਿਲੇ ਵਜੋਂ ਚੁਣਿਆ ਗਿਆ ਹੈ। ਜਿਲੇ ਦੇ ਅਧਿਆਪਕਾਂ ਵੱਲੋਂ ਇਸ ਤਜਵੀਜ਼ ਦਾ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ। ਡੈਮੋਕ੍ਰੈਟਿਕ ਟੀਚਰਜ ਫਰੰਟ ਦੇ ਜਿਲਾ ਪ੍ਰਧਾਨ ਲਖਵਿੰਦਰ ਸਿੰਘ ਅਤੇ ਜਨਰਲ ਸਕੱਤਰ ਜੋਸ਼ੀਲ ਤਿਵਾੜੀ ਨੇ ਦੱਸਿਆ ਕਿ ਸਕੂਲਾਂ ਨੂੰ ਮਰਜ ਕਰਨ ਦੀ ਯੋਜਨਾ ਅਧਿਆਪਕ ਵਿਰੋਧੀ ਅਤੇ ਸਿੱਖਿਆ ਵਿਰੋਧੀ ਹੈ। ਪ੍ਰਾਇਮਰੀ ਅਤੇ ਅਪਰ ਪ੍ਰਾਇਮਰੀ ਦੇ ਵਿਦਿਆਰਥੀਆਂ ਦੀਆਂ ਵਿਦਿਅਕ ਜ਼ਰੂਰਤਾਂ ਬਿਲਕੁਲ ਵੱਖਰੀਆਂ ਹਨ। ਇਸ ਤੋਂ ਇਲਾਵਾ ਅਧਿਆਪਕਾਂ ਦੀ ਸਿਖਲਾਈ ਵੀ ਵਿਦਿਆਰਥੀਆਂ ਦੇ ਪੱਧਰ ਅਨੁਸਾਰ ਹੀ ਦਿੱਤੀ ਗਈ ਹੈ। ਸਕੂਲ ਮਰਜਿੰਗ ਦਾ ਸਿੱਧਾ ਅਸਰ ਸਕੂਲ ਦੀ ਗੁਣਾਤਮਕ ਸਿੱਖਿਆ ਤੇ ਪਵੇਗਾ।ਸਰਕਾਰ ਸਿਰਫ ਭਰਤੀ ਤੋਂ ਬਚਣ ਲਈ ਡੰਗ ਟਪਾਉਣ ਦੀ ਕੋਸ਼ਸ਼ ਕਰ ਰਹੀ ਹੈ। ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਰਾਜਵਿੰਦਰ ਸਿੰਘ ਧਨੋਆ , ਮੀਤ ਪ੍ਰਧਾਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਕੇਂਦਰ ਸਰਕਾਰ ਦੀ ਨਵੀਂ ਸਿੱਖਿਆ ਨੀਤੀ 2020 ਅਨੁਸਾਰ ਸਕੂਲਾਂ ਨੂੰ ਮਰਜ ਕਰਕੇ ਕੰਪਲੈਕਸ ਸਕੂਲ ਸਿਸਟਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਜਿਸ ਅਨੁਸਾਰ ਸਕੂਲਾਂ ਦੀ ਗਿਣਤੀ ਘਟਾਉਣ ਦੀ ਤਜਵੀਜ਼ ਹੈ ਇੱਥੇ ਇਹ ਦੱਸਣਯੋਗ ਹੈ ਕਿ ਸੂਬੇ ਵਿੱਚ ਪ੍ਰਾਇਮਰੀ ਅਤੇ ਅਪਰ ਪ੍ਰਾਇਮਰੀ ਦਾ ਡਾਇਰੈਕਟੋਰੇਟ ਵੀ ਵੱਖਰਾ ਹੈ ਅਤੇ ਇਹ ਇਕ ਤਰ੍ਹਾਂ ਨਾਲ ਅਧਿਆਪਕਾਂ ਦੀਆਂ ਪੋਸਟਾਂ ਘਟਾਓਣ ਅਤੇ ਪ੍ਰਾਇਮਰੀ ਅਧਿਆਪਕਾਂ ਦਾ ਤਰੱਕੀ ਚੈਨਲ ਖਤਮ ਕਰਨ ਦੀ ਪ੍ਰਕਿਰਿਆ ਹੈ। ਪੰਜਾਬ ਸਰਕਾਰ ਕੇਂਦਰ ਸਰਕਾਰ ਦੀ ਸਿੱਖਿਆ ਵਿਰੋਧੀ ਨੀਤੀ ਨੂੰ ਲੁਕਵੇਂ ਰੂਪ ਵਿੱਚ ਲਾਗੂ ਕਰਨ ਜਾ ਰਹੀ ਹੈ । ਜਥੇਬੰਦੀ ਦੇ ਆਗੂਆਂ ਜਤਿੰਦਰ ਸਿੰਘ, ਹਰਿੰਦਰਜੀਤ ਸਿੰਘ ਅਤੇ ਸੁਖਜਿੰਦਰ ਸਿੰਘ ਨੇ ਕਿਹਾ ਕਿ ਜੇਕਰ ਸਿੱਖਿਆ ਅਧਿਕਾਰੀਆਂ ਦੁਆਰਾ ਸਕੂਲਾਂ ਨੂੰ ਮਰਜ਼ ਕਰਨ ਲਈ ਅਧਿਆਪਕਾਂ ਤੇ ਕਿਸੇ ਵੀ ਪ੍ਰਕਾਰ ਦਾ ਕੋਈ ਦਬਾਅ ਪਾਇਆ ਗਿਆ ਜਾਂ ਇਸ ਨੂੰ ਭਵਿੱਖ ਵਿੱਚ ਲਾਗੂ ਕਰਨ ਤੋਂ ਨਾ ਰੋਕਿਆ ਗਿਆ ਤਾਂ ਡੀ ਟੀ ਐਫ ਵੱਲੋਂ ਵੱਡੇ ਪੱਧਰ ਤੇ ਲਾਮਬੰਦੀ ਕਰਕੇ ਸੰਘਰਸ਼ ਕੀਤਾ ਜਾਵੇਗਾ।ਇਸ ਮੌਕੇ ਨਵਜੋਤ ਸਿੰਘ, ਗੁਲਸ਼ਨ ਕੁਮਾਰ,ਅਮਰਜੀਤ ਵਰਮਾਂ, ਬਲਜਿੰਦਰ ਘਈ, ਮਹਿੰਦਰਪਾਲ ਸਿੰਘ, ਅਮਨਦੀਪ ਸਿੰਘ ,ਜਸਵਿੰਦਰ ਸਿੰਘ ਬਧੌਛੀ, ਤੇਜਵੰਤ ਸਿੰਘ, ਅਮਰਿੰਦਰ ਸਿੰਘ, ਕੁਲਵਿਦਰ ਸਿੰਘ ਹਾਜ਼ਰ ਸਨ।